ਡਾ . ਦਲਬੀਰ ਸਿੰਘ ਜੀ ਕਥੂਰੀਆ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਭਾਰਤ ਪਹੁੰਚ ਗਏ ਹਨ ।
ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੀ ਨੌਜਵਾਨ ਪੀੜ੍ਹੀ ਵਿਚ ਪੁਸਤਕ ਮੋਹ ਲਗਪਗ ਖ਼ਤਮ ਹੈ। ਪੁਸਤਕਾਂ ਦੀ ਥਾਂ ਮੋਬਾਇਲ ਫੋਨਾਂ/ਸੋਸ਼ਲ ਮੀਡੀਆ ਨੇ ਲੈ ਲਈ ਹੈ। ਹਕੀਕਤ ਇਹ ਹੈ ਕਿ ਸਾਡੇ ਮਨ ਮਸਤਕ ਵਿਚ ਜੋ ਅਸਰ ਪੁਸਤਕ ਨੇ ਕਰਨਾ ਹੈ ਉਹ ਸੋਸ਼ਲ ਮੀਡੀਆ ਰਾਹੀਂ ਹਾਸਲ ਨਹੀਂ ਹੋ ਸਕਦਾ। ਇਸ ਨਵੀਂ ਪੀੜ੍ਹੀ ਨੂੰ ਇਹ ਸਮਝਾਉਣ ਦੀ ਲੋੜ ਹੈ। ਉਸ ਨੂੰ ਪੁਸਤਕ ਸੱਭਿਆਚਾਰ ਵੱਲ ਮੋੜਨ ਦੀ ਲੋੜ ਹੈ। ਇਸੇ ਮਕਸਦ ਨੂੰ ਲੈ ਕੇ ਧੀ ਪੰਜਾਬਣ ਮੰਚ ਨੇ ਇਹ ਬੀੜਾ ਚੁੱਕਿਆ ਹੈ। 27 ਨਵੰਬਰ ਨੂੰ ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ (ਸੰਗਰੂਰ) ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਲਿਖਤੀ ਮੁਕਾਬਲੇ ਕਰਵਾਏ ਜਾਣੇ ਹਨ। ਉਨ੍ਹਾਂ ਲਈ ਪ੍ਰਸ਼ਨ ਪੱਤਰ ਇਕ ਨਾਵਲ, ਇਕ ਕਵਿਤਾ ਪੁਸਤਕ ਅਤੇ ਸੰਤਾਂ ਦੀ ਇਕ ਜੀਵਨੀ ਉਤੇ ਆਧਾਰਿਤ ਪੁਸਤਕ ਵਿਚੋਂ ਲਏ ਗਏ ਹਨ। ਇਸ ਮਕਸਦ ਲਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸੰਸਥਾਪਕ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਵਲੋਂ ਮਿਲ ਰਹੇ ਸਹਿਯੋਗ ਅਤੇ ਵਿਸ਼ਵ ਪੰਜਾਬੀ ਸਭਾ ਦੇ ਕੌਮੀ ਪ੍ਰਧਾਨ ਪ੍ਰੋ. ਬਲਬੀਰ ਕੌਰ ਰਾਏਕੋਟੀ ਵਲੋਂ ਮਿਲ ਰਹੀ ਅਗਵਾਈ ਸ਼ਲਾਘਾਯੋਗ ਹੈ। ਪਹਿਲੇ ਪੰਜ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਸਾਬਾਸ਼ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪਾਇਲਟ ਪ੍ਰੋਜੈਕਟ ਹੈ ਇਸ ਤੋਂ ਬਾਅਦ ਜਿਲ੍ਹਾ ਸੰਗਰੂਰ ਦੇ ਹੋਰ ਕਾਲਜਾਂ ਨੂੰ ਇਸ ਪ੍ਰੋਜੈਕਟ ਵਿਚ ਸ਼ਾਮਲ ਕੀਤਾ ਜਾਵੇਗਾ ਉਸ ਤੋਂ ਅਗਲੇ ਗੇੜ ਵਿਚ ਪੂਰਾ ਮਾਲਵਾ, ਫਿਰ ਮਾਝਾ ਅਤੇ ਫਿਰ ਦੁਆਬਾ ਖੇਤਰ ਦੇ ਕਾਲਜਾਂ ਨੂੰ ਸ਼ਾਮਲ ਕੀਤਾ ਜਾਵੇਗਾ। ਆਖ਼ਰੀ ਗੇੜ ਵਿਚ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਪਹਿਲੇ ਸਥਾਨ ਉਤੇ ਰਹਿਣ ਵਾਲੇ ਵਿਦਿਆਰਥੀ ਨੂੰ 51 ਹਜਾਰ ਰੁਪਏ, ਦੂਸਰੇ ਸਥਾਨ ਲਈ 31 ਹਜਾਰ ਰੁਪਏ ਅਤੇ ਤੀਸਰੇ ਸਥਾਨ ਲਈ 21 ਹਜਾਰ ਰੁਪਏ ਰੱਖੇ ਜਾਣਗੇ। ਹੁਣ 27 ਨਵੰਬਰ ਨੂੰ ਇਕ ਸੌ ਤੋਂ ਵੱਧ ਵਿਦਿਆਰਥੀ ਇਸ ਮੁਕਾਬਲਾ ਪ੍ਰੀਖਿਆ ਵਿਚ ਸ਼ਾਮਲ ਹੋਣਗੇ। ਹਰ ਵਿਦਿਆਰਥੀ ਨੂੰ ਮੰਚ ਤੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਵਿਦਿਆਰਥੀ ਸਵੇਰੇ 10 ਵਜੇ ਤੱਕ ਪਹੁੰਚ ਜਾਣਗੇ ਅਤੇ ਰਜਿਸਟ੍ਰੇਸ਼ਨ ਤੋਂ ਬਾਅਦ ਸਹੀ 10:30 ਉਤੇ ਉਹ ਮੁਕਾਬਲਾ ਪ੍ਰੀਖਿਆ ਵਿਚ ਬੈਠ ਜਾਣਗੇ। 11:30 ਉਤੇ ਉਹ ਪ੍ਰੀਖਿਆ ਹਾਲ ਵਿਚੋਂ ਸਮਾਗਮ ਵਾਲੇ ਹਾਲ ਵਿਚ ਪਹੁੰਚ ਜਾਣਗੇ। ਮਹਿਮਾਨ ਉਸ ਦਿਨ ਸਵੇਰੇ 11 ਵਜੇ ਤੱਕ ਪ੍ਰਿੰਸੀਪਲ ਦਫਤਰ ਵਿਚ ਪਹੁੰਚ ਜਾਣਗੇ। ਚਾਹ ਪਾਣੀ ਉਪਰੰਤ 11:30 ਉਤੇ ਸਮਾਗਮ ਹਾਲ ਵਿਚ ਪਹੁੰਚਿਆ ਜਾਵੇਗਾ ਜਿਥੇ 1 ਵਜੇ ਤੱਕ ਸਮਾਗਮ ਚੱਲੇਗਾ। ਬਾਹਰੋਂ ਆਏ ਮਹਿਮਾਨਾਂ ਦੇ ਵਿਚਾਰ ਸੁਣੇ ਜਾਣਗੇ। ਇਸ ਤੋਂ ਬਾਅਦ ਦੁਪਹਿਰ ਦਾ ਭੋਜਨ ਅਤੇ ਰਵਾਨਗੀ। ਇਹ ਰਿਪੋਰਟ ਕਥੂਰੀਆ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ।
ਡਾ ਕਥੂਰੀਆ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ , ਪੰਜਾਬੀਅਤ , ਕਲਾ , ਸਾਹਿਤ , ਪੰਜਾਬੀ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਯਤਨਸ਼ੀਲ ਹਨ । ਕਥੂਰੀਆ ਜੀ ਜੋਕਿ ਮਾਂਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿਰਤੋੜ ਯਤਨ ਕਰ ਰਹੇ ਹਨ , ਸਾਡਾ ਸੱਭ ਦਾ ਫ਼ਰਜ਼ ਬਣਦਾ ਹੈ ਕਿ ਉਹਨਾਂ ਦੇ ਇਸ ਨੇਕ ਕਾਰਜ ਵਿੱਚ ਉਹਨਾਂ ਦਾ ਸਹਿਯੋਗ ਕਰੀਏ । ਵਾਹਿਗੁਰੂ ਕਰੇ ਉਹਨਾਂ ਦੇ ਸੁਪਨਿਆਂ ਨੂੰ ਬੂਰ ਪਵੇ ਤੇ ਮਾਂ ਬੋਲੀ ਪੰਜਾਬੀ ਹੋਰ ਜ਼ਿਆਦਾ ਵਧੇ ਫੁਲੇ । ਵਾਹਿਗੁਰੂ ਉਹਨਾਂ ਨੂੰ ਕੰਮ ਕਰਨ ਦੀ ਹੋਰ ਤੌਫ਼ੀਕ ਬਖ਼ਸ਼ਣ । ਦਿਲੋਂ ਢੇਰ ਸਾਰੀਆਂ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ ਜੀਓ ।”

ਰਮਿੰਦਰ ਵਾਲੀਆ ਚੇਅਰਪਰਸਨ
ਵਿਸ਼ਵ ਪੰਜਾਬੀ ਸਭਾ ।
