ਬਾਣੀ ਰੱਟਦੇ ਜ਼ਰੂਰ ਨੇ
ਉਪਦੇਸ਼ ਕਦੇ ਲਏ ਨਾ,
ਮਲਿਕ ਭਾਗੋਆਂ ਨਾ ਯਾਰੀ
ਨੇੜੇ ਲਾਲੋਆਂ ਦੇ ਗਏ ਨਾ ,
ਯੁੱਗਾਂ ਤੋਂ ਲਤਾੜਿਆਂ ਨੂੰ
ਰੱਖਿਆ ਅੱਜ ਵੀ ਲਿਤਾੜ ।
ਤੇਰੇ ਬਾਬਾ ਕੀ ਲੱਗਦੇ
ਜੇੜ੍ਹੇ ਲੁਟੇਰਿਆਂ ਦੇ ਨੇ ਯਾਰ ।
ਮਹਿਲ ਵੀ ਉਸਾਰ ਲਏ
ਬਣਾ ਲਈਆਂ ਨੇ ਜਗੀਰਾਂ,
ਘਰ ਕਾਮਿਆਂ ਦੇ ਭੁੱਖ
ਤਨ ਪਾਟੀਆਂ ਨੇ ਲੀਰਾਂ,
ਹੰਢਾਉਂਦੇ ਹੌਕਿਆਂ ਦੀ ਜੂਨ
ਹੋਏ ਹਾਸਿਆਂ ਦੇ ਲੰਗਾਰ ।
ਤੇਰੇ ਬਾਬਾ ਕੀ ਲੱਗਦੇ
ਜੇੜ੍ਹੇ ਲੁਟੇਰਿਆਂ ਦੇ ਨੇ ਯਾਰ ।
ਧਰਤੀ ਦੀ ਕੁੱਖ ਸਾੜਦੇ
ਹਵਾ ਪਾਣੀ ਪਲੀਤ ਕਰਕੇ,
ਕੁਦਰਤ ਨਾਲ ਧ੍ਰੋਹ ਕਰਦੇ
ਤੇਰੇ ਸ਼ਬਦਾਂ ਦੀ ਤੌਹੀਨ ਕਰਕੇ,
ਖੁੱਲ੍ਹ ਗਏ ਕਸਾਈਖਾਨੇ ਨੇ
ਪਾਕ ਪੇਸ਼ਾ ਹੋ ਗਿਆ ਵਪਾਰ ।
ਤੇਰੇ ਬਾਬਾ ਕੀ ਲੱਗਦੇ
ਜੇੜ੍ਹੇ ਲੁਟੇਰਿਆਂ ਦੇ ਨੇ ਯਾਰ ।
ਬਾਬਾ ਤੇਰੀ ਸੋਚ ਖਾ ਗਏ
ਕੁੱਝ ਚੋਲ਼ੇ ਅਤੇ ਕੁੱਝ ਚੋਰ,
ਆਪਣੀ ਰੋਟੀ ਸਭ ਸੇਕਦੇ
ਤੇਰੀ ਸੋਚ ਦੀ ਨਾ ਲੋੜ,
ਰੁਮਾਲਿਆਂ ਵਿੱਚ ਲਪੇਟ ਕੇ
ਪੂਜੇ ਜਾਂਦੇ ਨੇ ਆਕਾਰ ।
ਬਾਬਾ ਤੇਰੇ ਕੀ ਲੱਗਦੇ
ਜੇੜ੍ਹੇ ਲੁਟੇਰਿਆਂ ਦੇ ਨੇ ਯਾਰ ।
ਜਿਨ੍ਹਾਂ ਲਿਖੇ ਨਹੀਂ ਬੇਦਾਵੇ
ਨਾ ਹੋਏ ਕਦੇ ਵੀ ਬਾਗੀ ,
ਢਾਹੁੰਦੇ ਮਹਿਲਾਂ ਦੇ ਕਿੰਗਰੇ
ਜੇ ਜ਼ਮੀਰ ਹੁੰਦੀ ਜਾਗੀ,
ਬਖਸ਼ੀਆਂ ਜਿਨ੍ਹਾਂ ਨੂੰ ਪਾਤਸ਼ਾਹੀਆਂ
ਦਿੱਤਾ ਉਨ੍ਹਾਂ ਨੂੰ ਵਿਸਾਰ ।
ਬਾਬਾ ਤੇਰੇ ਕੀ ਲੱਗਦੇ
ਜੇੜ੍ਹੇ ਲੁਟੇਰਿਆਂ ਦੇ ਨੇ ਯਾਰ ।

ਜਗਤਾਰ ਸਿੰਘ ਹਿੱਸੋਵਾਲ
98783 30324