ਧੂੰਏਂ ਦਾ ਪ੍ਰਦੂਸ਼ਣ, ਭੁੱਲ ਕੇ ਨਹੀਂ ਫੈਲਾਵਾਂਗੇ।
ਦੀਵਾਲੀ ਦੀ ਰਾਤ ਪਟਾਕੇ ਨਹੀਂ ਚਲਾਵਾਂਗੇ।
ਇਸ ਵਾਰੀ ਦੀਵਾਲੀ ਆਪਾਂ ਹਰੀ ਮਨਾਵਾਂਗੇ।
ਸਾਡੇ ਬਾਬੇ ‘ਪਵਣੁ ਗੁਰੂ’ ਉਪਦੇਸ਼ ਸੁਣਾਇਆ ਏ।
ਧਰਤੀ ਮਾਂ ਨੂੰ ਮਾਤਾ ਕਹਿ ਉਸ ਨੇ ਵਡਿਆਇਆ ਏ।
ਨਾਨਕ ਦੇ ਬੋਲਾਂ ਤੇ ਆਪਾਂ ਫੁੱਲ ਚੜ੍ਹਾਵਾਂਗੇ
ਇਸ ਵਾਰੀ…
ਹਰ ਦੀਵਾਲੀ ਨੋਟਾਂ ਨੂੰ ਅੱਗ ਲਾਈ ਜਾਨੇਂ ਆਂ।
ਖੂਨ ਪਸੀਨੇ ਵਾਲੀ ਰੋੜ੍ਹ ਕਮਾਈ ਜਾਨੇ ਆਂ।
ਲੋੜਵੰਦਾਂ ਦੀ ਲੋੜ ਕੋਈ ਪੂਰੀ ਕਰ ਆਵਾਂਗੇ
ਇਸ ਵਾਰੀ…
ਅੱਠ ਮਾਰਗੀ ਸੜਕਾਂ, ਛਾਵਾਂ ਕਿੱਥੋਂ ਭਾਲਾਂਗੇ।
ਇੱਕ ਦਿਨ ਪਰਲੋ ਆ ਜਾਊ, ਆਪਾਂ ਕਿੱਦਾ ਟਾਲਾਂਗੇ।
ਹਰੇ ਭਰੇ ਰੁੱਖ ਲਾ, ਧਰਤੀ ਦੀ ਕੁੱਖ ਬਚਾਵਾਂਗੇ
ਇਸ ਵਾਰੀ…
ਰੁੱਖ ਰਵਾਇਤੀ ਜਾਮਣ ਪਿੱਪਲ ਬੋਹੜ ਉਗਾਈਏ ਜੀ।
ਇਕ ਇਕ ਬੂਟਾ ਨਿੰਮ ਦਾ ਹੱਥੀਂ ਆਪ ਲਗਾਈਏ ਜੀ।
ਭੋਲਿਆਂ ਦੀ ਸੱਥ ਬਹਿ ਕੇ, ਗੀਤ ਖੁਸ਼ੀ ਦੇ ਗਾਵਾਂਗੇ
ਇਸ ਵਾਰੀ …
ਬੰਦੀ ਛੋੜ ਦਿਵਸ ਗੁਰੂ ਘਰ ਜਾ ਮਨਾ ਲਈਏ।
ਗੁਰਬਾਣੀ ਨੂੰ ‘ਦੀਸ਼’ ਦਿਲਾਂ ਦੇ ਵਿੱਚ ਵਸਾ ਲਈਏ।
ਬਾਬੇ ਦੇ ਵਿਹੜੇ ਵੀ ਬੂਟਾ ਲਾ ਕੇ ਆਵਾਂਗੇ
ਇਸ ਵਾਰੀ …

ਗੁਰਦੀਸ਼ ਕੌਰ ਗਰੇਵਾਲ- ਕੈਲਗਰੀ
ਵਟਸਐਪ: +1 403 404 1450

