ਦੀਵਾਲੀ ਹਰ ਵਾਰੀ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਉਂਦੀ ਅਤੇ ਅਸੀਂ ਉਸ ਨੂੰ ਹਰ ਸਾਲ ਚਾਵਾਂ ਨਾਲ ਮਨਾਉਂਦੇ ਹਾਂ। ਐਤਕੀ ਦੀਵਾਲੀ ਦੇ ਤਿਉਹਾਰ ਉੱਪਰ ਜਗਾਏ ਹੋਏ ਦੀਵਿਆਂ ਨੂੰ ਸੁਭਾ ਸਵੇਰੇ ਮੈਂ ਘਰ ਦੀ ਛੱਤ ਤੋਂ ਉਤਾਰਨ ਲਈ ਪੌੜੀਆਂ ਚੜ੍ਹੀ ਜਾ ਰਹੀ ਸੀ। ਦੀਵਿਆਂ ਨੂੰ ਇੱਕਠਾ ਕਰਕੇ ਮੈਂ ਇੱਕ ਟ੍ਰੇ ਵਿਚ ਰਖ ਲਿਆ। ਮੈਂ ਆਪਣੇ ਆਸ ਪਾਸ ਗੁਆਂਢ ਦੀਆਂ ਛੱਤਾਂ ਵੱਲ ਝਾਤ ਮਾਰੀ, ਸਿਵਾਏ ਇੱਕ ਦੋ ਘਰਾਂ ਦੀਆਂ ਕੰਧਾਂ ਉੱਪਰ ਮੈਨੂੰ ਦੋ-ਚਾਰ ਰੱਖੇ ਦੀਵੇ ਹੀ ਨਜ਼ਰ ਆਏ। ਕਿਉਂਕਿ ਅਕਸਰ ਦੀਵਾਲੀ ਮੌਕੇ ਘਰਾਂ ਨੂੰ ਲੜੀਆਂ ਦੇ ਜਾਲ ਨਾਲ ਹੀ ਸ਼ਿੰਗਾਰਿਆ ਜਾਂਦਾ ਹੈ। ਅੱਜ ਦਾ ਮਨੁੱਖ ਫਿਰ ਤਰੱਕੀ ਦੇ ਰਾਹ ਤੇ ਜੁ ਹੋਇਆ। ਜਿਸ ਨੇ ਉਸ ਨੂੰ ਮੌਡਰਨ ਜਮਾਨੇ ਵੱਲ ਧਕੇਲ ਦਿੱਤਾ ਹੈ। ਬਸ ਇਹ ਹੀ ਸੋਚਾਂ ਸੋਚਦਿਆਂ ਮੈਂ ਦੀਵੇ ਲੈ ਕੇ ਹੇਠਾਂ ਉਤਰ ਆਈ। ਪਰ ਅੱਜ ਵੀ ਮੇਰਾ ਧਿਆਨ ਹਰ ਵਰ੍ਹੇ ਵਾਂਗ ਉਹਨਾਂ ਅਤੀਤ ਦੇ ਪੰਨਿਆਂ ਤੇ ਜਾ ਪੈਂਦਾ ਜਦੋਂ ਦੀਵਾਲੀ ਸਿਰਫ਼ ਦੀਵਿਆਂ ਦੀ ਹੁੰਦੀ ਸੀ। ਜਿਸ ਵਿਚ ਖੁਸ਼ੀ ਦਾ ਭੰਡਾਰ ਛੁਪਿਆ ਹੁੰਦਾ ਸੀ।
ਖੈਰ! ਉਸ ਸਮੇਂ ਦੀਵਾਲੀ ਤੋਂ ਪੰਦਰਾਂ ਵੀਹ ਦਿਨ ਪਹਿਲਾਂ ਹੀ ਮੈਂ ਸਕੂਲ ਕਾਲਜੋ ਵਾਪਸ ਆ ਕੇ ਆਪਣੇ ਪਰਿਵਾਰ ਨੂੰ ਪੈਂਦੀ ਸੱਟੇ ਪੁੱਛਦੀ, “ਮਣਭਰੀ ਦੀਵੇ ਦੇ ਗਈ” ਸਾਡੇ ਪਿੰਡ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਦੀਵਾਲੀ ਤੋਂ ਏਨੇ ਕੁ ਦਿਨ ਪਹਿਲਾਂ ਦੀਵੇ ਵੰਡਣੇ ਸ਼ੁਰੂ ਕਰ ਦਿੰਦੇ ਸਨ। ਸਾਰੇ ਪਿੰਡ ਵਿਚ ਦੀਵੇ ਵੰਡਣ ਦਾ ਕੰਮ ਉਸ ਘਰ ਦੀ ਇੱਕ ਅੱਧ-ਖੜ ਉਮਰ ਦੀ ਔਰਤ ਜਿਸ ਦਾ ਨਾਮ ਮਣਭਰੀ ਸੀ, ਵੱਲੋਂ ਕੀਤਾ ਜਾਂਦਾ ਸੀ। ਜਿਸ ਦਿਨ ਉਹ ਘਰ ਵਿਚ ਦੀਵੇ ਦੇਣ ਆਉਂਦੀ ਤਾਂ ਦੀਵਿਆਂ ਵਾਲੇ ਟੋਕਰੇ ਨੂੰ ਬੀਜੀ ਬੜੇ ਪਿਆਰ ਨਾਲ ਲਹਾਉਂਦੇ, ਕਿਤੇ ਦੀਵਿਆਂ ਨੂੰ ਹਲਕੀ ਠੋਕਰ ਵੀ ਨਾ ਲੱਗ ਜਾਵੇ। ਏਨਾਂ ਦੀਵਿਆਂ ਦੇ ਬਦਲੇ ਬੀਜੀ ਉਸ ਨੂੰ ਬਾਲਟੀ ਭਰ ਕੇ ਅਨਾਜ ਦੀ ਦੇ ਦਿੰਦੀ। ਉਞ ਵੀ ਸਾਡੀ ਉਹਨਾਂ ਨਾਲ ਸਾਲ ਭਰ ਦੀ ਸੇਪੀ ਹੁੰਦੀ ਸੀ।
ਘਰ ਖੁੱਲਾ-ਡੁੱਲਾ ਹੋਣ ਕਰਕੇ ਮੈਂ ਮਣਭਰੀ ਤੋਂ ਹਰ ਸਾਲ ਇੱਕ ਸੌ ਇੱਕ ਦੀਵਾ ਲੈ ਲੈਂਦੀ ਜਿਸ ਵਿਚ ਕੁਝ ਦੀਵੇ ਵੱਡੇ ਹੁੰਦੇ ਸਨ। ਇਹਨਾਂ ਦੀਵਿਆਂ ਨੂੰ ਜਗਾਉਣ ਲਈ ਸਰੋਂ ਦੇ ਤੇਲ ਦਾ ਪੀਪਾ ਕਈ ਦਿਨ ਪਹਿਲਾਂ ਕਢਾ ਲਿਆ ਜਾਂਦਾ ਸੀ। ਆਖਿਰ ਬੜੀ ਬੇਸਵਰੀ ਨਾਲ ਉਡੀਕਦਿਆ ਦੀਵਾਲੀ ਦਾ ਦਿਨ ਆ ਹੀ ਜਾਂਦਾ। ਦੀਵਾਲੀ ਵਾਲੇ ਦਿਨ ਜੇਕਰ ਕਿਸੇ ਚੀਜ਼ ਦਾ ਚਾਅ ਹੁੰਦਾ ਤਾਂ ਉਹ ਹੁੰਦਾ ਸੀ ਦੀਵਿਆਂ ਦੀ ਰੋਸ਼ਨੀ ਦਾ ਜਿਸ ਨੂੰ ਢਲਦੀ ਸ਼ਾਮ ਨੂੰ ਦੇਖ ਕੇ ਆਰੰਭ ਕੀਤਾ ਜਾਂਦਾ।
ਪਰਿਵਾਰ ਵਿਚ ਸਭ ਤੋਂ ਵੱਡੇ ਹੋਣ ਕਰਕੇ ਇੱਕ ਜੁੰਮੇਵਾਰੀ ਮੁਤਾਬਕ ਬੀਜੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਪੁੱਛਦੀ ਕਿ, “ਸਿਵਿਆਂ ਵਿਚ ਦੀਵੇ ਰੱਖਣ ਕੌਣ ਜਾਊਗਾ?” ਨਾਲੇ ਹਨੇਰਾ ਹੋਣ ਤੋਂ ਪਹਿਲਾਂ ਰੱਖ ਆਓ। ਏਨਾ ਕਹਿ ਬੀਜੀ ਲਿਫਾਫੇ ਵਿਚ ਦੀਵੇ ਤੇ ਨਿੱਕ-ਸ਼ੁੱਕ ਪਾ ਕੇ ਕਿਸੇ ਨੂੰ ਤੌਰ ਦਿੰਦੇ। ਸੀਵਿਆਂ ਵਿਚ ਦੀਵੇ ਜਗਾਉਣ ਨਾਲ ਸ਼ਾਇਦ ਪੂਰਵਜਾਂ ਨੂੰ ਯਾਦ ਕੀਤਾ ਜਾਂਦਾ ਹੋਵੇ। ਮੈਂ ਕਈ ਵਾਰ ਸੋਚਦੀ ਤੇ ਫਿਰ ਖੇਤ ਵਿਚ ਸਾਰੀਆਂ ਮੋਟਰਾਂ, ਟਿਊਬਵੈਲ ਤੇ ਇੱਕ-ਇੱਕ ਦੀਵਾ ਜਗਾਉਣ ਤੋਂ ਬਾਅਦ ਖੇਤ ਵਿਚ ਬਣੀ ਫੌਜੀ ਬਾਪੂ ਜੀ ਦੀ ਸਮਾਧ ਉੱਪਰ ਦੋ ਦੀਵੇ ਰੱਖੇ ਜਾਂਦੇ। ਜਿਹੜੇ ਵਿਦੇਸ਼ ਵਿਚ ਫੌਜ ਦੀ ਨੌਕਰੀ ਕਰਦੇ ਹੋਏ ਸ਼ਹੀਦ ਹੋਏ ਸਨ। ਉਹਨਾਂ ਨੂੰ ਜਮੀਨ-ਜਾਇਦਾਦ ਵਿਚ ਹਿੱਸੇਦਾਰ ਸਮਝ ਕੇ ਉਹਨਾਂ ਨੂੰ ਦੀਵਾਲੀ ਮੌਕੇ ਸਿਜਦਾ ਜਰੂਰ ਕੀਤਾ ਜਾਂਦਾ ਸੀ। ਖੇਤ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਫਿਰ ਗੁਰੂ ਘਰ ਵਿਚ ਸ਼ਰਧਾ ਭਾਵਨਾ ਨਾਲ ਦੇਸੀ ਘਿਓ ਦੇ ਦੀਵੇ ਜਗਾਂ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਜਾਂਦੀ। ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤ ਕੇ ਘਰ ਵਿਚ ਦੀਵੇ ਜਗਾਉਣ ਦਾ ਕੰਮ ਆਰੰਭ ਕੀਤਾ ਜਾਂਦਾ ਸੀ ਜਿਸ ਨੂੰ ਮੈਂ ਬਹੁਤ ਹੀ ਚਾਅ ਨਾਲ ਪੂਰਾ ਕਰਦੀ। ਸਰੋਂ ਦੇ ਤੇਲ ਵਾਲੇ ਪੀਪੇ ਵਿਚੋ ਜੱਗ ਭਰ ਕੇ ਮੈਂ ਉਹਨਾਂ ਦੀਵਿਆਂ ਵਿਚ ਤੇਲ ਪਾਈ ਜਾਂਦੀ ਤੇ ਕੋਈ ਦੂਸਰਾ ਉਸ ਨੂੰ ਜਗਾਂ ਕੇ ਘਰ ਦੀਆਂ ਛੱਤਾਂ, ਦੀਵਾਰਾਂ ਅਤੇ ਚੌਂਕੇ ਦੀਆਂ ਕੰਧੋਲੀਆਂ ਉੱਪਰ ਚਿਣੀ ਜਾਂਦਾ। ਦੀਵੇ ਜਗਾਉਣ ਮੌਕੇ ਸਾਨੂੰ ਤੇਲ ਦੀ ਕੋਈ ਪਰਵਾਹ ਨਹੀਂ ਸੀ ਹੁੰਦੀ। ਬੀਜੀ ਨੇ ਕਦੇ-ਕਦੇ ਟੋਕ ਦੇਣਾ ਕਿ, “ਇਹ ਤੇਲ ਧਨੀਆਂ ਅਤੇ ਕਈ ਹੋਰ ਨਿੱਕ-ਸ਼ੁੱਕ ਪਾ ਕੇ ਕਢਵਾਇਆ ਹੈ ਤੇ ਤੁਸੀਂ ਅੱਧਾ ਪੀਪਾ ਹੀ ਮਧਿਆਤਾ।” ਪਰ ਮੈਂ ਜਮਾਂ ਹੀ ਪਰਵਾਹ ਨਾ ਕਰਦੀ।
ਅਖੀਰ ਵਿਚ ਵਾਰੀ ਆਉਂਦੀ ਪਸ਼ੂਆਂ ਵਾਲੇ ਪਾਸੇ ਦੀ ਜਿਸ ਵਿਚ ਪਸ਼ੂਆਂ ਵਾਲੇ ਵਰਾਂਡੇ, ਪੱਠੇ ਕੁੱਤਰਨ ਵਾਲਾ ਟੋਕਾ, ਨਲਕੇ, ਬਾਥਰੂਮ ਅਤੇ ਬਾਹਰ ਪਾਥੀਆਂ ਵਾਲੀ ਪਖ਼ਤਨ ਵਿਚ ਵੀ ਇੱਕ-ਇੱਕ ਦੀਵਾ ਰੱਖਿਆ ਜਾਂਦਾ ਸੀ। ਘਰ ਦੇ ਮੁੱਖ ਦਰਵਾਜੇ ਉੱਪਰ ਦੋ ਵੱਡੇ ਦੀਵੇ ਸਜਾਏ ਜਾਂਦੇ ਸਨ। ਇਹਨਾਂ ਤੋਂ ਇਲਾਵਾ ਬੀਜੀ ਇੱਕ ਵੱਡਾ ਦੀਵਾ ਆਪਣੇ ਹੱਥੀ ਆਪ ਜਗਾਉਂਦੇ ਸਨ ਜਿਸ ਵਿਚ ਉਹ ਇੱਕ ਜਾਂ ਦੋ ਰੁਪਏ ਦਾ ਸਿੱਕਾ ਕੱਚੀ ਲੱਸੀ ਨਾਲ ਧੋ ਕੇ ਸਾਫ ਕੱਪੜੇ ਨਾਲ ਪੂੰਝ ਕੇ ਉਸ ਦੀਵੇ ਵਿਚ ਪਾਉਂਦੇ ਸਨ। ਉਸ ਦੀਵੇ ਨੂੰ ਉਹ ਸਾਰੀ ਰਾਤ ਜਗਦਾ ਰੱਖਦੇ ਸਨ। ਉਹਨਾਂ ਦਾ ਮੰਨਣਾ ਸੀ ਕਿ ਇਸ ਨਾਲ ਘਰ ਵਿਚ ਸੁੱਖ-ਸਮਰਿਧੀ ਆਉਂਦੀ ਹੈ, ਬੇਸ਼ੱਕ ਹਰ ਕਮਰੇ ਵਿਚ ਤੇਜ਼ ਲਾਈਟ ਮੌਜੂਦ ਹੁੰਦੀ ਸੀ ਪਰੰਤੂ ਫਿਰ ਵੀ ਹਰ ਕਮਰੇ ਵਿਚ ਇੱਕ-ਇੱਕ ਦੀਵਾ ਜਰੂਰ ਜਗਾਇਆ ਜਾਂਦਾ ਸੀ। ਦੀਵੇ ਜਗਾਉਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਦੋਂ ਸਾਰੇ ਘਰ ਵੱਲ ਝਾਤ ਮਾਰੀ ਜਾਂਦੀ ਤਾਂ ਦ੍ਰਿਸ਼ ਬਹੁਤ ਹੀ ਸੁੰਦਰ ਹੁੰਦਾ। ਉਸ ਸਮੇਂ ਪਿੰਡ ਦਾ ਹਰ ਘਰ ਇੰਝ ਹੀ ਦੀਵੇ ਜਗਾਉਂਦਾ। ਘਰ ਦਾ ਕੋਈ ਵੀ ਕੋਨਾ ਦੀਵੇ ਤੋਂ ਸੱਖਣਾ ਨਹੀਂ ਸੀ ਹੁੰਦਾ। ਦੀਵਾਲੀ ਮੌਕੇ ਦੀਵੇ ਤੋਂ ਸੱਖਣੇ ਕੋਨੇ ਨੂੰ ਬਦਸ਼ਗਨ ਸਮਝਿਆ ਜਾਂਦਾ ਸੀ। ਜੇਕਰ ਪਿੰਡ ਦਾ ਕੋਈ ਘਰ ਸਿਰਫ ਲੜੀਆਂ ਦਾ ਜਾਲ ਸੁੱਟ ਕੇ ਦੀਵਾਲੀ ਮਨਾਉਂਦਾ ਤਾਂ ਉਸ ਨੂੰ ਫੋਕਾਪਣ ਸਮਝਿਆ ਜਾਂਦਾ ਜਿਹੜਾ ਕਿ ਦਿਲ ਦੀ ਗਹਿਰਾਈ ਤੋਂ ਵਾਂਝਾ ਹੁੰਦਾ ਸੀ। ਰਿਵਾਇਤ ਅਨੁਸਾਰ ਦੀਵਾਲੀ ਦੇ ਤਿਉਹਾਰ ਤੇ ਦੇਸੀ ਘਿਓ ਜਾਂ ਸਰੋਂ ਦੇ ਤੇਲ ਦੇ ਦੀਵੇ ਜਗਾਉਣ ਨੂੰ ਹੀ ਮਹੱਤਵ ਦਿੱਤਾ ਜਾਂਦਾ। ਜਿਸ ਨੂੰ ਆਦਰ ਸਹਿਤ ਸਿਰ ਢੱਕ ਕੇ ਆਪਣੇ ਹੱਥੀ ਦੀਵੇ ਬਾਲ ਕੇ ਇਸ ਤਿਉਹਾਰ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਜਿਸ ਵਿਚੋਂ ਖੁਸ਼ੀ ਦੇ ਝਲਕਾਰੇ ਸਾਰੇ ਘਰ ਨੂੰ ਅਨੰਦ ਨਾਲ ਭਰ ਦਿੰਦੇ ਸਨ। ਅੱਜ ਸਮੇਂ ਨੇ ਬੇਸ਼ੱਕ ਕਰਵੱਟ ਬਦਲ ਲਈ ਪਰੰਤੂ ਉਹ ਸਕੂਨ ਅੱਜ ਵੀ ਮੇਰੇ ਅੰਦਰ ਸਮਾਇਆ ਹੋਇਆ ਹੈ। ਮੇਰੀ ਹਰ ਵਰ੍ਹੇ ਦੀਵਾਲੀ ਦੇ ਤਿਉਹਾਰ ਉਪਰ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਦੀਵਾਲੀ ਸਿਰਫ਼ ਦੀਵਿਆਂ ਦੀ ਹੀ ਹੋਵੇ। ਇਹ ਹੀ ਸੋਚ ਕੇ ਮੇਰੇ ਚਿਹਰੇ ਉਪਰ ਆਪ ਮੁਹਾਰੇ ਮੁਸਕਾਨ ਛਾ ਜਾਂਦੀ ਹੈ।

ਕਰਮਜੀਤ ਕੌਰ ਮੁਕਤਸਰ
ਮੋ: 89685-94379

