ਇਹ ਦੁਨੀਆਦਾਰੀ ਨੂੰ ਚਾਰ ਦਿਨਾਂ ਦਾ ਮੇਲਾ ਕਿਹਾ ਜਾਂਦਾ ਹੈ , ਕਿਉਂਕਿ ਇਸ ਨੇ ਇੱਕ ਦਿਨ ਮੁੱਕ ਹੀ ਜਾਣਾ ਹੈ ! ਸਥਿਰ ਕੁਝ ਵੀ ਨਹੀਂ ਨਾ ਹਿਮਾਲਿਆ ਨਾ ਚਮਕਦੇ ਚੰਨ-ਤਾਰੇ ਨਾ ਹੀ ਅਸੀਂ-ਤੁਸੀਂ !
ਜਿਵੇਂ ਸੱਚਮੁੱਚ ਕਿਸੇ ਮੇਲੇ ਵਿੱਚ ਜਵਾਕ ਵਿਚਰਦੇ ਨੇ ਦੁਨੀਆਂ ਦੇ ਮੇਲੇ ਵਿੱਚ ਆਪਾਂ ਸਭ ਵੀ ਨਿਆਣੇ ਹੋ ਕੇ ਘੁੰਮਦੇ ਫਿਰਦੇ ਹਾਂ, ਚਾਹੇ ਸਾਡੀ ਉਮਰ ਕੋਈ ਵੀ ਹੋ ਗਈ ਹੋਵੇ ।
ਸਾਡਾ ਦੁਨੀਆਂ ‘ਚ ਵਿਚਰਨਾ ਉਵੇਂ ਹੀ ਸ਼ੁਰੂ ਹੁੰਦਾ ਜਿਵੇਂ ਕਿਸੇ ਜਵਾਕ ਦਾ ਮੇਲੇ ਵਿੱਚ !
ਬਚਪਨ ਵੇਲੇ ਅਸੀਂ ਮਨਪਸੰਦ ਦੇ ਖਿਡੌਣਿਆਂ ਲਈ ਭਾਂਤ-ਭਾਂਤ ਦੀਆਂ ਦੁਕਾਨਾਂ ‘ਤੇ ਭਟਕਦੇ ਰਹਿੰਦੇ ਹਾਂ ‘ਤੇ ਅੱਜ ਉਮਰਾਂ ਦੇ ਇਸ ਪੜਾਅ ‘ਤੇ ਆ ਕੇ
ਅਸੀਂ ਉਹੀ ਖਿਡੌਣੇ ਸੋਸ਼ਲ ਮੀਡੀਆ ਦੀਆਂ ਸਜੀਆਂ-ਧਜੀਆਂ ਵੱਖ-ਵੱਖ ਦੁਕਾਨਾਂ ‘ਤੇ ਲੱਭਦੇ ਰਹਿੰਦੇ ਹਾਂ !
ਜਵਾਕ ਮੇਲੇ ਵਿੱਚ ਕਿਸੇ ਮਨਪਸੰਦ ਖਿਡੌਣੇ ਦੀ ਤਲਾਸ਼ ਕਰਦਾ, ਵੱਡੇ ਹੋ ਕੇ ਅਸੀਂ ਜ਼ਿੰਦਗੀ ਵਿੱਚ ਕਿਸੇ ਇਨਸਾਨ ਦੀ !
ਕਈ ਵਾਰ ਬੱਚੇ ਨੂੰ ਖਿਡੌਣਾ ਮਿਲ ਜਾਂਦਾ ਕਦੀ ਨਹੀਂ, ਇਹੋ ਸਾਡੇ ਨਾਲ਼ ਵੱਡੇ ਹੋ ਕੇ ਹੁੰਦਾ ਕਦੇ ਮਨਪਸੰਦ ਸਖਸ਼ ਮਿਲ ਜਾਂਦਾ ਕਦੇ ਨਹੀਂ !
ਮੇਲੇ ਵਿੱਚ ਕਈ ਵਾਰ ਹੋਰ ਵਧੀਆ ਖਿਡੌਣੇ ਦੀ ਭਟਕਣਾ ਵਿੱਚ ਜਵਾਕ ਸਾਰਾ ਮੇਲਾ ਗਾਹ ਦਿੰਦੇ ਨੇ ਪਰ ਮਿਲਦਾ ਨਹੀਂ, ਅੰਤ ਨੂੰ ਜੋ ਮਿਲਦਾ ਉਹਦੇ ਨਾਲ਼ ਹੀ ਸਬਰ ਕਰਨਾ ਪੈਂਦਾ , ਪਰ ਕਈ-ਕਈ ਵਾਰ ਤਾਂ ਇਹ ਭਟਕਣ ਕਰਕੇ ਉਹ ਖਿਡੌਣੇ ਤੋਂ ਵੀ ਅਸੀਂ ਹੱਥ ਧੋ ਬੈਠਦੇ ਹਾਂ ਜਿਸਨੂੰ ਅਸੀਂ ਹੋਰ ਵਧੀਆ ਦੀ ਤਲਾਸ਼ ਵਿੱਚ ਠੁੱਡ ਮਾਰ ਆਏ ਹੁੰਦੇ ਹਾਂ ।ਕਿਉਂਕਿ ਹੁਣ ਤੱਕ ਉਹ ਕਿਸੇ ਹੋਰ ਦੀ ਖੇਡ ਬਣ ਚੁੱਕਾ ਹੁੰਦਾ ਹੈ !
ਇਹੋ ਕੁਝ ਸਾਡੇ ਰਿਸ਼ਤਿਆਂ ‘ਚ ਚੱਲਦਾ ਰਹਿੰਦਾ !
ਹੁਣ ਜਿਸ ਜਵਾਕ ਨੂੰ ਮਨਪਸੰਦ ਖਿਡੌਣਾ ਮਿਲ ਜਾਂਦਾ ਜੀਅ ਭਰ ਕੇ ਖੇਡਦਾ, ਪਿਆਰ ਨਾਲ਼ ਸੰਭਾਲ ਕੇ ਰੱਖਦਾ ! ਪਰ ਇਹ ਸਿਲਸਿਲਾ ਆਖਰ ਟੁੱਟਣਾ ਹੀ ਹੁੰਦਾ ਮੈਂ ਸ਼ੁਰੂ ਵਿੱਚ ਹੀ ਕਿਹਾ ਸੀ ਸਥਿਰ ਕੁਝ ਵੀ ਨਹੀਂ ! ਸਾਡੇ ਚਾਅ, ਪਸੰਦ ਵੀ ਸਮੇਂ ਨਾਲ਼ ਬਦਲ ਜਾਂਦੀ ਹੈ !
ਖਿਡੌਣੇ ਅਪਦੀ ਉਮਰ ਹੰਢਾ ਕੇ ਟੁੱਟ ਜਾਂਦੇ ਨੇ ,ਰਿਸ਼ਤੇ ਅਪਣੀ ਉਮਰ ਭੋਗ ਕੇ ਮੁੱਕ ਜਾਂਦੇ ਨੇ !
ਮਨੁੱਖੀ ਮਨ ਬੜਾ ਚੰਚਲ ਹੈ ਬੱਚਿਆਂ ਵਰਗਾ ਹੀ ਰਹਿੰਦਾ !
ਇੱਕ ਹੀ ਖਿਡੌਣੇ ਨਾਲ਼ ਖੇਡ ਕੇ ਇਹ ਮਨ ਬੋਝਲ ਮਹਿਸੂਸ ਕਰਨ ਲੱਗਦਾ,
ਕਈ ਵਾਰ ਬੱਚਿਆਂ ਦਾ ਖਿਡੌਣੇ ਤੋਂ ਮਨ ਭਰ ਜਾਂਦਾ ‘ਤੇ ਸਾਡਾ ਰਿਸ਼ਤੇ ਤੋਂ !
ਫਿਰ ਅਸੀਂ ਨਵੇਂ ਖਿਡੌਣੇ ਦੀ ਤਲਾਸ਼ ‘ਚ ਜੁੱਟ ਜਾਂਦੇ ਹਾਂ !
‘ਤੇ ਜਦੋਂ ਹੀ ਕਦੇ ਕਿਤੋਂ ਨਵਾਂ ਖਿਡੌਣਾ ਸਾਡੇ ਹੱਥ ਲੱਗ ਜਾਂਦਾ ਅਸੀਂ ਪੁਰਾਣੇ ਨੂੰ ਦਰ-ਕਿਨਾਰ ਕਰ ਦਿੰਦੇ ਹਾਂ !
ਬਹੁਤੀ ਵਾਰ ਤਾਂ ਅਸੀਂ ਸੋਚਦੇ ਹਾਂ ਕਿ ਪੁਰਾਣੇ ਹੋ ਚੁੱਕੇ ਖਿਡੌਣਿਆਂ ਨੂੰ ਸਾਡੇ ਕੋਲ ਘਰ ‘ਚ ਰੱਖਣ ਲਈ ਵੀ ਹੁਣ ਜਗ੍ਹਾ ਨਹੀਂ ਹੈ !
ਇਸੇ ਤਰ੍ਹਾਂ ਹਾਲ ਸਾਡੇ ਰਿਸ਼ਤਿਆਂ ਦਾ ਹੁੰਦਾ ਹੈ ਅਸੀਂ ਨਵੇਂ ਬਣੇ ਰਿਸ਼ਤੇ ਦੇ ਚੱਕਰ ‘ਚ ਪੁਰਾਣੇ ਰਿਸ਼ਤਿਆਂ ਨੂੰ ਜ਼ਿੰਦਗੀ ‘ਚ ਰੱਖਣ ਤੋੰ ਵੀ ਇਸੇ ਕਰਕੇ ਮੁਨਕਰ ਹੋ ਜਾਂਦੇ ਹਾਂ ਤਾਂ ਕਿ ਕਿਤੇ ਉਹਨਾਂ ਦੇ ਅਤੀਤ ਦਾ ਪਰਛਾਵਾਂ ਸਾਡੇ ਭਵਿੱਖ ‘ਤੇ ਨਾ ਪੈ ਜਾਵੇ !
ਕਈ ਬੱਚੇ ਹੁੰਦੇ ਹਨ ਜੋ ਖਿਡੌਣੇ ਨੂੰ ਉਮਰਾਂ ਤੱਕ ਸੰਭਾਲ ਕੇ ਵੀ ਰੱਖਦੇ ਹਨ
ਠੀਕ ਉਵੇਂ ਹੀ ਕਈ ਹੁੰਦੇ ਨੇ ਜੋ ਕਿਸੇ ਰਿਸ਼ਤੇ ਨੂੰ ਸੰਭਾਲ ਕੇ ਹੀ ਨਹੀੰ ਰੱਖਦੇ ਬਲਕਿ ਅਪਣੀ ਲਗਨ,ਮਿਹਨਤ,ਮੋਹ-ਪਿਆਰ ਸਦਕੇ ਮੁੜ-ਮੁੜ ਕੇ ਜਿਉਣ ਜੋਗਾ ਵੀ ਕਰੀ ਰੱਖਦੇ ਨੇ !
ਪਰ ਇਹ ਮਸਲਾ ਬਚਪਨ ‘ਚ ਖਿਡੌਣਿਆਂ ਦਾ ਹੋਵੇ ਜਾ ਅਗਲੀ ਉਮਰ ‘ਚ ਜਾ ਕੇ ਰਿਸ਼ਤਿਆਂ ਦਾ, ਸਾਡੇ ਵਿੱਚੋੰ ਬਹੁਤਿਆਂ ਹੀ ਹਾਲਤ ਮੇਲੇ ਵਿੱਚ ਰੋਂਦੇ ਉਸ ਜਵਾਕ ਵਰਗੀ ਹੀ ਹੁੰਦੀ ਹੈ ਜੋ ਮਨਪਸੰਦ ਦੇ ਖਿਡੌਣੇ ਲਈ ਤਾਂਘਦਾ ਰੋ ਰਿਹਾ ਹੁੰਦਾ ਹੈ !
ਵੀਤ ਬਾਦਸ਼ਾਹਪੁਰੀ
+1 604 653 9064
ਸਰੀ ( ਕਨੇਡਾ )