ਕੋਟਕਪੂਰਾ, 28 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮੁਕਤਸਰ ਸੜਕ ’ਤੇ ਸਥਿੱਤ ਮੁਹੱਲਾ ਸੁਰਗਾਪੁਰੀ ਦੀ ਸਰਕਾਰੀ ਸਕੂਲ ਵਾਲੀ ਗਲੀ ਦੇ ਵਸਨੀਕਾਂ ਨੇ ਘਰਾਂ ਵਿੱਚ ਸਪਲਾਈ ਕੀਤੇ ਜਾ ਰਹੇ ਮੁਸ਼ਕ ਮਾਰਦੇ ਗੰਦੇ ਪਾਣੀ ਪ੍ਰਤੀ ਰੋਸ ਪ੍ਰਗਟਾਉਂਦਿਆਂ ਆਖਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਗੰਦੇ ਪਾਣੀ ਦੀ ਸਪਲਾਈ ਦੇ ਵਿਰੋਧ ਵਿੱਚ ਸ਼ਿਕਾਇਤਾਂ ਕਰ ਕਰ ਕੇ ਅੱਕ ਅਤੇ ਥੱਕ ਚੁੱਕੇ ਹਨ। ਮੁਲਾਜਮ ਆਗੂ ਕੁਲਜੀਤ ਸਿੰਘ ਬੰਬੀਹਾ ਦੀ ਅਗਵਾਈ ਵਾਲੇ ਮੁਹੱਲਾ ਵਾਸੀਆਂ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਕੋਟਕਪੂਰੇ ਦੇ ਵਿਕਾਸ ਲਈ ਕਰੋੜਾਂ ਰੁਪਏ ਗ੍ਰਾਂਟਾਂ ਜਾਰੀ ਕਰਨ ਦੇ ਦਾਅਵੇ ਕੀਤੇ ਪਰ ਸ਼ਹਿਰ ਦੇ ਕਿਸੇ ਵੀ ਹਿੱਸੇ ਦਾ ਸੁਧਾਰ ਨਹੀਂ ਹੋਇਆ। ਉਹਨਾਂ ਦੱਸਿਆ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਡੇਢ ਸਾਲ ਦੇ ਅੰਦਰ ਅੰਦਰ ਪਾਣੀ ਨਿਕਾਸੀ ਅਤੇ ਸਾਫ ਪਾਣੀ ਦੀ ਸਪਲਾਈ ਦੇ ਮੁਕੰਮਲ ਸੁਧਾਰ ਲਈ 117 ਕਰੋੜ ਰੁਪਏ ਦਾ ਇਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਪਰ ਅੱਜ 9 ਸਾਲ ਦਾ ਅਰਸਾ ਬੀਤ ਜਾਣ ਦੇ ਬਾਵਜੂਦ ਵੀ ਸਮੱਸਿਆ ਜਿਉਂ ਦੀ ਤਿਉਂ ਹੈ। ਉਹਨਾਂ ਦੋਸ਼ ਲਾਇਆ ਕਿ ਇਕ ਪਾਸੇ ਸਰਕਾਰਾਂ ਵਲੋਂ ਸਿਹਤ ਸਹੂਲਤਾਂ ਮੁਫਤ ਜਾਂ ਸਸਤੀਆਂ ਦੇਣ ਦੇ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਸਾਨੂੰ ਬਿਮਾਰੀਆਂ ਪਰੋਸਣ ਤੋਂ ਗੁਰੇਜ ਨਹੀਂ ਕੀਤਾ ਜਾ ਰਿਹਾ।

