ਜਦੋਂ ਮੈ ਚੱਲਦਾ ,ਤਾਂ ਰਾਹਵਾਂ, ਮੇਰੇ ਨਾਲ ਚੱਲਦੀਆਂ ਨੇ,
ਚੰਨ,ਤਾਰੇ ਵੀ ਤੁਰਦੇ ਨੇ, ਹਵਾਵਾਂ ,ਨਾਲ ਚੱਲਦੀਆਂ ਨੇ।
ਕਦੇ ਪੀਲੇ,ਕਦੇ ਨੀਲੇ ਕਦੇ ਰੰਗ ਗੰਦਮੀ ਜਾਪਣ,
ਬਹਾਰਾਂ ਨਾਲ ਚੱਲਦੀਆਂ ਨੇ, ਖਿਜਾਵਾਂ ਨਾਲ ਚੱਲਦੀਆਂ ਨੇ।
ਕਦੇ ਕੋਈ ਜ਼ਲਜ਼ਲਾ ਆਵੇ,ਕਦੇ ਆਵੇ ਤਪਸ਼ ਕਹਿਰਾਂ ਦੀ,
ਸਭ ਦੁੱਖ ਹਰ ਦੇਂਦੀਆ ਨੇ, ਦੁਆਵਾਂ ਨਾਲ ਚੱਲਦੀਆਂ ਨੇ।
ਲੰਮਾ ਏ ਸਫ਼ਰ ਹਯਾਤੀ ਦਾ, ਬਿਨਾਂ ਤੁਰਿਆਂ ਏ ਮੁੱਕੇ ਨਾ,
ਗਿਲੇ, ਸ਼ਿਕਵੇ ਵੀ ਚਲਦੇ ਨੇ, ਵਫਾਵਾਂ ਨਾਲ ਚੱਲਦੀਆਂ ਨੇ।
ਕਦੇ ਹਾਸਾ, ਕਦੇ ਗੁੱਸਾ,ਕਦੇ ਘੂਰੀ ਕੋਈ ਤੁਰਦੀ,
ਮੇਰੇ ਦਿਲਦਾਰ ਤੇਰੀਆਂ ਸਭ ਅਦਾਵਾਂ ਨਾਲ ਚੱਲਦੀਆਂ ਨੇ।
ਜੇ ਅੱਖਾਂ ਖੋਹਲ ਕੇ ਵੇਖਾਂ, ਤਾਂ ਦੂਰੀ ਕੋਹਾਂ ਦੀ ਜਾਪੇ,
ਜੇ ਝਾਕਾਂ ਦਿਲ ਦੇ ਅੰਦਰ ਤਾਂ, ਸਾਹਾਂ ਨਾਲ ਚੱਲਦੀਆਂ ਨੇ।
ਖਾਰੇ ਪਾਣੀ, ਠੰਢੇ ਹਾਉਕੇ,ਆਹਾਂ, ਸਭ ਨਾਲੋ ਨਾਲ ਈ ਚੱਲਣ,
ਤੇਰੇ ਦਰ ਕਰਨ ਨੂੰ ਸਿਜਦਾ,ਸਦਾਵਾਂ, ਨਾਲ ਚੱਲਦੀਆਂ ਨੇ।
ਸਤਨਾਮ ਕੌਰ ਤੁਗਲਵਾਲਾ