ਕੌਣ ਮਨਾਏ ਦੀਵਾਲੀ ਦੀ ਰਾਤ ਸੁਹਾਣੀਂ।
ਜਦ ਕਿਧਰੇ ਵੀ ਦਿਸਦੀ ਨਈਂ ਏ ਬਾਤ ਸੁਹਾਣੀਂ।
ਕਾਲਕਲੂਟੇ ਬੱਦਲਾਂ ਦੀ ਇਕ ਸਾਜਿਸ਼ ਦਿਸਦੀ।
ਅੰਬਰ ਦੇ ਵਿਚ ਕੜ-ਕੜ ਕਰਦੀ ਆਤਿਸ਼ ਦਿਸਦੀ।
ਚੰਦਰੀ ਬਾਰਿਸ਼ ਨੇ ਖਾ ਲਈ ਪ੍ਰਭਾਤ ਸੁਹਾਣੀ।
ਕੌਣ ਮਨਾਏ ਦੀਵਾਲੀ ਦੀ ਰਾਤ ਸੁਹਾਣੀਂ।
ਜੰਗ ਨੇ ਕੀਤਾ ਮਾਨਵਤਾ ਦਾ ਏਦਾਂ ਨਾਸ਼।
ਢਹਿ ਢੇਰੀ ਨੇ ਲੱਖਾਂ ਘਰ ਲਾਸ਼ਾਂ ਤੇ ਲਾਸ਼।
ਗੰਦਲੇ ਮੌਸਮ ਦੀ ਵੇਖੋ ਸੌਗਾਤ ਸੁਹਾਣੀਂ।
ਕੌਣ ਮਨਾਏ ਦੀਵਾਲੀ ਦੀ ਰਾਤ ਸੁਹਾਣੀਂ।
ਅਰਥ ਵਿਵਸਥਾ ਡੋਲ ਗਈ ਹਿੱਲੀਆਂ ਸਰਕਾਰਾਂ।
ਆਪੋ ਧਾਪੀ ਪੈ ਗਈ ਵਿਚ ਸੋਚ ਵਿਚਾਰਾਂ।
ਭੂੰ ਮੰਡਲੀ ਕਰਨ ’ਚ ਨਈਂ ਏਂ ਗੱਲਬਾਤ ਸੁਹਾਣੀਂ।
ਕੌਣ ਮਨਾਏ ਦੀਵਾਲੀ ਦੀ ਰਾਤ ਸੁਹਾਣੀਂ।
ਬੰਦਾ-ਬੰਦੇ ਨੂੰ ਹੀ ਚਾਹਵੇ ਇਤਬਾਰ ਕਰੇ।
ਤੇ ਸਧਰਾਂ ਚਾਵਾਂ ਰੀਝਾਂ ਦੇ ਨਾਲ ਪਿਆਰ ਕਰੇ।
ਧਰਤੀ ਉਤੇ ਹੋਵੇ ਬਸ ਇਕ ਜਾਤ ਸੁਹਾਣੀਂ।
ਕੌਣ ਮਨਾਏ ਦੀਵਾਲੀ ਦੀ ਰਾਤ ਸੁਹਾਣੀਂ।
ਖੁੰਭਾਂ ਵਾਂਗੂੰ ਉਗ ਪਏ ਥਾਂ-ਥਾਂ ਤੇ ਬਾਬੇ।
ਜਿੱਦਾਂ ਜੀ ਟੀ ਰੋਡ ਤੇ ਦਿਸਦੇ ਗੰਦੇ ਢਾਬੇ।
ਸ਼ਕਤੀ ਭਗਤੀ ਵਿਚ ਨਈਂ ਏਂ ਔਕਾਤ ਸੁਹਾਣੀਂ।
ਕੌਣ ਮਨਾਏ ਦੀਵਾਲੀ ਦੀ ਰਾਤ ਸੁਹਾਣੀਂ।
ਰੌਸ਼ਨੀਆਂ ਦੀ ਝਿਲ ਮਿਲਾਹਟ ਵਿਚ ਰਾਤਾਂ ਹੋਵਣ।
ਕੰਨਸੋਆਂ ਵਿਚ ਜੰਨਤ ਵਾਲੀਆਂ ਬਾਤਾਂ ਹੋਵਣ।
ਬੱਦਲਾਂ ਵਿੱਚੋਂ ਚੰਨ ਦੀ ਹੋਵੇ ਝਾਤ ਸੁਹਾਣੀ।
ਕੌਣ ਮਨਾਏ ਦੀਵਾਲੀ ਦੀ ਰਾਤ ਸੁਹਾਣੀਂ।
ਹਾਸੇ ਦੀ ਕਿਲਕਾਰੀ ਹੋਵੇ ਲੋਕ ਨਾ ਰੋਵਣ।
ਭਵਿੱਖ ’ਚ ਕਰਮਠਤਾ ਵਾਲੇ ਦੀਵੇ ਹੋਵਣ।
ਬਾਲਮ ਝੋਲੀ ਵਿਚ ਹੋਵੇ ਖ਼ੈਰਾਤ ਸੁਹਾਣੀਂ।
ਫੇਰ ਮਨਾਈਏ ਦੀਵਾਲੀ ਦੀ ਰਾਤ ਸੁਹਾਣੀਂ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409