ਹਾਹਾਕਾਰ ਮੱਚੀ ਚਹੁੰ ਪਾਸੀਂ,
ਗਰਮੀ ਨੇ ਤਾਂ ਹੱਦ ਹੀ ਕਰ ‘ਤੀ।
ਪਾਰਾ ਰੋਜ਼ ਹੀ ਚੜ੍ਹਦਾ ਜਾਵੇ,
ਤਪਦਾ ਸੂਰਜ ਮੱਚਦੀ ਧਰਤੀ।
ਦਾਨਿਸ਼ਵਰਾਂ ਨੇ ਸੱਚ ਕਿਹਾ ਹੈ :
ਜੋ ਬੀਜੇਗਾ ਸੋਈ ਖਾਵੇ।
ਸੋਲਾਂ ਆਨੇ ਗੱਲ ਹੈ ਸੱਚੀ :
ਆਪਣਾ ਕੀਤਾ ਆਪੇ ਪਾਵੇ।
ਜੰਗਲ ਸਾਰੇ ਵੱਢ ਸੁੱਟੇ ਨੇ,
ਕਿੱਥੋਂ ਭਾਲਦੈਂ ਠੰਡੀਆਂ ਛਾਵਾਂ।
ਬੰਜਰ ਸੁੰਨੀ ਧਰਤੀ ਹੋਈ,
ਰੁੱਖ ਹੈ ਕੋਈ ਟਾਵਾਂ ਟਾਵਾਂ।
ਖੰਭੇ, ਸਿਗਨਲ, ਟਾਵਰ ਦਿੱਸਦੇ,
ਤਕਨਾਲੋਜੀ ਨੇ ਜਾਲ ਵਿਛਾਇਆ।
ਧਰਤੀ, ਪਾਣੀ, ਪੌਣ ਬਚਾਈਏ,
ਏਹੋ ਹੈ ਅਸਲੀ ਸਰਮਾਇਆ।
ਨਵੇਂ ਯੁੱਗ ਦੇ ਲੋਕਾਂ ਨੂੰ ਮੈਂ,
ਬਸ ਇੱਕੋ ਗੱਲ ਹੈ ਕਹਿਣੀ।
ਕੁਦਰਤ ਨਾਲ ਨਾ ਪੰਗਾ ਲਈਏ,
ਸਾਦਾ ਰੱਖੀਏ ਰਹਿਣੀ ਬਹਿਣੀ।
ਆਲਮੀ ਤਪਸ਼ ਤੋਂ ਜੇਕਰ ਬਚਣਾ,
ਅੱਜ ਤੋਂ ਸਾਰੇ ਮਤਾ ਪਕਾਈਏ।
ਪ੍ਰਦੂਸ਼ਣ ਤੋਂ ਬਚ ਜਾਵਾਂਗੇ,
ਸਾਰੇ ਇੱਕ-ਇੱਕ ਰੁੱਖ ਲਗਾਈਏ।
ਅਜੇ ਵੀ ਵੇਲਾ ਬਣੋ ਸਿਆਣੇ,
ਨਾ ਕਰੀਏ ਇਹ ਮੂਰਖਤਾਈ।
ਰੁੱਖਾਂ ਦਾ ਕੋਈ ਬਦਲ ਨਹੀਂ ਹੈ,
ਰੁੱਖ ਲਗਾਈਏ ਥਾਓਂ-ਥਾਈਂ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.