ਕੀ ਹੋਇਆ ਜੇ ਵਗੇ ਹਨੇਰੀ, ਦੀਵੇ ਜਗਦੇ ਰਹਿਣਗੇ।
ਤੇਰੇ ਰੁਕਿਆਂ ਸਮਾਂ ਨਾ ਰੁਕਣਾ, ਦਰਿਆ ਵਗਦੇ ਰਹਿਣਗੇ।
ਸਰਦ ਹਵਾਵਾਂ ਚੱਲਣ ਭਾਵੇਂ, ਜਜ਼ਬੇ ਮਘਦੇ ਰਹਿਣਗੇ।
ਕੋਈ ਸ਼ਹਾਦਤ ਜਾਏ ਨਾ ਬਿਰਥੀ, ਮੇਲੇ ਲੱਗਦੇ ਰਹਿਣਗੇ।
ਕਾਤਲ ਭਾਵੇਂ ਕਰ ਦੇ ਕੀਮਾ, ਚਿਹਰੇ ਦਗ਼ਦੇ ਰਹਿਣਗੇ।
ਸ਼ੇਰਾਂ ਮੂਹਰੇ ਟਿਕੇ ਨਾ ਕੋਈ, ਗਿੱਦੜ ਭੱਜਦੇ ਰਹਿਣਗੇ।
ਏਕੇ ਵਿੱਚ ਜੇ ਰਹੇ ਨਾ ਆਪਾਂ, ਦੁਸ਼ਮਣ ਠੱਗਦੇ ਰਹਿਣਗੇ।
ਅਣਖੀ ਸੋਨੇ ਦੀ ਜੁੱਤੀ ਨੂੰ, ਸਦਾ ਹੀ ਤਜਦੇ ਰਹਿਣਗੇ।
ਕਿਰਤੀ ਰੋਟੀ ਨੂੰ ਵੀ ਤਰਸੇ, ਸ਼ਾਹ ਤਾਂ ਰੱਜਦੇ ਰਹਿਣਗੇ।
ਹੀਰਾਂ ਦੇ ਘਰ ਰਾਂਝੇ ਵਰਗੇ, ਹੋਰ ਵੀ ਬਰਦੇ ਰਹਿਣਗੇ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002 (9417692015)

