ਸ੍ਰੀਨਗਰ – ਸ੍ਰੀਨਗਰ ਦੇ ਸੁਹਾਵਨੇ ਮਾਹੌਲ ਵਿੱਚ ਬੀਤੇ ਦਿਨ ਸ਼ੀਰਾਜ਼ਾ ਪੰਜਾਬੀ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਵਲੋਂ ਜੰਮੂ-ਕਸ਼ਮੀਰ ਦੀ ਇਕ ਪ੍ਰਸਿੱਧ ਸ਼ਖ਼ਸੀਅਤ, ਸਾਬਕਾ ਪ੍ਰਿੰਸੀਪਲ ਅਤੇ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਨਿਰੰਜਨ ਸਿੰਘ ਨਾਲ ਇੱਕ ਯਾਦਗਾਰ ਸੰਵਾਦ ਕੀਤਾ ਗਿਆ। ਇਹ ਸੰਵਾਦ ਨਾ ਸਿਰਫ਼ ਇੱਕ ਸਿੱਖਿਆਵਿਦ ਨਾਲ ਗੱਲਬਾਤ ਸੀ, ਸਗੋਂ ਇੱਕ ਅਜਿਹੀ ਰੂਹਾਨੀ ਯਾਤਰਾ ਵੀ ਸੀ ਜੋ ਸਿੱਖਿਆ, ਸਮਾਜ ਅਤੇ ਮਨੁੱਖੀ ਮੁੱਲਾਂ ਦੀ ਗਹਿਰਾਈ ਤੱਕ ਪਹੁੰਚੀ। ਸ੍ਰੀ ਨਿਰੰਜਨ ਸਿੰਘ, ਜਿਹੜੇ ਜੰਮੂ-ਕਸ਼ਮੀਰ ਦੇ ਸਿੱਖਿਆ ਅਤੇ ਸਾਹਿਤਕ ਖੇਤਰ ਵਿੱਚ ਇੱਕ ਪ੍ਰਸਿੱਧ ਨਾਮ ਹਨ, ਨੇ ਇਸ ਗੱਲਬਾਤ ਦੌਰਾਨ ਇਤਿਹਾਸਕ ਦਸਤਾਵੇਜ਼ਾਂ ਰਾਹੀਂ ਘਾਟੀ ਦੇ ਸਮਾਜਿਕ ਅਤੇ ਸਿੱਖਿਆਕ ਵਿਰਾਸਤ ਦੀ ਵਿਸ਼ਲੇਸ਼ਣਾਤਮਕ ਝਲਕ ਪੇਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆਕਾਰ ਸਿਰਫ਼ ਵਿਦਿਆ ਨਹੀਂ, ਸਗੋਂ ਮਨੁੱਖਤਾ ਦੀ ਰਾਹਨੁਮਾਈ ਕਰਦੇ ਹਨ। ਆਪਣੇ ਅਧਿਆਪਕ ਜੀਵਨ ਦੇ ਤਜਰਬਿਆਂ ਰਾਹੀਂ ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਅੰਦਰੂਨੀ ਯੋਗਤਾਵਾਂ ਨੂੰ ਉਭਾਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਗੱਲਬਾਤ ਵਿੱਚ ਕਈ ਪ੍ਰਸਿੱਧ ਸਾਹਿਤਕਾਰਾਂ, ਕਲਮਕਾਰਾਂ ਅਤੇ ਸਮਾਜ ਸੇਵਕਾਂ ਦੀ ਭੂਮਿਕਾ ‘ਤੇ ਵੀ ਚਰਚਾ ਹੋਈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੀ ਧਰਤੀ ਨੇ ਹਰ ਯੁੱਗ ਵਿੱਚ ਅਜਿਹੀਆਂ ਵਿਅਕਤੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਆਪਣੀ ਲਿਖਤ ਅਤੇ ਵਿਚਾਰਾਂ ਰਾਹੀਂ ਲੋਕਾਂ ਦੇ ਮਨਾਂ ਵਿੱਚ ਅਮਿੱਟ ਛਾਪ ਛੱਡੀ। ਆਧੁਨਿਕ ਮਨੁੱਖੀ ਮਨ ਦੀ ਬੇਚੈਨੀ ‘ਤੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਮਨੁੱਖ ਸੁਵਿਧਾਵਾਂ ਨਾਲ ਘਿਰਿਆ ਹੋਇਆ ਹੋਣ ਦੇ ਬਾਵਜੂਦ ਵੀ ਆਤਮਕ ਤਸੱਲੀ ਤੋਂ ਖਾਲੀ ਹੈ। ਇਹ ਸੁਨੇਹਾ ਕਿ ਭੌਤਿਕ ਤਰੱਕੀ ਦੇ ਨਾਲ ਆਤਮਕ ਸ਼ਾਂਤੀ ਅਤੇ ਮਨੁੱਖੀ ਮੁੱਲ ਵੀ ਜ਼ਰੂਰੀ ਹਨ, ਉਨ੍ਹਾਂ ਦੀ ਸੋਚ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਪੋਪਿੰਦਰ ਸਿੰਘ ਪਾਰਸ ਨੇ ਕਿਹਾ ਕਿ ਇਹ ਮੁਲਾਕਾਤ ਉਨ੍ਹਾਂ ਲਈ ਨਾ ਸਿਰਫ਼ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲੀ ਸੀ, ਸਗੋਂ ਨਵੀਂ ਪੀੜ੍ਹੀ ਲਈ ਇੱਕ ਰੋਸ਼ਨ ਰਾਹ ਵੀ। ਸ੍ਰੀ ਨਿਰੰਜਨ ਸਿੰਘ ਵਰਗੀਆਂ ਸ਼ਖ਼ਸੀਅਤਾਂ ਸਮਾਜ ਲਈ ਇੱਕ ਚਾਨਣ ਹਨ, ਜੋ ਸਿਰਫ਼ ਪਾਠਸ਼ਾਲਾਵਾਂ ਤੱਕ ਸੀਮਿਤ ਨਹੀਂ, ਸਗੋਂ ਲੋਕਾਂ ਦੇ ਦਿਲਾਂ ਵਿਚ ਵੱਸਦੇ ਹਨ।
ਬਲਵਿੰਦਰ ਬਾਲਮ
ਗੁਰਦਾਸਪੁਰ ਪੰਜਾਬ
ਮੋ. 98156 25409