ਡਾ. ਗੁਰਬਚਨ ਸਿੰਘ ਰਾਹੀ (ਜਨਮ 1937) ਪਟਿਆਲੇ ਦੇ ਪ੍ਰੌਢਤਰ ਬਹੁਵਿਧਾਵੀ ਲੇਖਕ ਹਨ। ਉਹ ਇਸ ਵੇਲੇ ਨੌਂ ਦਹਾਕਿਆਂ ਦੇ ਨੇੜੇ-ਤੇੜੇ ਹਨ। ਦੋ ਵਿਸ਼ਿਆਂ (ਹਿਸਟਰੀ ਅਤੇ ਪੰਜਾਬੀ) ਵਿੱਚ ਪੋਸਟ-ਗਰੈਜੂਏਟ ਡਾ. ਰਾਹੀ ਨੇ ਆਨਰਜ਼ ਇਨ ਪੰਜਾਬੀ, ਸਰਟੀਫਿਕੇਟ ਕੋਰਸ ਇਨ ਪਰਸ਼ੀਅਨ, ਸਰਟੀਫਿਕੇਟ ਕੋਰਸ ਇਨ ਤਿਬਤੀਅਨ ਅਤੇ ਪੀਐਚਡੀ ਤੱਕ ਦੀ ਵਿੱਦਿਆ ਹਾਸਲ ਕੀਤੀ ਹੈ। ਪੰਜਾਬੀ ਐਮਏ (ਗੋਲਡ ਮੈਡਲ) ਅਤੇ ਪਰਸ਼ੀਅਨ ਕੋਰਸ ਵਿੱਚੋਂ ਫ਼ਸਟ ਕਲਾਸ ਫ਼ਸਟ ਹਾਸਲ ਕਰਕੇ ਪਟਿਆਲਾ ਵਿਖੇ 1976 ਤੋਂ ਕਾਲਜ ਲੈਕਚਰਾਰ ਸੇਵਾ ਸ਼ੁਰੂ ਕੀਤੀ ਅਤੇ 1995 ਵਿੱਚ ਬਤੌਰ ਐਸੋਸੀਏਟ ਪ੍ਰੋਫ਼ੈਸਰ ਸੇਵਾਮੁਕਤ ਹੋਏ। ਇਸਤੋਂ ਪਹਿਲਾਂ ਕੁਝ ਚਿਰ ਉਨ੍ਹਾਂ ਨੇ ਭਾਸ਼ਾ ਵਿਭਾਗ ਪੰਜਾਬ ਵਿਖੇ ਵੀ ਕਾਰਜ ਕੀਤਾ ਸੀ। ਕਾਲਜ ਦੀ ਸੇਵਾ ਪਿੱਛੋਂ ਉਨ੍ਹਾਂ ਨੇ ਪੰ.ਯੂ. ਪਟਿਆਲਾ ਦੇ ਆਈਏਐੱਸ ਟਰੇਨਿੰਗ ਸੈਂਟਰ ਵਿੱਚ ਆਈਏਐੱਸ, ਪੀਸੀਐੱਸ, ਯੂਜੀਸੀ ਨੈੱਟ ਕਲਾਸਾਂ ਨੂੰ 15 ਸਾਲ ਤੋਂ ਵਧੀਕ ਸਮੇਂ ਲਈ ਪੜ੍ਹਾਇਆ।
ਸਾਹਿਤ ਦੇ ਕਿਸੇ ਧੜੇ ਤੋਂ ਨਿਰਲੇਪ ਡਾ. ਰਾਹੀ ਨੇ ਵਿਭਿੰਨ ਵਿਧਾਵਾਂ ਵਿੱਚ ਕਰੀਬ ਤਿੰਨ ਦਰਜਨ ਪੁਸਤਕਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿੱਚ 11 ਕਾਵਿ ਸੰਗ੍ਰਹਿ, 6 ਆਲੋਚਨਾਤਮਕ ਪੁਸਤਕਾਂ, 1 ਇਤਿਹਾਸਕ – ਧਾਰਮਿਕ ਨਾਟਕ, ਸੰਪਾਦਨ/ਵਿਆਕਰਣ/ਕੋਸ਼ਕਾਰੀ ਦੀਆਂ 7 ਕਿਤਾਬਾਂ, 1 ਅਨੁਵਾਦ, 1 ਲਿਪੀਅੰਤਰਨ, ਤਿੰਨ ਬਾਲ-ਸਾਹਿਤ ਕਿਤਾਬਾਂ, 5 ਸਹਿ-ਲੇਖਨ, 1 ਮਿੰਨੀ ਕਹਾਣੀ ਸੰਗ੍ਰਹਿ ਸ਼ਾਮਲ ਹਨ। ਉਨ੍ਹਾਂ ਦੇ ਜੀਵਨ, ਰਚਨਾ ਅਤੇ ਸਾਹਿਤ ਸੰਸਾਰ ਬਾਰੇ ਡਾ.ਦਰਸ਼ਨ ਸਿੰਘ ਆਸ਼ਟ ਦੀ ਸੰਪਾਦਨਾ ਹੇਠ ਇੱਕ ਅਭਿਨੰਦਨ ਗ੍ਰੰਥ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ- “ਸ਼ਬਦਾਂ ਦਾ ਵਣਜਾਰਾ”।
ਬੀਤੇ ਦਿਨੀਂ ਉਨ੍ਹਾਂ ਦੀਆਂ ਦੋ ਨਵੀਆਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ – ਮਿੰਨੀ ਕਹਾਣੀ ਸੰਗ੍ਰਹਿ ‘ਕੁਰਬਾਨੀ ਦਾ ਮੁੱਲ’ (ਜ਼ੋਹਰਾ ਪਬਲੀਕੇਸ਼ਨ ਪਟਿਆਲਾ, ਪੰਨੇ 74, ਮੁੱਲ 120/-) ਅਤੇ ਕਾਵਿ ਸੰਗ੍ਰਹਿ ‘ਤਿੰਨ ਰੰਗ’ (ਜ਼ੋਹਰਾ ਪਬਲੀਕੇਸ਼ਨ ਪਟਿਆਲਾ, ਪੰਨੇ 112, ਮੁੱਲ 200/-)
ਮਿੰਨੀ ਕਹਾਣੀ ਸੰਗ੍ਰਹਿ ਵਿੱਚ ਕੁੱਲ 29 ਮਿੰਨੀ ਕਹਾਣੀਆਂ ਹਨ। ਇਸਦੀ ਆਦਿਕਾ ਵਿੱਚ ਲੇਖਕ ਨੇ ਇਨ੍ਹਾਂ ਦੇ ਵਿਸ਼ਾ ਪੱਖ ਅਤੇ ਮਿੰਨੀ ਕਹਾਣੀ ਦੇ ਰੂਪ ਪੱਖ ਦੀ ਨਿਸ਼ਾਨਦੇਹੀ ਕੀਤੀ ਹੈ। ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਪੁਸਤਕ ਰੂਪ ਵਿੱਚ ਆਉਣ ਤੋਂ ਪਹਿਲਾਂ ਵੱਖ ਵੱਖ ਪੱਤਰ-ਪੱਤ੍ਰਿਕਾਵਾਂ ਦੀ ਜ਼ੀਨਤ ਬਣ ਚੁੱਕੀਆਂ ਹਨ। ਸੰਗ੍ਰਹਿ ਦੀਆਂ 4 ਕਹਾਣੀਆਂ (ਸੱਚੋ ਸੱਚ, ਚੱਲ ਮੇਰੇ ਵੀਰ, ਮੀਟ ਮਾਈ ਡਾਟਰ, ਮਾਸੀ ਹੱਸਾਂ) ਆਕਾਰ ਪੱਖੋਂ ਕੁਝ ਵੱਡੀਆਂ ਹਨ, ਬਾਕੀ ਸਾਰੀਆਂ 1-1, 2-2 ਪੰਨਿਆਂ ਦੀਆਂ ਹਨ। ਇਹ ਸਾਰੀਆਂ ਕਹਾਣੀਆਂ ਹੱਡ-ਬੀਤੀਆਂ/ਜੱਗ ਬੀਤੀਆਂ ਹਨ। ਇਨ੍ਹਾਂ ਦਾ ਵਿਸ਼ਾ-ਵਸਤੂ ਸਮਾਜਕ, ਰਾਜਨੀਤਿਕ, ਧਾਰਮਿਕ ਚੌਗਿਰਦੇ ਨਾਲ ਸੰਬੰਧਿਤ ਹੈ। ਬਹੁਤੀਆਂ ਲੇਖਕ ਦੇ ਨਿੱਜ (ਕਾਲਜ ਜੀਵਨ, ਅਧਿਆਪਨ ਤਜਰਬੇ) ਨਾਲ ਜੁੜੀਆਂ ਹੋਈਆਂ ਹਨ। ਆਪਣੇ ਜੀਵਨ ਸਮਾਚਾਰ (ਲਾਹੌਰ ਦਾ ਜਨਮ, ਪਿਤਾ ਦਾ ਕੱਪੜੇ ਦਾ ਕੰਮ ਆਦਿ) ਨੂੰ ਵੀ ਕਿਸੇ ਕਿਸੇ ਕਹਾਣੀ ਵਿੱਚ ਪੇਸ਼ ਕੀਤਾ ਹੈ। ਜ਼ਿੰਦਗੀ ਦੇ ਦੁਖ-ਸੁਖ, ਸਮੱਸਿਆ, ਹਾਸੇ-ਰੋਣੇ ਨੂੰ ਚਿਤਰਦੀਆਂ ਇਹ ਮਿੰਨੀ ਕਹਾਣੀਆਂ ਸਮਾਜ ਦੇ ਅਜੋਕੇ ਪਾਸਾਰੇ ਨੂੰ ਬਾਖ਼ੂਬੀ ਬਿਆਨ ਕਰਦੀਆਂ ਹਨ।
ਡਾ. ਰਾਹੀ ਦੀ ਦੂਜੀ ਪੁਸਤਕ ‘ਤਿੰਨ ਰੰਗ’ ਹੈ, ਜੋ ਆਪਣੇ ਨਾਂ ਮੁਤਾਬਕ ਕਵਿਤਾ ਦੇ ਤਿੰਨ ਰੰਗਾਂ ਨੂੰ ਪ੍ਰਸਤੁਤ ਕਰਦੀ ਹੈ – ਦੋਹੇ, ਗ਼ਜ਼ਲਾਂ ਤੇ ਕਵਿਤਾਵਾਂ। ਇਸ ਪੁਸਤਕ ਦੀ ਵਿਲੱਖਣਤਾ ਇਹ ਵੀ ਹੈ ਕਿ ਇਹ ਲੇਖਕ ਦੀ ਹੱਥ-ਲਿਖਤ ਦੀ ਫੋਟੋ ਕਾਪੀ ਹੈ। ਇਹ ਲੇਖਕ ਦੀ ਗਿਆਰਵੀਂ ਕਾਵਿ ਪੁਸਤਕ ਹੈ। ਦੋਹੇ ਕਾਵਿ ਰੂਪ (ਪੰਨੇ 15-28) ਦੇ ਅੰਤਰਗਤ ਉਹਨੇ ਧਰਮ, ਸਮਾਜ, ਰਾਜਨੀਤੀ, ਨੈਤਿਕਤਾ ਵਿਸ਼ਿਆਂ ਤੇ ਕ੍ਰਮਵਾਰ 40, 20, 15, 37 ਦੋਹੇ ਕਾਵਿਬੱਧ ਕੀਤੇ ਹਨ। ਇਨ੍ਹਾਂ ਵਾਰੇ ਵੰਨਗੀਆਂ ‘ਚੋਂ ਇੱਕ-ਇੱਕ ਉਦਾਹਰਣ ਪੇਸ਼ ਹੈ :
* ਨੇਕ ਬੰਦੇ ਲੰਘ ਜਾਂਵਦੇ, ਭਵ-ਸਾਗਰ ਤੋਂ ਪਾਰ।
ਬੁਰੇ ਇਧਰ ਉਧਰ ਨਾ, ਡੁੱਬ ਮਰਦੇ ਵਿਚਕਾਰ। (17)
* ਅੱਖਾਂ ਦੇ ਵਿੱਚ ਅੱਥਰੂ, ਬੁੱਲ੍ਹਾਂ ਤੇ ਮੁਸਕਾਨ।
ਇਹੋ ਹੀ ਹੈ ਜ਼ਿੰਦਗੀ, ਹਮਦਮ ਮੇਰੇ ਜਾਣ। (20)
* ਅੱਖੀ ਮੈਂ ਹੈ ਵੇਖ ਲਈ, ਦੇਸ਼ ਦੀ ਹੁੰਦੀ ਵੰਡ।
ਆਪਣਿਆਂ ਨੇ ਆਪ ਹੀ, ਕੀਤਾ ਹੈ ਖੰਡ ਖੰਡ। (22)
* ਸੋਹਣੀ ਧਰਤ ਪੰਜਾਬ ਦੀ, ਵਗਦੇ ਸੀ ਪੰਜ ਆਬ।
ਹੁਣ ਤਾਂ ਇੱਥੇ ਵਗ ਰਹੀ, ਭੁੱਕੀ, ‘ਫ਼ੀਮ, ਸ਼ਰਾਬ। (28)
ਗ਼ਜ਼ਲਾਂ ਭਾਗ ਦੇ ਅੰਤਰਗਤ (ਪੰਨੇ 31-78) ਰਾਹੀ ਨੇ 44 ਗ਼ਜ਼ਲਾਂ ਦੀ ਰਚਨਾ ਕੀਤੀ ਹੈ। ਇਨ੍ਹਾਂ ਵਿੱਚ ਵੀ ਲੇਖਕ ਨੇ ਸਮਾਜਕ, ਸਭਿਆਚਾਰਕ, ਰਾਜਨੀਤਿਕ ਤੇ ਆਦਰਸ਼ਕ ਵਿਸ਼ਿਆਂ ਨੂੰ ਛੋਹਿਆ ਹੈ।
ਸੰਗ੍ਰਹਿ ਦੇ ਆਖ਼ਰੀ ਭਾਗ (ਪੰਨੇ 81-112) ਵਿੱਚ 15 ਕਵਿਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਦੇ ਵਿਸ਼ੇ ਵੀ ਅਜੋਕੇ ਸਮਾਜ ਨਾਲ ਸੰਬੰਧਿਤ ਹਨ। ਅਧਿਆਤਮ, ਰਾਜਨੀਤੀ ਦੀਆਂ ਕੋਹਜ ਚਾਲਾਂ, ਆਧੁਨਿਕਤਾ ਦੇ ਲਬਾਦੇ ਵਿੱਚ ਲਿਪਟੀ ਔਰਤ ਦੀ ਦਰਦਨਾਕ ਤਸਵੀਰ, ਵਾਤਾਵਰਣ ਪ੍ਰਤੀ ਚੇਤਨਤਾ ਇਸਦੇ ਕੁਝ ਹੋਰ ਵਰਣਨਯੋਗ ਵਿਸ਼ੇ ਹਨ। ਮਿਸਾਲ ਵਜੋਂ :
* ਇਸੇ ਲਈ ਦਰੋਪਦੀ
ਅੱਜ ਬਿਲਕੁਲ ਨੰਗੀ ਹੈ
ਹੇਠਾਂ ਚੱਡੀ ਤੇ ਉਪਰ ਬੱਸ ਇੱਕ ਅੰਗੀ ਹੈ। (96)
ਇਸ ਤਰ੍ਹਾਂ ਡਾ. ਰਾਹੀ ਦੀਆਂ ਇਹ ਦੋਵੇਂ ਪੁਸਤਕਾਂ ਗਿਣਾਤਮਕ ਪੱਖੋਂ ਤਾਂ ਜ਼ਿਕਰਯੋਗ ਹਨ ਹੀ, ਗੁਣਾਤਮਕ ਪੱਖੋਂ ਵੀ ਇਨ੍ਹਾਂ ਦਾ ਮੁਲਾਂਕਣ ਹੋਣਾ ਚਾਹੀਦਾ ਹੈ। ਲੇਖਕ ਨੂੰ ਨਵੀਆਂ ਕਿਤਾਬਾਂ ਲਈ ਖ਼ੁਸ਼ਆਮਦੀਦ!

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.

