ਅੱਤ ਦੀ ਗਰਮੀ ਤੋਂ ਬਾਅਦ ਮੌਸਮ ਵਿੱਚ ਹੌਲੀ-ਹੌਲੀ ਰਵਾਨਗੀ ਆਉਂਦੀ ਹੈ ਅਤੇ ਫਿਰ ਇਹ ਮੌਸਮ ਬਹੁਤ ਸੁਹਾਵਣਾ ਹੋ ਜਾਂਦਾ ਹੈ। ਗਰਮੀ ਵਿੱਚ ਅਨੇਕਾਂ ਤਰ੍ਹਾਂ ਦੇ ਕੀੜੇ-ਮਕੌੜੇ ਨਿਕਲਦੇ ਹਨ। ਅੱਤ ਦੇ ਖ਼ਰਾਬ ਅਤੇ ਚਿਪਚਿਪੇ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਵੀ ਆਉਂਦੀਆਂ ਹਨ। ਘਰਾਂ ਵਿੱਚ ਸਲਾਬ ਦਾ ਮੌਸਮ ਵੀ ਹੁੰਦਾ ਹੈ। ਘਰ ਵਿੱਚ ਰਹਿੰਦਿਆ ਵੀ ਕੁਝ ਅਜੀਬ ਤਰ੍ਹਾਂ ਦਾ ਮੌਸਮ ਮਹਿਸੂਸ ਹੁੰਦਾ ਹੈ। ਮੌਸਮ ਦੇ ਬਦਲਣ ਨਾਲ ਵੀ ਕੰਮ ਕਰਨ ਨੂੰ ਵੀ ਦਿਲ ਕਰਦਾ ਹੈ ਅਤੇ ਫਿਰ ਸ਼ੁਰੂ ਹੋ ਜਾਂਦੀ ਹੈ ਘਰਾਂ ਦੀ ਸਫ਼ਾਈ….. ਪੁਰਾਣੇ ਸਮੇਂ ਵਿੱਚ ਕੱਚੇ ਘਰ ਹੁੰਦੇ ਸਨ ਅਤੇ ਚੂਹਿਆਂ ਦੀਆਂ ਰੁੱਡਾਂ ਆਦਿ ਬਣੀਆਂ ਹੁੰਦੀਆਂ ਸਨ। ਘਰ ਦੇ ਫਰਸ਼ ਨੂੰ ਦੁਬਾਰਾ ਲਿੰਬ ਪੋਚ ਕੇ ਅਤੇ ਕੱਚੀਆਂ ਦੀਵਾਰਾਂ ਨੂੰ ਲਿੰਬ ਕੇ ਸੰਵਾਰਿਆ ਜਾਂਦਾ ਸੀ। ਮੀਂਹ ਵੀ ਆਖਰਾ ਦਾ ਪੈਂਦਾ ਸੀ। ਘਰਾਂ ਨੂੰ ਸਹੀ ਕਰਨ ਲਈ ਦੁਬਾਰਾ ਮਿੱਟੀ, ਤੂੜੀ ਅਤੇ ਗੋਹੇ ਦਾ ਲੇਪ ਬਣਾਇਆ ਜਾਂਦਾ ਸੀ। ਪੁਰਾਣੀ, ਕਿਤੋਂ ਟੁੱਟੀ, ਕੰਧ, ਦੀਵਾਰ ਅਤੇ ਘਰ ਨੂੰ ਫਿਰ ਤੋਂ ਸਾਫ਼ ਸੁਥਰਾ ਬਣਾਇਆ ਜਾਂਦਾ ਸੀ। ਸਮੇਂ ਦੇ ਹਿਸਾਬ ਨਾਲ਼ ਸਭ ਚੀਜ਼ਾਂ ਬਦਲਦੀਆਂ ਗਈਆਂ ਅਤੇ ਫਿਰ ਪੱਕੇ ਘਰਾਂ ਦੀ ਵਾਰੀ ਆ ਗਈ, ਪਰ ਦੀਵਾਲੀ ਦੀ ਸਫ਼ਾਈ ਉਵੇਂ ਹੀ ਰਹੀ। ਅੱਜ ਬੇਸ਼ੱਕ ਘਰਾਂ ਦੀ ਸਫ਼ਾਈ ਵਧੀਆ ਤਰੀਕੇ ਨਾਲ਼ ਕੀਤੀ ਜਾਂਦੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਮਨ ਵਿੱਚ ਇਹ ਹੁੰਦਾ ਹੈ ਕਿ ਸਾਰੇ ਕੱਪੜਿਆਂ ਨੂੰ ਦੁਬਾਰਾ ਧੁੱਪ ਲਵਾਈ ਜਾਵੇ ਅਤੇ ਧੋਤੇ ਜਾਣ। ਸਲਾਬੇ ਵਿੱਚ ਆਏ ਬੈਕਟੀਰੀਆ, ਜਰਮਾ ਨੂੰ ਗਰਮ ਪਾਣੀ ਨਾਲ਼ ਧੋ ਕੇ ਸਾਫ ਕੀਤਾ ਜਾਵੇ। ਇਸ ਤਿਉਹਾਰ ‘ਤੇ ਝੋਨੇ ਦੀ ਫ਼ਸਲ ਵੀ ਹੁੰਦੀ ਹੈ। ਘਰ ਨੂੰ ਸੰਵਾਰਨ ਲਈ ਪੈਸਾ-ਧੇਲਾ ਵੀ ਕੋਲ਼ ਆ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਬਹਾਨੇ ਨਾਲ਼ ਜੇਕਰ ਘਰ ਵਿੱਚ ਕੋਈ ਕੰਮ ਕਰਵਾਉਣਾ ਹੁੰਦਾ ਹੈ ਤਾਂ ਇਸ ਮੌਸਮ ਵਿੱਚ ਕਰਵਾ ਲਿਆ ਜਾਂਦਾ ਹੈ। ਇਸ ਸਮੇਂ ਮੌਸਮ ਬਹੁਤ ਵਧੀਆ ਹੁੰਦਾ ਹੈ। ਨਾ ਬਹੁਤ ਗਰਮੀ ਹੁੰਦੀ ਹੈ ਅਤੇ ਨਾ ਸਰਦੀ ਹੁੰਦੀ ਹੈ। ਸੁਹਾਵਣੇ ਮੌਸਮ ਵਿੱਚ ਕੰਮ ਵਧੀਆ ਤਰੀਕੇ ਨਾਲ਼ ਨਿਪਟ ਜਾਂਦਾ ਹੈ। ਇਸ ਕਰਕੇ ਦੀਵਾਲੀ ਦੇ ਮੌਸਮ ‘ਤੇ ਸਫ਼ਾਈ ਕਰਨ ਨਾਲ਼ ਅਗਲਾ ਸਮਾਂ ਵਧੀਆ ਲੰਘ ਜਾਂਦਾ ਹੈ। ਫਿਰ ਬਹੁਤ ਸਰਦੀ ਵਿੱਚ ਵੀ ਚੰਗੇ ਤਰੀਕੇ ਨਾਲ਼ ਸਫ਼ਾਈ ਨਹੀਂ ਹੁੰਦੀ। ਇਹ ਵੀ ਸੋਚਿਆ ਜਾਂਦਾ ਹੈ ਕਿ ਘਰ ਦੀ ਨੁਕਰੇ ਕੋਈ ਜ਼ਹਿਰੀਲਾ ਕੀੜਾ ਮਕੌੜਾ ਜਾਂ ਸੱਪ ਆਦਿ ਨਾ ਲੱਗਾ ਹੋਵੇ। ਚੀਜ਼ਾਂ ਨੂੰ ਪਰੇ ਕਰਕੇ ਸਫ਼ਾਈ ਕਰਨ ਨਾਲ਼ ਮਨ ਦਾ ਵਹਿਮ ਨਿਕਲ ਜਾਂਦਾ ਹੈ। ਇਸੇ ਬਹਾਨੇ ਇਕ ਵਾਰ ਘਰ ਦੀਆਂ ਸਾਰੀਆਂ ਨੁੱਕਰਾਂ ਨੂੰ ਚੰਗੇ ਤਰੀਕੇ ਨਾਲ਼ ਸਾਫ਼ ਕਰ ਦਿੱਤਾ ਜਾਂਦਾ ਹੈ। ਇਸ ਸੁਹਾਵਣੇ ਮੌਸਮ ਵਿੱਚ ਤਿਉਹਾਰ ਦੇ ਆਉਣ ਨਾਲ਼ ਸਫਾਈ ਨਾਲ਼ ਸਾਰਾ ਵਾਤਾਵਰਨ ਵੀ ਮਹਿਕ ਉੱਠਦਾ ਹੈ।

ਪਰਵੀਨ ਕੌਰ ਸਿੱਧੂ
8146536200
