ਦਿਵਿਆਂਗਾਂ ਨੇ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਸੌਂਪਿਆ ਮੰਗ ਪੱਤਰ
ਕੋਟਕਪੂਰਾ/ਬਠਿੰਡਾ, 10 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਡਿਪਟੀ ਕਮਿਸ਼ਨਰ, ਡੀ.ਐੱਸ.ਐੱਸ.ਓ. ਅਤੇ ਰਾਸ਼ਟਰੀ ਦਿਵਿਆਂਗ ਐਸੋਸ਼ੀਏਸ਼ਨ ਵਲੋਂ ਦਿਵਿਆਂਗ ਭੈਣ/ਭਰਾਵਾਂ ਲਈ ਡੀ.ਸੀ. ਦਫਤਰ ਤਹਿਸੀਲ ਕੰਪਲੈਕਸ ’ਚ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਬਹੁਤ ਵੱਡੀ ਗਿਣਤੀ ’ਚ ਦਿਵਿਆਂਗਾਂ ਨੇ ਹਿੱਸਾ ਲਿਆ। ਸੈਮੀਨਾਰ ’ਚ ਅੰਗਹੀਣ ਭੈਣ/ਭਰਾਵਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਦੋ ਘੰਟੇ ਪ੍ਰਸ਼ਾਸ਼ਨ ਨਾਲ ਗੱਲਬਾਤ ਚੱਲੀ। ਆਪਣੇ ਸੰਬੋਧਨ ਦੌਰਾਨ ਰਾਸ਼ਟਰੀ ਦਿਵਿਆਂਗ ਐਸੋਸ਼ੀਏਸ਼ਨ ਦੇ ਸੂਬਾਈ ਪ੍ਰਧਾਨ ਲੱਖਾ ਸਿੰਘ ਸੰਘਰ, ਅਜੇ ਕੁਮਾਰ ਸਾਂਸੀ ਸਮੇਤ ਹੋਰ ਆਗੂਆਂ ਨੇ ਅੰਗਹੀਣਾ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਪ੍ਰਸ਼ਾਸ਼ਨ ਸਾਹਮਣੇ ਖੁੱਲ ਕੇ ਗੱਲਬਾਤ ਰੱਖੀ ਅਤੇ ਜਲਦੀ ਇਹਨਾਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਆਖਿਆ। ਪ੍ਰਸ਼ਾਸ਼ਨ ਵੱਲੋਂ ਵੀ ਦਿਵਿਆਂਗਾਂ ਦੀਆਂ ਮੁਸ਼ਕਿਲਾਂ ਬੜੇ ਗੌਰ ਨਾਲ ਸੁਣੀਆਂ ਗਈਆਂ ਅਤੇ ਜੋ ਮੰਗਾਂ ਲੋਕਲ ਪ੍ਰਸ਼ਾਸ਼ਨ ਦੇ ਪੂਰੀਆਂ ਕਰਨ ਵਾਲੀਆਂ ਹਨ, ਜਿਵੇਂ ਕਿ ਦਿਵਿਆਂਗਾਂ ਨੂੰ ਨਰੇਗਾ ’ਚ ਰੁਜਗਾਰ ਦੇਣ, ਦਫਤਰਾਂ ’ਚ ਪਹਿਲ ਦੇ ਆਧਾਰ ’ਤੇ ਸੁਣਵਾਈ, ਹਰ ਇਕ ਅਦਾਰੇ ’ਚ ਪਾਰਕਿੰਗ ਮੁਫਤ ਕਰਨ, ਰੁਜਗਾਰ ਚਲਾਉਣ ਲਈ ਬਿਨਾਂ ਗਰੰਟੀ ਬਿਨਾ ਵਿਆਜ ਲੋਨ ਦੇਣ, ਪ੍ਰਾਈਵੇਟ ਅਦਾਰਿਆਂ ’ਚ ਦਿਵਿਆਂਗਾਂ ਨੂੰ ਪਹਿਲ ਦੇ ਆਧਾਰ ’ਤੇ ਰੁਜਗਾਰ ਦੇਣ ਆਦਿ ਮੰਗਾਂ ਨੂੰ ਪੂਰੀਆਂ ਕਰਨ ਵਾਅਦਾ ਕੀਤਾ ਗਿਆ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਪ੍ਰਤੀ ਮੰਗਾਂ ਜਿਵੇਂ ਕਿ ਪੈਨਸ਼ਨ ’ਚ ਵਾਧਾ ਕਰਨ, ਬੈਕ ਲਾਗ 4 ਫੀਸਦੀ ਕੋਟਾ ਅਤੇ ਹੋਰ ਕਈ ਸਾਰੇ ਮੁੱਦੇ ਪੰਜਾਬ ਸਰਕਾਰ ਤੱਕ ਪਹੁੰਚਾਉਣਾ ਬਾਰੇ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਸ਼ਟਰੀ ਦਿਵਿਆਂਗ ਐਸੋਸ਼ਏਸ਼ਨ ਪੰਜਾਬ ਦੇ ਸੀਨੀਅਰ ਸਲਾਹਕਾਰ ਰਣਧੀਰ ਸਿੰਘ, ਜਿਲਾ ਪ੍ਰਧਾਨ ਪਾਲਾ ਸਿੰਘ ਰਾਮਨਗਰ, ਜਿਲਾ ਸਕੱਤਰ ਗੁਰਜੰਟ ਸਿੰਘ ਭਾਗੀਵਾਂਦਰ, ਜਿਲਾ ਵਾਈਸ ਜਨਰਲ ਸੈਕਟਰੀ ਰੂਪ ਸਿੰਘ, ਜਨਰਲ ਸੈਕਟਰੀ ਬਲਜਿੰਦਰ ਸਿੰਘ, ਮੀਤ ਪ੍ਰਧਾਨ ਮੇਜਰ ਸਿੰਘ, ਗੁਰਵਿੰਦਰ ਸਿੰਘ, ਜੱਸੀ ਕੌਰ, ਹਰਮਨ ਸ਼ਰਮਾ, ਟਿੰਕੂ ਕੁਮਾਰ, ਕਿਰਨ ਜੀਤ ਕੌਰ, ਗੁਰਦੀਪ ਸਿੰਘ ਮੰਡੀਕਲਾਂ, ਜੱਗਾ ਸਿੰਘ ਮੀਆਂ, ਰਾਜ ਕੁਮਾਰ ਪੱਤਰਕਾਰ, ਨਰੇਸ਼ ਕੁਮਾਰ, ਗੋਰਾ ਸਿੰਘ ਗਿੱਲ, ਸੁਖਬੀਰ ਕੌਰ, ਅਮਨ ਦਸੌਂਦੀਆ ਮਾਨਸਾ, ਚੋਪੜਾ ਮਾਨਸਾ ਸਮੇਤ ਹੋਰ ਬਹੁਤ ਸਾਰੇ ਆਗੂ ਅਤੇ ਮੈਂਬਰ ਵੀ ਹਾਜਰ ਸਨ।