ਗੁਰਬਾਣੀ ਦੀ ਇਹ ਪੰਕਤੀ “ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ” ਦਰਸਾਉਂਦੀ ਹੈ ਕਿ ਜੋ ਪੈਦਾ ਹੋਇਆ ਹੈ ਉਸ ਨੇ ਅੱਜ ਜਾਂ ਕੱਲ ਖਤਮ ਹੋ ਜਾਣਾ ਹੈ ਭਾਵ ਮੌਤ ਹਰੇਕ ਲਈ ਆਉਣੀ ਹੈ , ਸਮਾਂ ਵੱਖ-ਵੱਖ ਹੋ ਸਕਦਾ ਹੈ । ਪਰ ਜਦੋਂ ਮੌਤ ਛੋਟੀ ਉਮਰੇ ਆਉਂਦੀ ਹੈ ਤਾਂ ਉਸ ਨੂੰ ਪਰਿਵਾਰ ਲਈ ਸਹਿਣ ਕਰਨਾ ਔਖਾ ਹੂੰਦਾ ਹੈ ਪਰ ਗੁਰਬਾਣੀ ਦਾ ਆਸਰਾ ਲੈ ਕੇ ਭਾਣਾ ਮੰਨਣਾ ਪੈਂਦਾ ਹੈ । ਇਹੋ ਜਿਹੀ ਦੁੱਖ ਦੀ ਘੜੀ ਮਾ: ਜੋਗਿੰਦਰ ਸਿੰਘ ਦੇ ਪਰਿਵਾਰ ਉੱਪਰ ਆਈ ਜਦੋਂ ਉਨ੍ਹਾਂ ਦਾ ਹੋਣਹਾਰ ਨੋਜਵਾਨ ਬੇਟਾ ਸਿਮਰਨਜੀਤ ਸਿੰਘ ਆਪਣੀ ਡਿਊਟੀ ਤੋਂ ਸਾਮ ਨੂੰ ਘਰ ਆਉਂਦੇ ਸਮੇਂ ਅਚਾਨਕ 11 ਨਵੰਬਰ 2025 ਨੂੰ ਐਕਸੀਡੈਂਟ ਹੋਣ ਕਾਰਨ ਵਿਛੌੜਾ ਦੇ ਗਿਆ । ਉਹ ਬਹੁਤ ਹੀ ਹਸੱਮੁੱਖ , ਆਗਿਆਕਾਰੀ , ਹਲੀਮੀ ਨਾਲ ਭਰਿਆ , ਮਿਹਨਤੀ ਅਤੇ ਨਿੱਘੇ ਸੁਭਾਅ ਵਾਲਾ ਸੀ ।ਉਸ ਦਾ ਜਨਮ 17 ਅਕਤੂਬਰ 1989 ਨੂੰ ਮਾਤਾ ਸ੍ਰੀਮਤੀ ਸੁਖਵਿੰਦਰ ਕੌਰ ਦੀ ਕੁੱਖੋਂ ਹੋਇਆ ਸੀ । ਉਸ ਦਾ ਦੋਸਤਾਨਾ ਸਰਕਲ ਬਹੁਤ ਹੀ ਵਧੀਆ ਦੋਸਤਾਂ ਨਾਲ ਸੀ । ਉਸ ਨੇ ਐਮ.ਏ.,ਬੀ.ਐਡ.,ਪੀ.ਜੀ.ਡੀ.ਸੀ.ਏ.,ਟੈੱਟ ਪਾਸ ਕੀਤੇ ਹੋਏ ਸੀ , ਹੁਣ ਸਰਕਾਰੀ ਨੌਕਰੀ ਦੀ ਉਡੀਕ ਵਿੱਚ ਸੀ ਪਰ ਹੁਣ ਸੁਵਿਧਾ ਕੇਂਦਰ ਗੁਰਦਿੱਤਪੁਰਾ ਵਿਖੇ ਡਿਊਟੀ ਕਰ ਰਿਹਾ ਸੀ ।ਉਸ ਦਾ ਵਿਆਹ ਤਿੰਨ ਕੁ ਸਾਲ ਪਹਿਲਾਂ ਹੀ ਹੋਇਆ ਸੀ ।
ਉਨ੍ਹਾ ਦੇ ਪਿਤਾ ਸ੍ਰ. ਜੋਗਿੰਦਰ ਸਿੰਘ ਜੋ ਸਮਾਜ ਸੇਵਾ ਨੂੰ ਸਮਰਪਿਤ, ਮਿੱਠ-ਬੋਲੜੇ, ਹਲੀਮੀ ਦੇ ਪ੍ਰਤੀਕ, ਸਮੇਂ ਦੇ ਪਾਬੰਦ,ਦੂਜਿਆਂ ਦੇ ਦੁੱਖ ਸੁੱਖ ਦੇ ਭਾਈਵਾਲ,ਕੁਸ਼ਲ ਅਣਥੱਕ ਪ੍ਰਬੰਧਕ ਅਤੇ ਮਿਲਣਸਾਰ ਸੁਭਾਅ ਵਾਲੇ ਇਨਸਾਨ ਹਨ , ਇਸੇ ਸਦਕਾ ਬੇਟੇ ਉੱਪਰ ਆਪਣੇ ਪਿਤਾ ਜੀ ਦੀ ਸਖਸ਼ੀਅਤ ਅੰਦਰਲੇ ਗੁਣਾਂ ਦਾ ਪ੍ਰਭਾਵ ਅੱਵਸ਼ ਦਿਖਾਈ ਦਿੰਦਾ ਸੀ । ਉਨ੍ਹਾ ਨੇ ਬਤੌਰ ਬੀ.ਪੀ.ਈ.ੳ. ਪਟਿਆਲਾ ਜਿਲ੍ਹੇ ਦੇ ਕਈ ਬਲਾਕਾਂ ਵਿੱਚ ਇਮਾਨਦਾਰੀ ਨਾਲ ਮਿਸਾਲੀ ਕੰਮ ਕੀਤਾ ਜਿਸ ਸਦਕਾ ਸਿੱਖਿਆ ਵਿਭਾਗ ਦੇ ਸਾਰੇ ਸਟਾਫ ਨੇ ਅਚਾਨਕ ਹੀ ਉਨ੍ਹਾਂ ਦੇ ਬੇਟੇ ਦੀ ਬੇਵਕਤੀ ਮੌਤ ਦੀ ਖਬਰ ਸੁਣਦਿਆਂ ਭਾਰੀ ਸੋਗ ਮਨਾਇਆ ਗਿਆ ।ਸਵ: ਕਾਕਾ ਸਿਮਰਨਜੀਤ ਸਿੰਘ ਦੇ ਨਮਿੱਤ ਅੰਤਿਮ ਅਰਦਾਸ 21 ਨਵੰਬਰ 2025 ਦਿਨ ਸੁਕਰਵਾਰ ਨੂੰ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਗੁਰੂਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ (ਘੋੜਿਆਂ ਵਾਲਾ) ਨਾਭਾ ਵਿਖੇ ਹੋਵੇਗੀ । ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।
….ਮੇਜਰ ਸਿੰਘ ਨਾਭਾ
