ਫਿਰ ਆਇਆ ਦਿਨ ਲੋਹੜੀ ਦਾ।
ਸ਼ਗਨ ਹੈ ਗੁੜ ਦੀ ਰੋੜੀ ਦਾ।
‘ਕੱਠੇ ਹੋ ਕੇ ਬੈਠਾਂਗੇ,
ਧੂਣੀ ਦੀ ਅੱਗ ਸੇਕਾਂਗੇ।
ਨਿੱਘ ਸਾਨੂੰ ਵੀ ਲੋੜੀਦਾ।
ਫਿਰ ਆਇਆ ਦਿਨ ਲੋਹੜੀ ਦਾ।
ਬੱਚੇ ਟੋਲੀਆਂ ਵਿੱਚ ਆਏ,
ਪਾਥੀਆਂ ਮੰਗ ਕੇ ਲੈ ਆਏ।
ਥੋੜ੍ਹਾ-ਥੋੜ੍ਹਾ ਜੋੜੀਦਾ।
ਫਿਰ ਆਇਆ ਦਿਨ ਲੋਹੜੀ ਦਾ।
ਸਾਲ ਹੈ ਮੇਲਾ ਹੈ ਪਹਿਲਾ,
ਗੱਜਕ ਦਾ ਭਰਿਆ ਥੈਲਾ।
ਮੂੰਗਫਲੀਆਂ ਨੂੰ ਤੋਡ਼ੀਦਾ।
ਫਿਰ ਆਇਆ ਦਿਨ ਲੋਹੜੀ ਦਾ।
ਨੱਚੀਏ ਤੇ ਭੰਗੜੇ ਪਾਈਏ,
ਰਲ਼ ‘ਰੂਹੀ’ ਨਾਲ਼ ਸਭ ਗਾਈਏ।
‘ਕੱਲਿਆਂ ਕਿਸੇ ਨਹੀਂ ਛੋੜੀਦਾ।
ਫਿਰ ਆਇਆ ਦਿਨ ਲੋਹੜੀ ਦਾ।
ਸਾਡੇ ਮੇਲੇ ਤੇ ਤਿਉਹਾਰ,
ਖੇੜਿਆਂ ਦੀ ਮਹਿਕੇ ਗੁਲਜ਼ਾਰ।
ਸੁੱਤਿਆਂ ਨੂੰ ਝੰਜੋੜੀਦਾ।
ਫਿਰ ਆਇਆ ਦਿਨ ਲੋਹੜੀ ਦਾ।
ਆਓ ਸਾਰੇ ਪ੍ਰਣ ਕਰੀਏ,
ਦੁਖ-ਸੋਗ ਸਭ ਦੇ ਹਰੀਏ।
ਖਾਲੀ ਕੋਈ ਨਹੀਂ ਮੋੜੀਦਾ।
ਫਿਰ ਆਇਆ ਦਿਨ ਲੋਹੜੀ ਦਾ।

~ ਪ੍ਰੋ. ਨਵ ਸੰਗੀਤ ਸਿੰਘ
ਲਤਾ ਗਰੀਨ ਐਨਕਲੇਵ, ਪਟਿਆਲਾ-147002.