ਸਾਉਣ ਦਾ ਸਾਰਾ ਮਹੀਨਾ ਸੁੱਕਾ ਹੀ ਲੰਘ ਗਿਆ, ਹੁਣ ਵੇਖੋ ਭਾਦੋਂ ਦੇ ਮਹੀਨੇ ਕਿਵੇਂ ਜਲ ਥਲ ਇੱਕ ਕਰ ਦਿੱਤਾ—…ਸੁਨਣ ਵਿੱਚ ਤਾ ਆਇਆ ਏ ਕਿ, ਧਰਤੀ ਆਪਣੇ ਧੁਰੇ ਤੋ ਹਿੱਲ ਗਈ ਏ, ਪੱਛਮੀ ਮੁਲਖਾਂ ਵਿੱਚ ਦਿਨੋ ਦਿਨ ਤਪਸ਼ ਜਿਹੀ ਵਧਦੀ ਜਾ ਰਹੀ ਏ, ਤੇ ਗਰਮ ਮੁਲਖਾਂ ਵਿੱਚ ਤਾਂ ਚਲੋ ਮੰਨਿਆ——, ਸੱਥ ਵਿੱਚ ਬੈਠਾ ਉੱਚੇ ਵਹਿੜੇ ਵਾਲਿਆਂ ਦਾ ਕਾਮਰੇਡ ਨਛੱਤਰ ਸਿੰਘ ਮੌਸਮ ਦੇ ਬਦਲਦੇ ਸੁਭਾਅ ਨੂੰ ਭਾਂਪਦੇ ਹੋਇਆਂ ਗਿਣਤੀ ਮਿਣਤੀ ਜਿਹੀ ਕਰਦਾ ਬੋਲਿਆ…..
ਗੱਲ ਤਾਂ ਕਾਮਰੇਡਾਂ ਤੇਰੀ ਸਹੀ ਐ, ਕਲਯੁਗ ਦਾ ਪਹਿਰਾ ਚੱਲ ਰਿਹਾ ਵਾ….ਜੋ ਵੀ ਕਹਿੰਦੇ ਹੋ ਸੱਚ ਹੀ ਸੱਚ ਐ….ਜਿਸ ਤਰਾਂ ਦੇ ਲੋਕ ਹੋ ਗਏ
ਉਸ ਤਰਾਂ ਦੀ ਹੀ ਰੱਬ !
ਇੱਕ ਗੱਲ ਹੋਰ ਕਾਮਰੇਡ ਜੀ ਸ਼ਾਇਦ ਤੁਸੀ ਵੀ ਸੁਣੀ ਹੋਵੇ…. ਕਹਿੰਦੇ, ਲੰਮੇ ਬੰਤ ਦੀ ਮੋਟਰ ਤੇ ਚੀਤੇ ਦੇ ਪੈਰਾਂ ਦੇ ਨਿਸ਼ਾਨ ਵੇਖੇ ਗਏ ਨੇ…. ਗੁਰਦੁਆਰੇ ਦੇ ਪਾਠੀ ਸਿੰਘ ਵੱਲੋਂ ਵੀ ਦੋ ਵਾਰ ਸਪੀਕਰ ,ਚ ਬੋਲਿਆ ਗਿਆ ਸੀ, ਕਿ ਭਾਈ ਆਪਣੇ ਆਪਣੇ ਡੰਗਰ ਮਾਲ ਦਾ ਧਿਆਨ ਰੱਖਣਾ, ਆਪਣੇ ਪਿੰਡ ਦੇ ਖੇਤਾਂ ਵਿੱਚ ਚੀਤਾ ਵੇਖਿਆ ਗਿਆ ਏ…. ਕਿਸਾਨ ਵੀਰਾਂ ਨੂੰ ਬੇਨਤੀ ਐ, ਕਿ ਕੱਲੇ ਕਹਿਰੇ ਖੇਤਾਂ ਵਿੱਚ ਨਾ ਜਾਣ….ਕਿਤੇ ਕੋਈ ਅਣਹੋਣੀ ਹੀ ਨਾ ਹੋ ਜਾਵੇ….?
ਇਹ ਗੱਲ ਕੱਲੇ ਆਪਣੇ ਪਿੰਡ ਦੀ ਨਹੀ, ਸਗੋਂ ਨਾਲ ਵਾਲੇ ਪਿੰਡਾਂ ਵਿੱਚ ਵੀ ਚੀਤੇ ਦੀ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਐ, ਕਹਿੰਦੇ ਨੇ ਚਾਰ ਪੰਜ ਚੀਤੇ ਚਿੜੀਆਂ ਘਰ ਚੋ ਤਾਰਾਂ ਤੋੜ ਕੇ ਭੱਜ ਨਿਕਲੇ ਨੇ, ਜੋ ਆਪਣੇ ਇਲਾਕੇ ,ਚ ਆਣ ਵੜੇ ਨੇ…ਬਾਗ ਵਾਲਿਆਂ ਦੇ ਬਹਾਦਰ ਸਿੰਘ ਨੇ ਚੀਤੇ ਦੇ ਡਰ ਦੀ ਗੱਲ ਸਾਂਝੀ ਕਰਦੇ ਹੋਇਆਂ ਕਿਹਾ——-
ਹਾਂ ਹਾਂ ਤਾਇਆ ਤੇਰੀ ਗੱਲ ਸੋਲਾਂ ਆਨੇ ਸੱਚ ਐ, ਮੈਂ ਤਾਂ ਇਹ ਵੀ ਸੁਣਿਆ ਵਾ ਕਿ ਆਪਣੇ ਲਾਗਲੇ ਪਿੰਡ ਦੀ ਹੱਡਾ ਰੋੜੀ ਤੇ ਦੋ ਕੁੱਤੇ ਅੱਧ ਖਾਂਦੇ ਜਿਹੇ ਝਾੜੀਆਂ ਵਿੱਚ ਪਏ….ਪਿੰਡ ਵਾਲਿਆਂ ਨੇ ਵੇਖੇ ਨੇ, ਕਹਿੰਦੇ ਇਹ ਕੰਮ ਉਹਨਾਂ ਚੀਤਿਆਂ ਦਾ ਹੀ ਲਗਦਾ ਐ,
ਤਾਇਆ, ਚੀਤੇ ਦੇ ਡਰੋ….ਹੁਣ ਆਪਣੇ ਪਿੰਡ ਵਾਲੇ ਵੀ ਰਾਤ ਬਰਾਤੇ
ਖੇਤਾਂ ਵਿੱਚ ਜਾਣੋ ਕੁਤਾਹੀ ਜਿਹੀ ਕਰਨ ਲੱਗੇ ਆ…ਡੰਗਰ ਮਾਲ ਵੀ ਲੋਕ ਅੰਦਰ ਬਨਣ ਲੱਗ ਪਏ…. ਕਿ ਕੋਈ ਨਫ਼ਾ ਨੁਕਸਾਨ ਹੀ ਨਾ ਹੋ ਜਾਏ….ਲੰਬੜਦਾਰਾਂ ਦੇ ਬਿੰਦਰ ਨੇ ਸੁਣੀ ਸੁਣਾਈ ਗੱਲ ਸਾਂਝੀ ਕਰਦਿਆਂ ਕਿਹਾ.
ਭਾਈ ਮੁੰਡਿਆ, ਤੂੰ ਵੀ ਆਪਣੇ ਥਾਵੇਂ ਸਹੀ ਏ,ਪਰ ਇਹ ਜੰਗਲੀ ਜਾਨਵਰ ਬਿਚਾਰੇ ਕੀ ਕਰਨ…. ਜੰਗਲ ਵੇਲੇ ਤਾਂ ਅਸੀ ਸਾਰੇ ਕੱਟ-ਵੱਢ ਕੇ ਸੁੱਟ ਦਿੱਤੇ, ਰੜੇ ਮੈਦਾਨ ਬਣਾ ਕੇ ਆਪਣੇ ਰਹਿਣ ਬਸੇਰੇ ਬਣਾ ਲਏ…ਹੁਣ ਜੰਗਲੀ ਜਾਨਵਰ ਬਿਚਾਰੇ ਜਾਣ ਵੀ ਕਿਧਰ, ਹੁਣ ਇਹਨਾਂ ਨੇ ਪਿੰਡਾਂ ਕਸਬਿਆਂ ਵੱਲ ਹੀ ਆਉਣਾ ਐ, ਮਾਸਟਰ ਬਨਾਰਸੀ ਲਾਲ ਨੇ ਵਾਤਾਵਰਨ ਦੇ ਨਿਘਾਰ ਵੱਲ ਜਾਂਦੀ ਸੋਚ ਵਾਰੇ ਚਾਨਣਾ ਪਾਉਂਦਿਆਂ ਕਿਹਾ…….
ਮਾਸਟਰ ਜੀ, ਤੁਸੀ ਪੜ੍ਹੇ ਲਿਖੇ ਇਨਸਾਨ ਹੋ, ਤੁਸੀ ਇਹ ਗੱਲ ਲੱਖ ਟੱਕੇ ਦੀ ਕਹੀ, ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ…..
ਹਾਂ—- ਕਦੇ ਕਦਾਈਂ ਹੀ ਸੁਨਣ ,ਚ ਆਉਂਦਾ ਸੀ, ਕਿ ਫਲਾਣੇ ਇਲਾਕੇ ਵਿੱਚ ਚੀਤਾਂ-ਹਿਰਨ, ਜਾਂ ਫਿਰ ਹੋਰ ਕੋਈ ਜੰਗਲੀ ਜਾਨਵਰ ਰਿਹਾਇਸੀ ਇਲਾਕਿਆਂ ਵੱਲ ਆ ਗਿਆ…ਪਰ ਇਹ ਕਦੇ ਨਹੀਂ ਸੀ, ਸੁਣਿਆ ਕਿ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਚੀਤਿਆਂ ਦੇ ਝੁੰਡ ਆ ਗਏ ਹੋਣ…..ਇਹ ਗੱਲ ਮਨ ਨੂੰ ਲੱਗਣ ਵਾਲੀ ਨਹੀਂ ਲੱਗਦੀ……
ਇਹ ਠੱਗ ਚੋਰ ਚਤਰ ਬਿਰਤੀ ਵਾਲਿਆਂ ਦੇ ਦਿਮਾਗ਼ ਦੀ ਖੋਜ ਹੁੰਦੀ ਹੈ, ਇਹ ਲੋਕ ਕਿਸੇ ਨਾ ਕਿਸੇ ਤਰੀਕੇ ਦਹਿਸ਼ਤ ਫੈਲਾਉਣ ਦੀ ਭਾਲ ਵਿੱਚ ਰਹਿੰਦੇ ਹਨ, ਕਦੇ ਕਾਲੇ ਕੱਛਿਆਂ ਵਾਲਿਆਂ ਦਾ ਡਰ, ਕਦੇ ਨਿਆਣੇ ਚੁੱਕਣ ਵਾਲਿਆਂ ਦੀ ਦਹਿਸ਼ਤ ਦੀ ਢਾਲ ਬਣਾ ਲੈਂਦੇ ਹਨ, ਕਿ ਲੋਕਾਂ ਦੇ ਦਿਮਾਗ਼ਾਂ ,ਚ ਕਿਵੇਂ ਨਾ ਕਿਵੇਂ ਡਰ-ਭੈ ਦਹਿਸ਼ਤ ਦਾ ਮਹੌਲ ਬਣਾਇਆ ਜਾਵੇ…ਫਿਰ ਇਸ ਦਾ ਫ਼ਾਇਦਾ ਚੁੱਕਿਆ ਜਾਵੇ….
ਇਸੇ ਤਰਾਂ ਹੁਣ ਇਹਨਾਂ ਲੋਕਾਂ ਨੇ ਚੀਤੇ ਦੇ ਆਉਣ ਦਾ ਰੌਲਾ ਪਾ ਕੇ
ਲੋਕਾਂ ਨੂੰ ਡਰਾਂ ਕੇ… ਰਾਤ ਨੂੰ ਆਪਣੇ ਘਰਾਂ ਵਿੱਚ ਬੰਦ ਕਰ ਦਿੱਤਾ…..
ਹੁਣ ਰਹੀ ਗੱਲ…. ਜਦੋਂ ਦਾ ਆਪਣੇ ਇਲਾਕੇ ਵਿੱਚ ਚੀਤੇ ਦਾ ਰੌਲਾ ਜਿਹਾ ਪਿਆ ਵਾ…..ਉਸ ਦਿਨ ਤੋ ਮੋਟਰਾਂ ਦੀਆਂ ਕੇਵਲ ਤਾਰਾਂ, ਸਟਾਰਟ ਹੋਰ ਖੇਤੀ ਬਾੜੀ ਦੇ ਸੰਦ, ਵੇਖੋ ਕਿੰਨੇ ਚੋਰੀ ਹੋ ਰਹੇ ਹਨ…
ਇਸ ਗੱਲ ਵਾਰੇ ਕਿਸੇ ਨੇ ਕਦੇ ਸੋਚਿਆ ਵਾ….. ਇਹ ਸਭ ਨਸ਼ੇੜੀ ਕਿਸਮ ਦੇ ਲੋਕਾਂ ਦੀ ਚਾਲਾਂ ਹੁੰਦੀਆਂ ਹਨ…….ਅੱਜ ਤੱਕ ਨਾ ਓਹ ਚੀਤਾਂ ਫੜਿਆਂ ਗਿਆਂ ਨਾ ਹੀ ਕਿਸੇ ਨੇ ਉਸ ਨੂੰ ਵੇਖਿਆਂ…..? ਭੋਲੇ ਲੋਕੋ—ਜਰਾਂ ਅਕਲ ਨੂੰ ਹੱਥ ਮਾਰੋ…… ਸੌ ਦੀ ਮੈਂ ਇੱਕ ਸੁਣਾਵਾਂ ਸਾਡੇ ਇੱਥੇ ਕੁੱਤੀ ਚੋਰਾਂ ਨਾਲ ਮਿਲ਼ੀ ਹੋਈ ਐ….ਕਾਮਰੇਡ ਨਛੱਤਰ ਸਿੰਘ ਚੀਤੇ ਦੀ ਦਹਿਸ਼ਤ ਦਾ ਭੰਡਾ ਭੰਨਦਾ ਹੋਇਆ, ਗੱਲ ਨੂੰ ਹੋਰ ਹੀ ਬੰਨੇ ਲਾ ਦਿੱਤਾ ?
ਕਾਮਰੇਡ ਸਾਹਬ ਗੱਲ ਤਾਂ ਤੁਹਾਡੀ ਵੀ ਸਹੀ, ਇਸ ਗੱਲ ਵੱਲ ਤਾ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ……ਇਹਨਾਂ ਦਿਨਾਂ ਵਿੱਚ ਆਪਣੇ ਇਲਾਕੇ ਵਿੱਚ ਕਈ ਚੋਰੀ ਦੀਆਂ ਵਾਰਦਾਤਾਂ ਹੋਈਆਂ ਨੇ, ਵਾੜੇ ਚੋ ਸਾਡਾ ਵੀ ਕੋਈ ਰਾਤ ਨੂੰ ਕਰਾਹ ਚੁੱਕ ਲੈ ਗਿਆ ਐ, ਪਿੰਡ ਦੀ ਕੋਈ ਹੀ ਮੋਟਰ ਹੋਵੇਗੀ, ਜਿਸ ਦੀ ਕੇਵਲ ਤਾਰ ਨਾ ਖੋਲੀ ਹੋਵੇ…..ਬਾਬੇ ਬਿਸ਼ਨੇ ਦੀਆਂ ਦੋ ਲਵੇਰੀਆਂ ਮੱਝਾਂ, ਹੋਰ ਤਾਂ ਹੋਰ, ਬਿਚਾਰੇ ਗਰੀਬ ਕੁੰਦਨ ਦੀਆਂ ਦੋ ਬੱਕਰੀਆਂ…..ਲੰਬੜਦਾਰਾਂ ਦਾ ਬਿੰਦਰ ਕਾਮਰੇਡ ਦੀ ਗੱਲ ਨਾਲ ਹਾਂ ਵਿੱਚ ਹਾਂ ਮਿਲਾਉਂਦਾ ਹੋਇਆ ਬੋਲਿਆ.
ਦੀਪ ਰੱਤੀ ✍️