
ਸਿੱਖ ਧਰਮ ਦੀਆਂ ਨੀਹਾਂ ਦੇ ਵਿੱਚ ਜੇ ਗੁਰੂ ਸਾਹਿਬਾਨਾਂ ਦੇ ਪਰਵਾਰਾਂ ਤੇ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਮਜਬੂਤ ਕੀਤਾ ਹੈ ਤਾਂ ਪੰਦਰਾਂ ਸ਼੍ਰੋਮਣੀ ਭਗਤਾਂ ਨੇ ਆਪਣੀ ਬਾਣੀ ਦੇ ਰਾਹੀ ਗੁਰਮਤਿ ਦੀ ਲਹਿਰ ਨੂੰ ਵਿਚਾਰਧਾਰਕ ਤੌਰ ਤੇ ਮਜਬੂਤ ਕੀਤਾ। ਸਤਿਗੁਰੂ ਕਬੀਰ ਜੀ ਦਾ ਨਾਮ ਵੀ ਉਨਾਂ ਵਿੱਚ ਸ਼ੁਮਾਰ ਹੈ ਜਿਹਨਾਂ ਨੇ ਉਨਾਂ ਸਮਿਆਂ ਦੇ ਵਿੱਚ ਮਨੂੰ ਸਿਮਰਤੀ ਦੇ ਵਿਰੁੱਧ ਆਵਾਜ ਬੁਲੰਦ ਕੀਤੀ ਜਦੋਂ ਚਾਰੇ ਪਾਸੇ ਬ੍ਰਾਹਮਣਾਂ ਦਾ ਬੋਲਬਾਲਾ ਸੀ ਉਸ ਸਮੇਂ ਭਾਵੇਂ ਦੇਸ ਵਿੱਚ ਹਕੂਮਤ ਮੁਗਲਾਂ ਦੀ ਸੀ ਪਰ ਬ੍ਰਾਹਮਣਾਂ ਨੇ ਸਮਾਜ ਨੂੰ ਜਾਤਪਾਤ, ਊਚ ਨੀਚ ਤੇ ਫਿਰਕਿਆਂ ਦੇ ਵਿੱਚ ਵੰਡਿਆ ਹੋਇਆ ਸੀ। ਸਮਾਜ ਨੂੰ ਚਾਰ ਵਰਣਾਂ ਦੇ ਵਿੱਚ ਵੰਡਿਆ ਹੋਇਆ ਸੀ। ਸਭ ਤੋਂ ਨੀਵੇਂ ਸ਼ੂਦਰ ਸਨ ਜਿਹਨਾਂ ਦਾ ਜਿਉਣਾ ਬ੍ਰਾਹਮਣਾਂ ਨੇ ਮੁਸਕਿਲ ਕੀਤਾ ਹੋਇਆ ਸੀ। ਉਸ ਸਮੇਂ ਦੇਸ਼ ਦੇ ਵਿੱਚ ਭਗਤੀ ਲਹਿਰ ਚੱਲ ਰਹੀ ਸੀ। ਜਿਹਨਾਂ ਨੇ ਬ੍ਰਾਹਮਣ ਵਿਚਾਰਧਾਰਾ ਦੇ ਵਿਰੁੱਧ ਆਪਣਾ ਝੰਡਾ ਗੱਡਿਆ ਹੋਇਆ ਸੀ। ਸਤਿਗੁਰੂ ਭਗਤ ਕਬੀਰ ਜੀ ਨੇ ਵਰਣ ਵਿਵਸਥਾ ਤੇ ਬ੍ਰਾਹਮਣੀ ਵਿਚਾਰਧਾਰਾ ਦੇ ਵਿਰੁੱਧ ਜੋ ਸ਼ਬਦਾਂ ਦੇ ਰਾਹੀ ਆਖਿਆ ਸੀ, ਏਨਾ ਤਿੱਖਾ ਤੇ ਕੌੜੇ ਸ਼ਬਦ ਕਿਸੇ ਹੋਰ ਭਗਤ ਜਾਂ ਗੁਰੂ ਸਾਹਿਬਾਨਾਂ ਨੇ ਨਹੀਂ ਵਰਤੇ। ਸਤਿਗੁਰੂ ਕਬੀਰ ਜੀ ਨੇ ਤਾਂ ਆਪਣੇ ਆਪ ਨੂੰ ਸਭ ਤੋਂ ਉਤਮ ਤੇ ਸੂਝਵਾਨ ਸਮਝਣ ਵਾਲੇ ਬ੍ਰਾਹਮਣ ਨੂੰ ਸੰਬੋਧਨ ਹੁੰਦਿਆਂ ਜੋ ਆਖਿਆ ਸੀ ਉਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਉਨਾਂ ਦੀ ਬਾਣੀ ਦੀ ਵਿਚਾਰਧਾਰਾ ਮਾਨਵੀ ਸੁਰ ਦੇ ਨਾਲ ਜੁੜੀ ਹੋਣ ਕਰਕੇ ਬਰਾਬਰੀ ਦਾ ਸੰਚਾਰ ਪੈਦਾ ਕਰਦੀ ਸੀ। ਉਨਾਂ ਸਮਿਆਂ ਦੇ ਵਿੱਚ ਬ੍ਰਾਹਮਣਾਂ ਦਾ ਚਾਰੇ ਹੀ ਪਾਸੇ ਕੂਰ ਦਾ ਪਸਾਰਾ ਪੂਰੀ ਤਰਾਂ ਸਿਖਰ ਉਤੇ ਸੀ। ਸ਼ੂਦਰਾਂ ਦਾ ਜੀਵਨ ਨਰਕ ਤੋਂ ਵੀ ਭੈੜਾ ਸੀ। ਸ਼ੂਦਰ ਸਮਾਜ ਦੇ ਲੋਕਾਂ ਨੂੰ ਹਰ ਪੱਖ ਤੋਂ ਨਿਗੂਣਾ ਰੱਖਿਆ ਹੋਇਆ ਸੀ। ਉਹਨਾਂ ਦਾ ਜੀਵਨ ਪਸ਼ੂਆਂ ਦੇ ਨਾਲੋਂ ਵੀ ਬੁਰਾ ਸੀ। ਉਨਾਂ ਦਿਨਾਂ ਦੇ ਵਿੱਚ ਦੇਸ ਦੇ ਦੱਖਣੀ ਇਲਾਕਿਆਂ ਦੇ ਵਿੱਚ ਭਗਤੀ ਲਹਿਰ ਉਠ ਚੁੱਕੀ ਸੀ ਤੇ ਪੰਜਾਬ ਦੇ ਵਿੱਚ ਗੁਰਮਤਿ ਲਹਿਰ ਚੱਲ ਰਹੀ ਸੀ। ਇਸ ਲਹਿਰ ਦੀ ਅਗਵਾਈ ਸਿੱਖ ਕੌਮ ਦੇ ਪਹਿਲੇ ਗੁਰੂ ਨਾਨਕ ਜੀ ਕਰ ਰਹੇ ਸਨ। ਜਿਹਨਾਂ ਦਾ ਜਦੋਂ ਮੇਲ ਹੋਇਆ ਤਾਂ ਇਹਨਾਂ ਦੋਵੇਂ ਲਹਿਰਾਂ ਦੇ ਇਕੱਠੇ ਹੋਣ ਨਾਲ ਸਿੱਖ ਵਿਚਾਰਧਾਰਾ ਜਿਹੜੀ ਬਰਾਬਰੀ, ਜਾਤਪਾਤ ਤੋਂ ਰਹਿਤ ਸੀ ਜਿਸਨੇ ਸੰਗਤ ਪੰਗਤ ਤੇ ਲੰਗਰ ਦੀ ਪ੍ਰਥਾ ਚਲਾ ਕੇ ਮਨੂੰ ਵਾਦੀ ਸੋਚ ਨੂੰ ਚੁਣੌਤੀ ਦਿੱਤੀ ਸੀ। ਸਤਿਗੁਰੂ ਕਬੀਰ ਜੀ ਨੇ ਆਪਣੀ ਬਾਣੀ ਦੇ ਰਾਹੀ ਮਨੁੱਖਤਾ ਤੇ ਬਰਾਬਰੀ ਦੀਆਂ ਗੱਲਾਂ ਹੀ ਨਹੀਂ ਕੀਤੀਆਂ ਸਗੋਂ ਉਨਾਂ ਨੇ ਉਸ ਸਮੇਂ ਦੇ ਬ੍ਰਾਹਮਣਾਂ ਨੂੰ ਇਹ ਵੀ ਆਖਿਆ ਸੀ ਕਿ ਜੇ ਤੁਸੀਂ ਏਨੇ ਹੀ ਪਵਿੱਤਰ ਹੋ ਫੇਰ ਤੁਸੀਂ ਕਿਉਂ ਇਸ ਧਰਤੀ ਉਤੇ ਆਏ ਜਿਸ ਰਸਤੇ ਸ਼ੂਦਰ ਆਏ ਸਨ। ਉਸ ਸਮੇਂ ਏਡੀ ਵੱਡੀ ਗੱਲ ਤੇ ਉਹ ਵੀ ਤਿੱਖੇ ਸ਼ਬਦਾਂ ਵਿੱਚ ਬ੍ਰਾਹਮਣਾਂ ਨੂੰ ਆਖਣਾ ਸੌਖਾ ਨਹੀਂ ਸੀ ਪਰ ਸਤਿਗੁਰੂ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਤੇ ਦੋਹਿਆਂ ਦੇ ਰਾਹੀ ਜੀਵਨ ਦੇ ਹਰ ਪੱਖ ਬਾਰੇ ਬਹੁਤ ਹੀ ਸੱਚੀਆਂ ਤੇ ਸੁੱਚੀਆਂ ਗੱਲਾਂ ਕੀਤੀਆਂ। ਸਤਿਗੁਰੂ ਕਬੀਰ ਜੀ ਨੇ ਕੁੱਝ ਉਸ ਸਮੇਂ ਦੇ ਸਮਾਜ ਵਿੱਚ ਵਾਪਰ ਰਿਹਾ ਸੀ ਉਸਨੂੰ ਬਾਣੀ ਰਾਹੀ ਲਿਖਿਆ। ਨੌ ਸਦੀਆਂ ਬੀਤ ਜਾਣ ਤੋਂ ਬਾਅਦ ਵੀ ਭਾਰਤੀ ਸਮਾਜ ਫੇਰ ਇਕ ਵਾਰ ਉਸ ਦੌਰ ਵਿੱਚ ਪੁੱਜ ਗਿਆ ਹੈ ਜਿਸ ਦੌਰ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਜਿਉਦੇ ਜਾਗਦੇ ਤੇ ਆਪਣੀ ਸ਼ਬਦੀ ਜੰਗ ਲੜ ਰਹੇ ਸਨ। ਅੱਜ ਜਦੋਂ ਸਮਾਜ ਵਿੱਚ ਫਿਰ ਜਾਤ-ਪਾਤ, ਊਚ-ਨੀਚ ਦਾ ਪਸਾਰਾ ਹੋਣਾ ਸ਼ੁਰੂ ਹੋ ਗਿਆ ਹੈ ਤਾਂ ਇਹਨਾਂ ਸਮਿਆਂ ਦੇ ਵਿੱਚ 13ਵੀਂ ਸਦੀ ਦੇ ਸਤਿਗੁਰੂ ਕਬੀਰ ਜੀ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤੇ ਆਲੇ ਦੁਆਲੇ ਝਾਤ ਮਾਰਦੇ ਹਾਂ ਤਾਂ ਇਹਨਾਂ ਦੀ ਬਾਣੀ ਅਤੇ ਇਹਨਾਂ ਦਾ ਜੀਵਨ ਯਾਦ ਆਉਂਦਾ ਹੈ। ਜਿਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਬ੍ਰਾਹਮਣੀ ਵਿਚਾਰਧਾਰਾ ਨੂੰ ਆਪਣੇ ਸ਼ਬਦਾਂ ਅਤੇ ਅਕੀਦਿਆਂ ਨਾਲ ਲਲਕਾਰਿਆ ਸੀ ਜਦੋਂ ਚਾਰੇ ਪਾਸੇ ਸਨਾਤਨੀ ਧਰਮ ਵਾਲਿਆਂ ਦਾ ਬੋਲਬਾਲਾ ਸੀ। ਉਸ ਵੇਲੇ ਸਮਾਜ ਚਾਰ ਵਰਣਾਂ ਦੇ ਵਿੱਚ ਵੰਡਿਆ ਹੋਇਆ ਸੀ ਤੇ ਬ੍ਰਾਹਮਣ ਆਪਣੇ ਆਪ ਨੂੰ ਉਚੀ ਕੁੱਲ ਦੇ ਅਖਵਾਉਂਦੇ ਸਨ ਅਤੇ ਸਭ ਤੋਂ ਨੀਵੀਂ ਜਾਤੀ ਦੇ ਸ਼ੂਦਰਾਂ ਨੂੰ ਉਹ ਸਭ ਤੋਂ ਭੈੜਾ ਆਖਦੇ ਹੀ ਨਹੀਂ ਸਨ ਸਗੋਂ ਉਹਨਾਂ ਦੇ ਜੀਵਨ ਦੇ ਵਿੱਚੋਂ ਜਿਉਣ ਦੀ ਵਿਵਸਥਾ ਨੂੰ ਮਨਫੀ ਕਰ ਦਿੱਤਾ ਸੀ। ਦਲਿਤ ਭਾਈਚਾਰਾ ਨਾ ਤਾਂ ਗਿਆਨ ਹਾਸਲ ਕਰ ਸਕਦਾ ਸੀ ਅਤੇ ਨਾ ਹੀ ਮੰਦਿਰਾਂ ਵਿੱਚ ਪੂਜਾ ਤਾਂ ਕੀ ਉਹਨਾਂ ਮੰਦਿਰਾਂ ਦੇ ਮੂਹਰੇ ਉਸ ਦਾ ਗੁਜ਼ਰਨਾ ਵੀ ਨਾਮੁਮਕਿਨ ਸੀ। ਉਸ ਵੇਲੇ ਦੇ ਪੁਜਾਰੀ ਵਰਗ ਨੇ ਸਮਾਜ ਨੂੰ ਆਪਣੇ ਅਖੌਤੀ ਕਰਮਕਾਡਾਂ ਵਿੱਚ ਬੁਰੀ ਤਰਾਂ ਲਪੇਟਿਆ ਹੋਇਆ ਸੀ ਤੇ ਲੋਕ ਉਹਨਾਂ ਦੀ ਹਰ ਗੱਲ ਨੂੰ ਰੱਬ ਦਾ ਹੁਕਮ ਮੰਨਦੇ ਸਨ ਪਰ ਉਸ ਵੇਲੇ ਚੱਲੀ ਭਗਤੀ ਲਹਿਰ ਨੇ ਮਨੂਵਾਦੀ ਵਿਚਾਰਧਾਰਾ ਨੂੰ ਖੰਡਿਤ ਕਰਦਿਆਂ ਆਪਣੀ ਇੱਕ ਲਹਿਰ ਪੂਰੇ ਦੇਸ਼ ਵਿੱਚ ਚਲਾਈ ਸੀ। ਜਿਸ ਵਿੱਚ ਲਗਭਗ 800 ਭਗਤ ਸ਼ਾਮਲ ਸਨ। ਜਿਨਾ ਵਿੱਚੋਂ 15 ਭਗਤਾਂ ਦੀ ਬਾਣੀ ਨੂੰ ਗੁਰੂ ਸਾਹਿਬਾਨਾਂ ਨੇ ਇਕੱਤਰਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ। ਗੁਰੂ ਨਾਨਕ ਸਾਹਿਬ ਨੇ ਆਪਣੀਆ ਚਾਰ ਉਦਾਸੀਆਂ ਵੇਲੇ ਇਹਨਾਂ ਭਗਤਾਂ ਦੇ ਨਾਲ ਗੋਸ਼ਟੀਆਂ ਕੀਤੀਆਂ ਤੇ ਇਹਨਾਂ ਦੀ ਬਾਣੀ ਨੂੰ ਸੁਣਿਆ, ਵਿਚਾਰਿਆ ਤੇ ਇਕੱਤਰਤ ਕੀਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਉਹਨਾਂ ਨੇ 15 ਸ੍ਰੋਮਣੀ ਭਗਤਾਂ ਨੂੰ ਛੇ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਬਰਾਬਰ ਦਰਜਾ ਦਿੱਤਾ। ਸਤਿਗੁਰੂ ਕਬੀਰ ਜੀ ਗੁਰੂ ਨਾਨਕ ਜੀ ਦੇ ਸਮਕਾਲੀ ਸਨ ਤੇ ਇਹਨਾਂ ਦੀ ਆਪਸ ਵਿੱਚ ਅਕਸਰ ਸੰਗਤ ਵੀ ਹੁੰਦੀ ਰਹਿੰਦੀ ਸੀ। ਸਤਿਗੁਰੂ ਕਬੀਰ ਜੀ ਨੇ ਉੁਹਨਾਂ ਸਮਿਆਂ ਦੇ ਵਿੱਚ ਇਹੋ ਜਿਹੇ ਸ਼ਬਦ ਉਚਾਰੇ ਸਨ ਜੋ ਬ੍ਰਾਹਮਣਾਂ ਦੇ ਮੂੰਹ ਉਤੇ ਚਪੇੜਾਂ ਸਨ। ਸਤਿਗੁਰੂ ਕਬੀਰ ਜੀ ਨੇ ਬ੍ਰਾਹਮਣਾਂ ਨੂੰ ਆਖਿਆ ਸੀ ;
ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ।।
ਤਉ ਆਨ ਬਾਟ ਕਾਹੇ ਨਹੀਂ ਆਇਆ।।
ਤੁਮ ਕਤ ਬ੍ਰਾਹਮਣ ਹਮ ਕਤ ਸੂਦ।।
ਹਮ ਕਤ ਲੋਹੁ ਤੁਮ ਕਤ ਦੂਧ।।
ਅੱਜ ਦੇ ਸਮਿਆਂ ਦੇ ਵਿੱਚ ਸਾਡੇ ਸਮਾਜ ਦੇ ਸੰਤ, ਸਾਧ ਤੇ ਬਹੁਤ ਹਨ ਪਰ ਸਮੇਂ ਦੀ ਹਕੂਮਤ ਨੂੰ ਤੇ ਚੱਲ ਰਹੀ ਮਨੁੱਖਤਾ ਦੇ ਖਿਲਾਫ ਲਹਿਰ ਦੇ ਵਿਰੁੱਧ ਬੋਲਣ ਵਾਲਾ ਕੋਈ ਅਜਿਹਾ ਸੰਤ ਨਜਰ ਨਹੀਂ ਆਉਂਦਾ ਜੋ ਇਸ ਤਰਾਂ ਸੰਬੋਧਨ ਹੋ ਸਕੇ। ਸਤਿਗੁਰੂ ਕਬੀਰ ਜੀ ਦੀ ਕੁੱਝ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਪਰ ਇਸ ਤੋਂ ਬਿਨਾਂ ਬਹੁਤ ਸਾਰੀ ਬਾਣੀ ਵੀ ਜੋ ਧਾਰਮਿਕ ਅਸਥਾਨਾਂ ਦੇ ਉਪਰ ਗਾਈ ਜਾਂਦੀ ਹੈ। ਉਹ ਸੰਤ ਵੀ ਸਨ ਤੇ ਕਲਮ ਦੇ ਧਨੀ ਵੀ ਸਨ। ਉਨਾਂ ਕਿਰਤ ਕਰਕੇ ਆਪਣੇ ਜੀਵਨ ਦਾ ਨਿਰਬਾਹ ਕੀਤਾ ਤੇ ਬਾਣੀ ਰਚੀ। ਉਨਾਂ ਦੀ ਪਤਨੀ ਮਾਤਾ ਲੋਈ ਜੀ ਸਨ ਜੋ ਖੁਦ ਵੀ ਬਹੁਤ ਗਿਆਨਵਾਨ ਸਨ। ਉਨਾਂ ਨੇ ਆਪਣੀ ਸਾਰੀ ਜਿੰਦਗੀ ਮਨੁੱਖਤਾ ਦੇ ਭਲੇ ਲਈ ਤੇ ਸੱਚਾ ਸੁੱਚਾ ਜੀਵਨ ਜਿਉਣ ਦੇ ਵਿੱਚ ਬਤੀਤ ਕੀਤੀ।
ਜਸਵੀਰ ਸਿੰਘ ਪਮਾਲੀ
9878700325