ਦਸਮ ਪਾਤਸ਼ਾਹ ਹੁਕਮ ਹੈ ਫੁਰਮਾ ਗਏ
ਆਏ ਨੂੰ ਦੇਗ ਚੜ੍ਹੇ ਨੂੰ ਤੇਗ ਸਿਖਾ ਗਏ।
ਦਿਲ ਵਿੱਚ ਮਨੁੱਖਤਾ ਤੇ ਜ਼ਜ਼ਬਾ ਜਨੂੰਨੀ
ਬਾਣੀ ਤੇ ਬਾਣੇ ਲੜ ਲੱਗਣਾ ਹੈ ਕਨੂੰਨੀ।।
ਸਿੱਖੀ ਦਾ ਮੂਲ ਸਿਧਾਂਤ ਹੈ ਕਿਰਤ ਕਰਨਾ
ਵੰਡ ਛੱਕਣੀ ਤੇ ਗਰੀਬ ਦਾ ਢਿੱਡ ਭਰਨਾ।
ਨਾਮ ਜਪ ਮਨ ਨੀਵਾ ਮਤ ਉੱਚੀ ਕਰਨਾ
ਪੰਥ ਲਈ ਲੜਨਾ ਵੈਰੀ ਤੋਂ ਨਾ ਡਰਨਾ।।
ਸ਼ਸ਼ਤਰਧਾਰੀ ਰੀਤ ਦਸਮੇਸ਼ ਚਲਾ ਗਏ
ਸ਼ਸ਼ਤਰਾਂ ਦੀ ਕੀ ਹੈ ਮਹਿਮਾ ਸਮਝਾ ਗਏ।
ਮਜ਼ਲੂਮਾਂ ਦੀ ਰੱਖਿਆ ਲਈ ਤੇਗ ਹੈ ਚੰਡੀ
ਮਾਨਸਾਂ ਦੇ ਏਕੇ ਲਈ ਸ਼ੁੱਧ ਦੇਗ ਹੈ ਵੰਡੀ।।
ਲੰਗਰਾਂ ਵਿੱਚ ਸਦਾ ਵਰਤਾਣੀਆਂ ਦੇਗਾਂ
ਜੰਗਾਂ ਜਿੱਤਣ ਲਈ ਮਿਆਨੋ ਧੂਹੋ ਤੇਗਾਂ।
ਖਾਲਸਾ ਤਾਂ ਖੁਦ ਦਾ ਹੀ ਹੁੰਦਾ ਹੈ ਖੁਦਾ
ਸ਼ਸ਼ਤਰ ਕਦੇ ਨਾ ਕਰੇ ਆਪਣੇ ਤੋਂ ਜੁਦਾ।।
ਕੌਮ ਲਈ ਘਰ ਘਾਟ ਛੱਡਣਾ ਸਿਖਾਇਆ
ਜ਼ਾਲਮ-ਜ਼ੁਲਮ ਨਾਲ ਲੜਨਾ ਵਡਿਆਇਆ।
ਵੈਰੀ ਦੇ ਮੂਹਰੇ ਕਦੇ ਈਨ ਨਾ ਹੈ ਮੰਨਣੀ
ਸਵਾ ਲੱਖ ਨਾਲ ਲੜ ਅੜ ਸਦਾ ਭੰਨਣੀ।।
ਕੱਕਾ, ਕੰਘਾ ,ਕੜਾ,ਕਿਰਪਾਨ ਤੇ ਕਛਹਿਰਾ
ਸਿੱਖ ਤੋਂ ਸਿੰਘ ਲਈ ਵੇਸ ਦਿੱਤਾ ਸੁਨਹਿਰਾ।
ਨਾ ਖੁਦ ਜਬਰ ਕਰਨਾ ਨਾ ਜਬਰ ਸਹਿਣਾ
ਕੁੜੀਮਾਰ ਦੀ ਢਹਿਣੀ ਨਾ ਕਦੇ ਹੈ ਬਹਿਣਾ।।
ਛੋਟੇ ਨੂੰ ਪਿਆਰ ਤੇ ਵੱਡਿਆ ਦਾ ਸਤਿਕਾਰ
ਸੱਚੇ ਜੀਵਨ ਜਾਚ ਲਈ ਮੁੱਢਲਾ ਆਧਾਰ।
ਖਾਲਸੇ ਦੀ ਹੌਂਦ ਲਈ ਨਿਸ਼ਾਨ ਝੁਲਾਇਆ
ਖਾਲਸੇ ਨੂੰ ਸ਼ੇਰ ਆਖ ਸਿੰਘ ਹੈ ਬੁਲਾਇਆ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।