ਦਰਦ ਭਰੇ ਗੀਤਾਂ ਨੂੰ ਆਵਾਜ਼ ਦੇ ਕੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਧਰਮਪ੍ਰੀਤ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਸ਼ਾਇਦ ਹੀ ਕੋਈ ਸਰੋਤਾ ਹੋਵੇ ਜੋ ਪੰਜਾਬੀ ਗੀਤ ਤਾਂ ਸੁਣਦਾ ਹੋਵੇ ਪਰੰਤੂ ਧਰਮਪ੍ਰੀਤ ਨੂੰ ਨਾ ਜਾਣਦਾ ਹੋਵੇ। ਪੰਜਾਬੀ ਦਰਦ ਭਰੇ ਗੀਤਾਂ ਦਾ ਰਾਜਾ ਕਹੇ ਜਾਣ ਵਾਲੇ ਧਰਮਪ੍ਰੀਤ ਦਾ ਜਨਮ 09 ਜੁਲਾਈ,1973 ਨੂੰ ਮੋਗੇ ਜਿਲ੍ਹੇ ਦੇ ਬਿਲਾਸਪੁਰ ਵਿੱਚ ਪਿਤਾ ਜਗਰੂਪ ਸਿੰਘ ਅਤੇ ਮਾਤਾ ਬਲਵੀਰ ਕੌਰ ਦੀ ਕੁੱਖੋਂ ਹੋਇਆ । ਧਰਮਪ੍ਰੀਤ ਦਾ ਮਾਪਿਆਂ ਨੇ ਨਾਮ ਭੁਪਿੰਦਰ ਧਰਮਾ ਰੱਖਿਆ।ਬਚਪਨ ਤੋਂ ਗਾਇਕੀ ਦਾ ਸ਼ੌਕ ਰੱਖਣ ਵਾਲਾ ਧਰਮਪ੍ਰੀਤ ਸਮੇਂ ਦੇ ਨਾਲ ਨਿਖਰਿਆ। ਧਰਮਪ੍ਰੀਤ ਨੇ ਗਾਇਕੀ ਦੇ ਖ਼ੇਤਰ ਵਿੱਚ ਭੁਪਿੰਦਰ ਧਰਮਾ ਦੇ ਨਾਮ ਨਾਲ ਪੈਰ ਰੱਖਿਆ। ਇਹਨਾਂ ਦੀ ਪਹਿਲੀ ਐਲਬਮ ਖ਼ਤਰਾ ਹੈ ਸੋਹਣਿਆਂ ਨੂੰ ਪਾਇਲ ਮਿਊਜ਼ਕ ਕੰਪਨੀ ਦੇ ਲੇਬਲ ਹੇਠ 1993 ਵਿੱਚ ਰਿਲੀਜ਼ ਹੋਈ।ਇਸ ਐਲਬਮ ਦੇ ਰਿਲੀਜ਼ ਹੋਣ ਤੋਂ ਬਾਅਦ ਭੁਪਿੰਦਰ ਧਰਮਾ ਗੀਤਕਾਰ ਭਿੰਦਰ ਡੱਬਵਾਲੀ ਦੇ ਸੰਪਰਕ ਵਿੱਚ ਆਏ ਜਿਨ੍ਹਾਂ ਨੇ ਭੁਪਿੰਦਰ ਧਰਮਾ ਨੂੰ ਧਰਮਪ੍ਰੀਤ ਦਾ ਨਾਮ ਦਿੱਤਾ।ਭਿੰਦਰ ਡੱਬਵਾਲੀ ਨਾਲ ਜੁੜਣ ਤੋਂ ਬਾਅਦ ਗੋਇਲ ਮਿਊਜ਼ਿਕ ਕੰਪਨੀ ਦੁਆਰਾ 1997 ਵਿੱਚ ਰਿਲੀਜ਼ ਹੋਈ ਐਲਬਮ ਦਿਲ ਨਾਲ ਖੇਡਦੀ ਰਹੀ ਨੇ ਧਰਮਪ੍ਰੀਤ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ।ਇਸ ਦੇ ਨਾਲ ਨਾਲ ਧਰਮਪ੍ਰੀਤ ਨੇ ਬਾਰਾਂ ਸੋਲੋ ਅਤੇ ਛੇ ਡੁਏਟ ਐਲਬਮਾਂ ਪੰਜਾਬੀ ਸਰੋਤਿਆਂ ਦੀਆਂ ਝੋਲੀ ਪਾਈਆਂ ਜਿਨ੍ਹਾਂ ਵਿੱਚ ਖ਼ਤਰਾ ਹੈ ਸੋਹਣਿਆਂ ਨੂੰ 1993,ਦਿਲ ਨਾਲ ਖੇਡਦੀ ਰਹੀ 1997, ਅੱਜ ਸਾਡਾ ਦਿਲ ਤੋੜਤਾ 1998, ਟੁੱਟੇ ਦਿਲ ਨਹੀਂ ਜੁੜਦੇ 2000,ਐਨਾ ਕਦੇ ਵੀ ਨਹੀਂ ਰੋਇਆ,ਦਿਲ ਕਿਸੇ ਹੋਰ ਦਾ,ਸਾਉਣ ਦੀਆਂ ਝੜੀਆਂ (ਡੁਏਟ)2006, ਟੁੱਟੀਆਂ ਤੜੱਕ ਕਰਕੇ (ਡੁਏਟ) 2006,ਦੇਸੀ ਮਸਤੀ ਡੁਏਟ 2008, ਕਲਾਸ ਫੈਲੋ ਅਤੇ ਦਿਲ ਦੀਆਂ ਭਾਵਨਾਵਾਂ ਸ਼ਾਮਿਲ ਹਨ। ਆਪਣੇ ਸਮੇਂ ਦੀਆਂ ਹਿੱਟ ਗਾਇਕਾਵਾਂ ਸੁਦੇਸ਼ ਕੁਮਾਰੀ ਅਤੇ ਮਿਸ ਪੂਜਾ ਨਾਲ ਗਾਏ ਡੁਏਟ ਗੀਤ ਅੱਜ ਵੀ ਸੁਣੇ ਜਾਂਦੇ ਹਨ।ਧਰਮਪ੍ਰੀਤ ਨੇ ਧਾਰਮਿਕ ਗੀਤ ਵੀ ਗਾਏ ਜ਼ੋ ਅੱਜ ਵੀ ਸਦਾਬਹਾਰ ਹਨ। ਉਹਨਾਂ ਦੀਆਂ ਦੋ ਧਾਰਮਿਕ ਐਲਬਮਾਂ ਪੜ੍ਹ ਸਤਿਗੁਰੂ ਦੀ ਬਾਣੀ (1999) ਅਤੇ ਜੇ ਰੱਬ ਮਿਲਜੇ (2000) ਇਸੇ ਕੜੀ ਵਿੱਚ ਸ਼ਾਮਿਲ ਹਨ। ਧਰਮਪ੍ਰੀਤ ਦੀ ਦੂਜੀ ਐਲਬਮ ਦਿਲ ਨਾਲ ਖੇਡਦੀ ਰਹੀ ਦੀ ਵਿਕਰੀ ਲੱਖਾਂ ਵਿੱਚ ਹੋਈ ਪ੍ਰੰਤੂ ਧਰਮਪ੍ਰੀਤ ਨੂੰ ਇਹ ਦੁੱਖ ਹਮੇਸ਼ਾ ਰਹਿੰਦਾ ਕਿ ਤਕਨਾਲੋਜੀ ਵਿੱਚ ਵਾਧੇ ਨੇ ਐਲਬਮਾਂ ਦੀ ਵਿਕਰੀ ਨੂੰ ਜ਼ਰੂਰ ਘਟਾਇਆ ਹੈ ਜਿਸ ਕਰਕੇ ਬਹੁਤ ਸਾਰੇ ਸਿਰਮੌਰ ਗਾਇਕਾਂ ਨੂੰ ਗ਼ੁਰਬਤ ਭਰੀ ਜ਼ਿੰਦਗੀ ਹਢਾਉਣੀ ਪੈ ਰਹੀ ਹੈ। ਪੰਜਾਬੀ ਗੀਤਕਾਰ ਅਤੇ ਗਾਇਕ ਜਿਨ੍ਹਾਂ ਨੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਂਣ ਵਿੱਚ ਤਮਾਮ ਉਮਰ ਖ਼ਰਚ ਕਰ ਦਿੱਤੀ ਸਮੇਂ ਦੀ ਸਰਕਾਰਾਂ ਨੇ ਕਦੇ ਵੀ ਉਹਨਾਂ ਦੀ ਬਾਂਹ ਫ਼ੜਨ ਦਾ ਯਤਨ ਨਹੀਂ ਕੀਤਾ।ਧਰਮਪ੍ਰੀਤ ਨੂੰ ਵੀ ਆਪਣੇ ਆਖ਼ਰੀ ਸਮੇਂ ਵਿੱਚ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ। ਗ਼ੁਰਬਤ ਭਰੀ ਜ਼ਿੰਦਗੀ ਅਤੇ ਗਾਇਕਾਂ ਦੀ ਦੁਰਦਸ਼ਾ ਨਾ ਸਹਾਰਦਾ ਹੋਇਆ 08 ਜੂਨ 2015 ਨੂੰ ਧਰਮਪ੍ਰੀਤ ਆਪਣੇ ਪਰਿਵਾਰ ਅਤੇ ਸਮੁੱਚੇ ਚਾਹੁਣ ਵਾਲਿਆਂ ਨੂੰ ਸਦਾ ਸਦਾ ਲਈ ਅਲਵਿਦਾ ਕਹਿ ਗਿਆ। ਧਰਮਪ੍ਰੀਤ ਸ਼ਰੀਰਕ ਰੂਪ ਵਿੱਚ ਅੱਜ ਸਾਡੇ ਵਿਚਕਾਰ ਨਹੀਂ ਰਿਹਾ ਪ੍ਰੰਤੂ ਆਪਣੀ ਗਾਇਕੀ ਰਾਹੀਂ ਉਹ ਸਦਾ ਸਰੋਤਿਆਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969

