ਦਿਨ ਖੁਸ਼ੀਆਂ ਦੇ ਆਵਣ ਰੱਬਾ!
ਦੁਖ ਸਾਡੇ ਮਿਟ ਜਾਵਣ ਰੱਬਾ!
ਦੋ ਵੇਲੇ ਦੀ ਮਿਲ ‘ਜੇ ਰੋਟੀ।
ਸਾਡੇ ਲਈ ਇਹ ਗੱਲ ਨ੍ਹੀਂ ਛੋਟੀ।
ਕੀ ਕਰਨੈ ਅਸੀਂ ਸਾਵਣ ਰੱਬਾ!
ਹੜ੍ਹ ਵਰਗੀ ਬਿਪਤਾ ਨਾ ਆਵੇ।
ਨਾ ਸੋਕੇ ਦਾ ਭਉ ਸਤਾਵੇ।
ਤਾਂ ਹੀ ਦਿਨ ਇਹ ਭਾਵਣ ਰੱਬਾ!
ਰਹੇ ਨਾ ਏਥੇ ਬੇਰੁਜ਼ਗਾਰੀ।
ਮੁੱਕੇ ਸਾਰੀ ਖੱਜਲ-ਖੁਆਰੀ।
ਮਨਚਾਹਿਆ ਸਭ ਪਾਵਣ ਰੱਬਾ!
ਮਿਲੀਏ ਸਭ ਨੂੰ ਪਾ ਗਲਵੱਕੜੀ।
ਗੱਡੀ ਆ ਜਾਵੇ ਫਿਰ ਪਟੜੀ।
ਤੇਰਾ ਸ਼ੁਕਰ ਮਨਾਵਣ ਰੱਬਾ!
ਹੱਕ ਸੱਚ ਦੀ ਕਰੋ ਕਮਾਈ।
ਚੱਲਣਾ ਸਿਖੀਏ ਹੁਕਮ ਰਜ਼ਾਈ।
ਸਾਰੇ ਵੰਡ ਕੇ ਖਾਵਣ ਰੱਬਾ!
ਪੌਣ ਪਾਣੀ ਤੇ ਧਰਤ ਬਚਾਈਏ।
ਨਸ਼ਿਆਂ ਦੇ ਨੇੜੇ ਨਾ ਜਾਈਏ।
ਮੁੱਕਣ ਸਾਰੇ ਰਾਵਣ ਰੱਬਾ!
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)