ਭੁੱਖੇ ਮੂੰਹ ਨੂੰ ਰੋਟੀ ਦੇਕੇ,ਅੰਨੇ ਹੱਥ ਸੋਟੀ ਦੇਕੇ,
ਬੇਘਰਿਆਂ ਨੂੰ ਘਰ ਦੇਕੇ,ਦਿਲਾਂ ‘ਚ ਵਸਾ ਲਈਏ।
ਆਜੋ ਆਪਾਂ ਇਹੋ ਜਿਹੀ ਐਤਕੀਂ ਦਿਵਾਲ਼ੀ ਮਨਾ ਲਈਏ।
1.
ਨੰਨ੍ਹੇ- ਨੰਨ੍ਹੇ ਹੱਥਾਂ ਨੂੰ ਖ਼ਰੀਦ ਕੇ ਕਿਤਾਬ ਦੇਈਏ,
ਪਟਾਕਿਆਂ ਦੀ ਥਾਂ ਤੇ ਗਿਆਨ ਦਾ ਚਿਰਾਗ ਦੇਈਏ।
ਬਨੇਰਿਆਂ ‘ਤੇ ਜਗਾਉਣੇ ਆ,ਜੋ ਖਿਆਲਾਂ ‘ਚ ਜਗਾ ਲਈਏ।
ਆਜੋ..
2.
ਧੜੋਂ ਨੰਗੇ ਫਿਰਦੇ ਜੋ, ਤਨ ਲਈ ਲਿਬਾਸ ਦੇਈਏ,
ਬਜ਼ੁਰਗਾਂ ਦੇ ਪੈਰੀਂ ਬਹਿਕੇ, ਰੂਹੋਂ ਵਿਸਵਾਸ ਦੇਈਏ।
ਮੁੱਲ ਦੀ ਮਠਿਆਈ ਨਾਲੋਂ,ਜੇ ਪਕਾਕੇ ਖੁਆ ਲਈਏ।
ਆਜੋ..
3.
ਨਫ਼ਰਤਾਂ ਦੀ ਦੌੜ ਨੂੰ ਪਿਆਰ ਨਾਲ ਮੁਕਾ ਦੇਈਏ,
ਤੋਹਫ਼ਿਆਂ ਦੀ ਭੀੜ ਵਿੱਚ ਇੱਕ ਰੁੱਖ ਲਾ ਦੇਈਏ।
ਚਲੋ ਇਸੇ ਬਹਾਨੇ ਆਪਾਂ, ਭਵਿੱਖ ਨੂੰ ਬਚਾ ਲਈਏ।
ਆਜੋ..
4.
ਅੱਗੇ ਖੁਦ ਵਧਣਾ ਨਾ ਸੋਚਿਉ ਰਾਹ ਚ ਬਹਿਣ ਦੀ,
ਕਬੂਲ ਕਰੋ ਨਿੱਕੀ ਜਿਹੀ ਇਹ ਕੋਸ਼ਸ਼ ਸੁਖਚੈਨ ਦੀ।
ਕੱਲਾ ਕੱਲਾ ਤੁਰਿਆਂ ਹਾਂ,ਰਲ ਕਾਫ਼ਿਲਾ ਬਣਾ ਲਈਏ।
ਆਜੋ ਆਪਾਂ ਇਹੋ ਜਿਹੀ ਐਤਕੀਂ ਦਿਵਾਲ਼ੀ ਮਨਾ ਲਈਏ।

ਲਿਖਤ – ਸ.ਸੁਖਚੈਨ ਸਿੰਘ ਕੁਰੜ
9463551814