ਉਹ ਤਪਦੇ ਰੇਗਿਸਤਾਨ ਦਾ ਅਜਿਹਾ ਬਿਰਖ ਹੈ। ਜੀਹਨੇ ਉੱਡਦੀ ਕੱਕੀ ਰੇਤ ਦੇ ਕਣਾਂ ਦੀ ਸੂਈਆਂ ਵਾਂਗਰ ਚੁੱਭਣ ਵੀ ਦੇਖੀ ਤੇ ਖੁਸ਼ਕ ਹਵਾ ਨੂੰ ਆਪਣੇ ਤਨ ਤੇ ਵੀ ਝੱਲਿਆ। ਉਸ ਨੇ ਅੱਥਰੇ ਮੌਸਮਾਂ ਵੱਲੋਂ ਦਿੱਤੇ ਦਰਦ ਨੂੰ ਵੀ ਆਪਣੇ ਪਿੰਡੇ ਤੇ ਹੰਢਾਇਆ ਤੇ ਚੰਦਰੀਆਂ ਰੁੱਤਾਂ ਨੇ ਵੀ ਬਹੁਤ ਸਤਾਇਆ। ਉਹਨੇ ਜ਼ਿੰਦਗੀ ਦੇ ਰੇਤਲੇ ਤੂਫ਼ਾਨ ਵੀ ਦੇਖੇ ਤੇ ਰਾਤਾਂ ਦੀ ਚੁੱਪ ਵਰਗਾ ਸੰਨਾਟਾ ਵੀ। ਉਹਨੇ ਤਪਦੇ ਟਿੱਬਿਆਂ ‘ਚ ਉੱਡਦੇ ਪਰਿੰਦਿਆਂ ਦੀ ਮ੍ਰਿਗ ਤ੍ਰਿਸ਼ਨਾ ਨੂੰ ਵੀ ਤੱਕਿਆ ਤੇ ਰੇਗਿਸਤਾਨ ਦੇ ਗਹਿਰੇ ਪਾਣੀਆਂ ਨੂੰ ਵੀ। ਜ਼ਿੰਦਗੀ ਦੇ ਇਸ ਪਿਆਸੇ ਮਾਰੂਥਲ ਵਿੱਚ ਗੜਿਆਂ ਨਾਲ ਪੱਤਿਆਂ ਦੀ ਪਾਟਦੀ ਹਿੱਕ ਨੂੰ ਵੀ ਦੇਖਿਆ ਤੇ ਬਾਰਿਸ਼ ਦੀਆਂ ਠੰਡੀਆਂ ਫੁਹਾਰਾਂ ਨਾਲ ਠਰਦੀਆਂ ਕਰੂੰਬਲਾਂ ਦੇ ਦਿਲ ਨੂੰ ਵੀ। ਉਹਨਾਂ ਨੇ ਵੀਰਾਨ ਟਿੱਬਿਆਂ ਤੇ ਉੱਗੇ ਉਦਾਸ ਜੰਡ ਕਰੀਰਾਂ ਨੂੰ ਵੀ ਦੇਖਿਆ ਤੇ ਇਹਨਾਂ ਜੰਡ ਕਰੀਰਾਂ ਦੀਆਂ ਛਾਵਾਂ ਦਾ ਗਵਾਹ ਬਣੇ ਪਲ਼ ਦੋ ਪਲ਼ ਰੁਕੇ ਰਾਹੀਆਂ ਦੇਂ ਕਾਫ਼ਲਿਆਂ ਨੂੰ ਵੀ। ਇਹਨਾਂ ਕਾਫ਼ਲਿਆਂ ਨੇ ਉਸਦੇ ਘਰ ਦੀਆਂ ਕੱਚੀਆਂ ਕੰਧਾਂ ਤੋਂ ਉੱਖੜਦੇ ਲਿਉੜਾਂ ਨੂੰ ਵੀ ਦੇਖਿਆ ਤੇ ਚੌਮਾਸਿਆਂ ਚ ਚਿਉਂਦੇ ਬਨੇਰਿਆਂ ਨੂੰ ਵੀ ਦੇਖਿਆ। ਇਸ ਬਿਰਖ਼ ਦੀ ਛਾਂ ਅਨੇਕਾਂ ਰਾਹੀਆਂ ਨੇ ਲੂਆਂ ਨਾਲ ਤਪਦੀਆਂ ਦੁਪਿਹਰਾਂ ਕੱਟੀਆਂ ਤੇ ਮਾਘ ਮਹੀਨੇ ਦਾ ਨਿੱਘ ਸਮਝਦਿਆਂ ਕੋਸੀਆਂ ਧੁੱਪਾਂ ਵਰਗਾ ਅਨੰਦ ਵੀ ਮਾਣਿਆ।
ਜਦੋਂ ਉਹ ਪੈਦਾ ਹੋਇਆ ਗ਼ੁਰਬਤ ਉਸਦੇ ਪੋਤੜਿਆਂ ‘ ਚ ਜਨਮੀ ਤੇ ਉਸ ਨਾਲ ਸਾਹੋ ਸਾਹ ਹੋਈ ਖੇਡਦੀ ਰਹਿੰਦੀ। ਸਿਆਲਾਂ ਰੁੱਤੇ ਘਰ ਦੇ ਵਿਹੜੇ ‘ਚ ਧੁੱਪ ਨਾ ਆਉਂਦੀ ਪੋਹ ਦੀਆਂ ਠਰੀਆਂ ਕਿਰਨਾਂ ਸਰੀਰ ਨੂੰ ਝਰਨਾਹਟ ਛੇੜ ਦਿੰਦੀਆਂ। ਕਦੇ ਕਦੇ ਨੀਲੀ ਕਾਸ਼ਨੀ ਧੁੰਦ ਚ ਉਹਦੀਆਂ ਲੋਰੀਆਂ ਗੁਆਚ ਜਾਂਦੀਆਂ। ਫਿਰ ਜਦੋਂ ਕਦੇ ਉਹ ਜ਼ੋਰ ਜ਼ੋਰ ਦੀ ਚੀਕਾਂ ਮਾਰਨ ਲੱਗਦਾ ਉਹਦੀ ਮਾਂ ਦੀਆਂ ਲੋਰੀਆਂ ਦੀ ਥਾਂ ਉਹਦੀ ਦਾਦੀ ਦੀਆਂ ਝੁਰੜੀਆਂ ਸਿਰਹਾਣੇ ਬੈਠੀਆਂ ਹੁੰਦੀਆਂ। ਦਾਦੀ ਨੂੰ ਦੇਖ ਕੇ ਫਿਰ ਉਸਦੀ ਮਾਸੂਮੀਅਤ ਅਤੇ ਮੁਸਕਰਾਹਟ ਕੋਲ ਪਏ ਖਿਡੋਣੇ ਤੇ ਘੂੰਗਰੂਆਂ ਨਾਲ ਖੇਡਣ ਲੱਗ ਜਾਂਦੀ। ਉਹ ਉਸ ਸਮੇਂ ਪੈਦਾ ਹੋਇਆ ਜਦੋਂ ਜਦੋਂ ਪੋਹ ਅਤੇ ਹਾੜ ਦੇ ਮਹੀਨੇ ਵੀ ਪੈਰਾਂ ਨੂੰ ਚੱਪਲਾਂ ਨਸ਼ੀਬ ਨਹੀਂ ਹੁੰਦੀਆਂ ਸਨ। ਜਦੋਂ ਜੇਠ – ਹਾੜ ਦੇ ਤਪਦੇ ਥਲ ਵਿਚ ਆਪਣੇ ਪੈਰਾਂ ਨੂੰ ਆਪਣੇ ਹੀ ਪਰਛਾਵੇਂ ਹੇਠ ਚੱਲਣ ਦਾ ਭੁਲੇਖਾ ਦਿੱਤਾ ਜਾਂਦਾ ਸੀ। ਜੋ ਆਪਣੀ ਜ਼ਿੰਦਗੀ ਜਿਊਣ ਦੀ ਸਹੁੰ ਖਾ ਕੇ ਅੱਗੇ ਵਧਿਆ ਅਤੇ ਜਿੰਨਾ ਨੇ ਛੋਟੇ ਹੁੰਦਿਆਂ ਅਨੇਕਾਂ ਮਾਨਸਿਕ , ਸਰੀਰਕ ਅਤੇ ਆਰਥਿਕ ਪੀੜਾਂ ਤੇ ਤਕਲੀਫਾਂ ਝੱਲੀਆਂ ਉਹ ਹੈ ਸਾਡੀ ਮਾਣਮੱਤੀ ਤੇ ਵਿਲੱਖਣ ਸ਼ਖ਼ਸੀਅਤ ਦੇਸ ਰਾਜ ਛਾਜਲੀ।
ਦੇਸ ਰਾਜ ਛਾਜਲੀ ਦਾ ਜਨਮ ਧੂੰਏਂ ਤੋਂ ਸੱਖਣੇ ਚੁੱਲ੍ਹੇ ਅਤੇ ਧੁੱਪ ਨਾਲ ਤਿੜਕੀਆਂ ਕੰਧਾਂ ਤੋਂ ਉਤਰਦੇ ਲਿਉੜਾਂ ਵਾਲੇ ਘਰ ਪਿਤਾ ਕਰਤਾਰ ਸਿੰਘ ਅਤੇ ਮਾਤਾ ਸ੍ਰੀਮਤੀ ਜੰਗੀਰ ਕੌਰ ਦੀ ਕੁੱਖੋਂ ਹੋਇਆ। ਜ਼ਿੰਦਗੀ ਜਿਊਣ ਦੇ ਅਰਥ ਉਸਨੂੰ ਬਚਪਨ ਤੋਂ ਹੀ ਆ ਗਏ ਸਨ ਜਦੋਂ ਛੋਟੀ ਉਮਰ ਵਿੱਚ ਹੀ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਉਸਨੂੰ ਟੇਲਰ ਮਾਸਟਰ , ਲੱਕੜ ਦਾ ਕਾਰੀਗਰ , ਰਾਜ ਮਿਸਤਰੀ ਅਤੇ ਜੁਲਾਹਾ ਬਣਨਾ ਪਿਆ। ਇਹ ਸਾਰੇ ਕੰਮ ਉਸਨੂੰ ਆਪਣੇ ਪਿਤਾ ਕੋਲੋਂ ਵਿਰਾਸਤ ਵਿੱਚ ਮਿਲੇ। ਦਸਵੀਂ ਜਮਾਤ ਤੱਕ ਦੀ ਪੜ੍ਹਾਈ ਉਹਨਾਂ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਕੀਤੀ। ਮਸਤੂਆਣਾ ਕਾਲਜ ਤੋਂ ਉਹਨਾਂ ਨੇ ਬੀ. ਏ. ਪਾਸ ਕੀਤੀ ਅਤੇ ਉਹ ਇਸ ਕਾਲਜ ਵਿੱਚ ਲੋਕ ਸਾਜ਼ਾਂ ਵਿੱਚ ਭਾਗ ਲੈ ਕੇ ਕਾਲਜ ਚੈਂਪੀਅਨ ਬਣਿਆ। ਫਿਰ ਉਹਨਾਂ ਨੂੰ ਅੰਤਰਰਾਸ਼ਟਰੀ ਮੁਕਾਬਲੇ ਲਈ ਭੰਗੜਾ ਟੀਮ ਦਾ ਮੈਂਬਰ ਚੁਣ ਲਿਆ ਗਿਆ ਤੇ ਭੰਗੜਾ ਟੀਮ ਨਾਲ ਅਲਗੋਜ਼ੇ ਵਜਾ ਕੇ ਗੋਲਡ ਮੈਡਲ ਜਿੱਤਿਆ। ਦੇਸ ਰਾਜ ਛਾਜਲੀ ਨੇ ਭਾਵੇਂ ਕਲਾ ਦੇ ਖੇਤਰ ਵਿੱਚ ਕੋਈ ਗੁਰੂ ਧਾਰਨ ਨਹੀਂ ਕੀਤਾ ਪਰ ਅਲਗੋਜ਼ੇ ਵਜਾਉਣ ਦੀ ਕਲਾ ਲਈ ਉਹ ਬੇਲੀ ਰਾਮ , ਚੂਹੜ ਖਾਂ , ਤਾਰਾ ਚੰਦ ਵਰਗੇ ਉਸਤਾਦਾਂ ਨੂੰ ਪ੍ਰੇਰਨਾ ਸਰੋਤ ਮੰਨਦਾ ਹੈ। ਇਸੇ ਤਰ੍ਹਾਂ ਗਾਇਕੀ ਦੇ ਖੇਤਰ ਵਿੱਚ ਨਰਿੰਦਰ ਬੀਬਾ , ਆਲਮ ਲੋਹਾਰ , ਬੁੱਢਾ ਸ਼ੇਖ ਅਤੇ ਸ਼ਰੀਫ਼ ਈਦੂ ਦਾ ਪ੍ਰਭਾਵ ਕਬੂਲਦਾ ਹੈ।
ਦੇਸ ਰਾਜ ਛਾਜਲੀ ਨੇ ਬਿਨਾਂ ਦਾਜ ਦਹੇਜ ਤੋਂ ਵਿਆਹ ਕਰਵਾਇਆ। ਉਹਨਾਂ ਦੀ ਹਮਸਫ਼ਰ ਸ੍ਰੀਮਤੀ ਅਮਰਜੀਤ ਕੌਰ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਹ ਵੀ ਘੱਟ ਹੈ ਉਹਨਾਂ ਨੇ ਦੇਸ ਰਾਜ ਨੂੰ ਅੱਗੇ ਵਧਣ ਵਿੱਚ ਬਹੁਤ ਸਹਿਯੋਗ ਕੀਤਾ। ਇਹਨਾਂ ਦੇ ਘਰ ਬੇਟੇ ਆਲਮਜੀਤ ਸਿੰਘ , ਬੇਟੀ ਰਣਦੀਪ ਕੌਰ , ਬੇਟੀ ਵਤਨਦੀਪ ਕੌਰ ਨੇ ਜਨਮ ਲਿਆ। ਜੋ ਆਪੋ ਆਪਣੇ ਕਿੱਤਿਆਂ ਨੂੰ ਇਮਾਨਦਾਰੀ ਨਾਲ ਕਰ ਰਹੇ ਹਨ। ਦੇਸ ਰਾਜ ਛਾਜਲੀ ਨੂੰ ਆਪਣੇ ਦੋਸਤਾਂ , ਮਿੱਤਰਾਂ , ਸਨੇਹੀਆਂ , ਵਿਦਿਆਰਥੀਆਂ ਤੇ ਵਿਦਿਆਰਥਣਾਂ ਤੇ ਬਹੁਤ ਵੱਡਾ ਮਾਣ ਹੈ ਜੋ ਇਸ ਪਰਿਵਾਰ ਦੇ ਮੈਂਬਰ ਰਹੇ।
ਦੇਸ ਰਾਜ ਛਾਜਲੀ ਨੂੰ ਇੱਕ ਬੇਹਤਰੀਨ ਅਧਿਆਪਕ ਅਤੇ ਪ੍ਰਿੰਸੀਪਲ ਦੇ ਤੌਰ ਤੇ ਜਾਣਿਆ ਅਤੇ ਪਛਾਣਿਆ ਗਿਆ। ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਜਿਥੇ ਅਨੁਸ਼ਾਸਨ ਪੈਦਾ ਕੀਤਾ ਉਥੇ ਵਿਦਿਆਰਥੀਆਂ ਨੂੰ ਨਾਟਕ , ਕਵਿਤਾ ਉਚਾਰਨ , ਭਾਸ਼ਣ ਕਲਾ ਅਤੇ ਖੇਡਾਂ ਵੱਲ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿਚ ਆਤਮ ਅਧਿਐਨ ਅਤੇ ਸਾਹਿਤ ਸਿਰਜਣਾ ਵੱਲ ਰੁਚਿਤ ਕੀਤਾ ਤੇ ਅੱਜ ਕੱਲ ਉਹਨਾਂ ਦੇ ਕਈ ਵਿਦਿਆਰਥੀ ਪੰਜਾਬੀ ਫ਼ਿਲਮਾਂ , ਟੈਲੀ ਫ਼ਿਲਮਾਂ ਅਤੇ ਟੀ. ਵੀ. ਸੀਰੀਅਲਾਂ ਵਿਚ ਕੰਮ ਕਰ ਰਹੇ ਹਨ। ਦੇਸ ਰਾਜ ਪੇਪਰਾਂ ਵਿੱਚ ਹੁੰਦੀ ਨਕਲ ਦਾ ਹਮੇਸ਼ਾ ਕੱਟੜ ਵਿਰੋਧੀ ਰਿਹਾ ਹੈ। ਪੇਪਰਾਂ ਵਿੱਚ ਉਸ ਕੋਲ ਕੋਈ ਸਿਫਾਰਸ਼ ਕਰਨ ਦੀ ਹਿੰਮਤ ਨਹੀਂ ਸੀ ਕਰਦਾ।
ਦੇਸ ਰਾਜ ਛਾਜਲੀ ਨੇ 1980 ਵਿੱਚ ਲੋਕ ਸੰਗੀਤ ਮੰਡਲੀ ਛਾਜਲੀ ਦੀ ਸਥਾਪਨਾ ਕੀਤੀ ਤੇ ਦੇਸ਼ ਦੇ ਕੋਨੇ ਕੋਨੇ ਵਿੱਚ ਉਸਾਰੂ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਦੇਸ ਰਾਜ ਅਲਗੋਜ਼ਾ ਵਾਦਕ , ਸਰੰਗੀ ਵਾਦਕ , ਢੱਡ ਵਾਦਕ ਦੇ ਨਾਲ ਨਾਲ ਲੋਕ ਪੱਖੀ ਗਾਇਕ ਵੀ ਹੈ। ਸਾਲ 1982 ਵਿੱਚ ਹੋਈਆਂ ਏਸ਼ੀਆਡ ਖੇਡਾਂ ਵਿੱਚ ਬੁਲਾਏ ਗਏ ਪ੍ਰਸਿੱਧ ਅਲਗੋਜ਼ਾ ਵਾਦਕਾਂ ਵਿੱਚ ਦੇਸ ਰਾਜ ਦਾ ਮਾਣਮੱਤਾ ਸਥਾਨ ਸੀ। ਉਹਨਾਂ ਨੇ ਪੰਜਾਬ ਤੋਂ ਬਾਹਰ ਹਿਮਾਚਲ ਪ੍ਰਦੇਸ਼ , ਉੱਤਰ ਪ੍ਰਦੇਸ਼ , ਹਰਿਆਣਾ , ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਸਾਰੰਗੀ ਸ. ਰਣਜੀਤ ਸਿੰਘ ਬਰਨਾਲਾ ( ਸਾਰੰਗ ਸਟੂਡੀਓ ) ਤੋਂ ਵਜਾਉਣ ਤੇ ਬਣਾਉਣ ਦਾ ਬਲ ਸਿੱਖਿਆ। ਦੇਸ ਰਾਜ ਨੇ ਸਾਰੰਗੀ ਨੂੰ ਆਪਣੇ ਹੱਥੀਂ ਤਿਆਰ ਕਰਨ ਦਾ ਹੁਨਰ ਵੀ ਹਾਸਲ ਕੀਤਾ।
ਦੇਸ ਰਾਜ ਛਾਜਲੀ ਨੇ 1913 ਵਿੱਚ ਭਾਰਤ ਦੀ ਟੀਮ ਦੇ ਮੈਂਬਰ ਦੇ ਤੌਰ ਤੇ ਇੰਗਲੈਂਡ , ਲਮਿੰਗਟਨ ਵਿਖੇ ਲਗਦੇ ਦੁਨੀਆਂ ਭਰ ਦੇ ਲੋਕ ਕਲਾਵਾਂ ਦੇ ਮੇਲੇ ( ਮੁਕਾਬਲੇ ) ਵਿੱਚ ਭਾਗ ਲਿਆ ਤੇ ਮਾਣਮੱਤੀਆਂ ਜਿੱਤਾਂ ਹਾਸਲ ਕੀਤੀਆਂ। ਉਹਨਾਂ ਪੰਜਾਬੀ ਵਿੱਚ ਬਣੀ ਕਲਾਤਮਿਕ ਫਿਲਮ ” ਖੂਸਬੂ” ਵਿੱਚ ਸੰਗੀਤ ਦਿੱਤਾ ਜੋ ਆਕਾਰ ਵਿਚ ਛੋਟੀ , ਜਿਸ ਵਿਚ ਕੋਈ ਗੀਤ ਨਹੀਂ , ਪਰ ਉਹ ਪੰਜਾਬੀ ਦੀ ਪਹਿਲੀ ਫਿਲਮ ਹੈ ਜਿਸਨੇ ਦੁਨੀਆਂ ਭਰ ਦੇ ਫਰਾਂਸ ਵਿੱਚ ਲੱਗਦੇ ਫ਼ਿਲਮੀ ਮੇਲੇ ਵਿੱਚੋਂ ਪਹਿਲਾ ਇਨਾਮ ਜਿੱਤਿਆ।
ਦੇਸ ਰਾਜ ਛਾਜਲੀ ਜਿੱਥੇ ਕੋਮਲ ਕਲਾਵਾਂ ਦਾ ਮਹਾਨ ਕਲਾਕਾਰ ਹੈ ਉੱਥੇ ਵੀਰ ਕਥਾਵਾਂ ਦਾ ਕਲਾਕਾਰ ਅਤੇ ਵਿਦਰੋਹੀ ਲੇਖਕ ਵੀ ਹੈ। ਉਸਨੇ ਯੋਧਿਆਂ ਦੀਆਂ ਵਾਰਾਂ ਗਾਉਣ ਦੇ ਨਾਲ ਨਾਲ ਉਸਾਰੂ ਸਾਹਿਤ ਦੀ ਸਿਰਜਣਾ ਵੀ ਕੀਤੀ। ਜਿੰਨ੍ਹਾਂ ਵਿੱਚੋਂ ਸ਼ਹੀਦ ਉਧਮ ਸਿੰਘ ਦਾ ਓਪੇਰਾ , ਸ਼ਹੀਦ ਬੀਬੀ ਗੁਲਾਬ ਕੌਰ ਦਾ ਓਪੇਰਾ , ਗਾਥਾ ਕਿਸ਼ਨਗੜ੍ਹ ਦੀ ਵਿਲੱਖਣ ਪਛਾਣ ਵਾਲੀਆਂ ਰਚਨਾਵਾਂ ਹਨ। ਉਹਨਾਂ ਦੁਬਾਰਾ ਅਲੀਸ਼ੇਰਾਂ ਦਾ ਸ਼ੇਰ ਕਾ. ਬੰਤ ਰਾਮ ਅਲੀਸ਼ੇਰ ( ਤਿੰਨ ਐਡੀਸ਼ਨ ) ਬੀਬੀ ਗੁਲਾਬ ਕੌਰ ਤੇ ਕਾਵਿ ਨਾਟਕ, ਕਿੱਸਾ ਮੌਜੋ, ਕਿਸਾਨੀ ਅੰਦੋਲਨ ਬਾਰੇ ਜੰਗਨਾਮਾ ਭਾਰਤ ਤੇ ਦਿੱਲੀ ਕਿਤਾਬਾਂ ਛਪ ਕੇ ਪਾਠਕਾਂ ਤੱਕ ਪੁੱਜ ਚੁੱਕੀਆਂ ਹਨ । ਦੋ ਹੋਰ ਪੁਸਤਕਾਂ ਕਿੱਸਾ ਜੰਗੀਰ ਸਿੰਘ ਜੋਗਾ ਅਤੇ ਕਾਵਿ ਵਿਅੰਗ ਵਿੰਗ – ਤੜਿੰਗ ਛਪਾਈ ਅਧੀਨ ਹਨ। ਉਹਨਾਂ ਦੁਬਾਰਾ ਅਨੇਕਾਂ ਕਵਿਤਾਵਾਂ ਦੀ ਸਿਰਜਣਾ ਵੀ ਕੀਤੀ ਗਈ। ਉਹਨਾਂ ਦੁਬਾਰਾ ਰਚੀਆਂ ਗਈਆਂ ਕਵਿਤਾਵਾਂ ਆਪਣੇ ਢੰਗ ਨਾਲ ਮੌਜੂਦਾ ਸਮਾਜਿਕ, ਆਰਥਿਕ ਅਤੇ ਰਾਜਨੀਤਕ ਵਿਵਸਥਾ ਦੇ ਅਣਸੁਖਾਵੇਂਪਨ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਇਨਕਲਾਬੀ ਰੋਹ ਅਤੇ ਚੇਤਨਾ ਉਤਪੰਨ ਕਰਦੀਆਂ ਹਨ ਅਤੇ ਪ੍ਰੰਪਰਾਗਤ ਮੁੱਲਾਂ ਨੂੰ ਨਕਾਰਦੀਆਂ ਹਨ ।
ਦੇਸ ਰਾਜ ਛਾਜਲੀ ਕਦੇ ਕਦੇ ਸਾਂਦਲਬਾਰ ਦੇ ਦੁੱਲੇ ਦੀ ਬਾਤ ਪਾਉਂਦਾ ਵੀ ਨਜ਼ਰ ਆਉਂਦਾ ਹੈ ਤੇ ਕਦੇ ਸਿੱਖ ਰਾਜ ਦੇ ਯੋਧੇ ਹਰੀ ਸਿੰਘ ਨਲੂਏ ਬਾਰੇ। ਪੰਜਾਬੀ ਭਾਸ਼ਾ ਦਾ ਕਦਰਦਾਨ ਤੇ ਵਿਦਵਾਨ ਹੋਣ ਕਰਕੇ ਕਦੇ ਬੁੱਲ੍ਹੇ ਸ਼ਾਹ, ਵਾਰਸ ਸ਼ਾਹ, ਪੀਲੂ ਤੇ ਦਮੋਦਰ ਦੇ ਕਿੱਸਿਆਂ ਦੀ ਚਰਚਾ ਵੀ ਕਰਦੈ। ਕਦੇ ਸਿਆਲਾਂ ਦੀ ਹੀਰ ਤੇ ਤਖ਼ਤ ਹਜ਼ਾਰੇ ਦੇ ਰਾਂਝੇ ਦੀ ਕਥਾ ਦਾ ਪ੍ਰਵਚਨ ਵੀ ਕਰਦੈ। ਉਹਨਾਂ ਨੇ ਆਪਣੀ ਖੋਜ ਪੜਤਾਲ ਕਰਕੇ ਹੀਰ ਦੀ ਰਚਨਾ ਵੀ ਕੀਤੀ।
ਦੇਸ ਰਾਜ ਛਾਜਲੀ ਬਾਗੀ ਸੁਭਾਅ ਵਾਲਾ ਇਨਸਾਨ ਹੈ। ਉਹ ਕਦੇ ਕਦੇ ਆਪਣੇ ਆਪ ਨਾਲ ਵੀ ਬਗਾਵਤ ਕਰਦਾ ਨਜ਼ਰ ਆਉਂਦਾ ਹੈ ਕਦੇ ਕਦੇ ਸਮਾਜਿਕ ਕਦਰਾਂ ਕੀਮਤਾਂ ਤੇ ਸਮਾਜਿਕ ਸਰੋਕਾਰਾਂ ਨਾਲ ਵੀ। ਉਸਦੇ ਜੀਵਨ ਵਿੱਚ ਕਾਹਲ ਹੈ। ਉਹ ਹਰ ਵਿਅਕਤੀ ਨਾਲ ਬੜੀ ਕਾਹਲੀ ਤੇ ਸ਼ਿੱਦਤ ਨਾਲ ਜੁੜਦਾ ਹੈ ਅਤੇ ਇਸ ਤੋਂ ਜ਼ਿਆਦਾ ਰਫ਼ਤਾਰ ਨਾਲ ਟੁੱਟ ਵੀ ਜਾਂਦਾ ਹੈ। ਫਿਰ ਉਹ ਨਾ ਆਪਣੀ ਸੁਣੀਂਦੈ ਤੇ ਨਾ ਕਿਸੇ ਹੋਰ ਦੀ। ਜਿਸ ਨਾਲ ਇੱਕ ਵਾਰ ਟੁੱਟ ਗਿਆ ਫਿਰ ਨਹੀਂ —। ਜਦੋਂ ਤੱਕ ਸ. ਹਰੀ ਸਿੰਘ ਤਰਕ ਜਿਉਂਦੇ ਰਹੇ ਉਹਨਾਂ ਨਾਲ ਹਿੱਕ ਡਾਹ ਕੇ ਕੰਮ ਕਰਦਾ ਰਿਹਾ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੁਬਾਰਾ ਚਲਾਏ ਗਏ ਪੇਪਰ ਤੇ ਮੰਚ ਨੂੰ ਅਲਵਿਦਾ ਆਖ ਗਿਆ।
ਮੇਰਾ ਉਹਨਾਂ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਨੂੰ ਮਨ ਕਰਦਾ ਹੈ ਕਿਉਂਕਿ ਉਹਨਾਂ ਵੱਲੋਂ ਮੈਨੂੰ ਬਹੁਤ ਸਾਰੀ ਅਪਣੱਤ ਤੇ ਮੁਹੱਬਤ ਮਿਲੀ। ਇੰਝ ਲੱਗਦਾ ਹੈ ਜਿਵੇਂ ਤਿੱਖੜ ਦੁਪਹਿਰੇ ਯਾਦਾਂ ਨੰਗੇ ਪੈਰੀਂ ਤੁਰਕੇ ਪੇਕੇ ਪਿੰਡੋਂ ਆਈਆਂ ਹੋਣ। ਉਂਝ ਤਾਂ ਜ਼ਿੰਦਗੀ ਵਿੱਚ ਬਹੁਤ ਇਨਸਾਨ ਮਿਲੇ ਪਰ ਉਹਨਾਂ ਵਰਗਾ ਉੱਚਾ ਕਿਰਦਾਰ ਨਹੀਂ ਮਿਲਿਆ। ਇਸ ਸ਼ਖ਼ਸੀਅਤ ਅੱਗੇ ਜ਼ਿੰਦਗੀ ਭਰ ਨਤ ਮਸਤਿਕ ਰਹਾਂਗਾ।
ਸਨੀਸੇਖੂਵਾਸ
9896723031