ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਛੱਡ ਦੇਣਾ,ਪਿੰਡ ਛੱਡ ਚੰਡੀਗੜ੍ਹ ਲੈ ਲਏ ਦਾਖ਼ਲੇ,ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਅਤੇ ਟੀਚਰ ਵਰਗੇ ਗੀਤਾਂ ਨੂੰ ਆਪਣੀ ਦਮਦਾਰ ਅਤੇ ਸੁਰੀਲੀ ਆਵਾਜ਼ ਦੇਣ ਵਾਲੀ ਮਿਸ ਪੂਜਾ ਕਿਸੇ ਜਾਣ ਪਹਿਚਾਣ ਦੀ ਮੁਹਤਾਜ਼ ਨਹੀਂ। ਉਸਨੇ ਲੰਮਾ ਸਮਾਂ ਪੰਜਾਬੀ ਇੰਡਸਟਰੀ ਵਿੱਚ ਰਾਜ ਕੀਤਾ ਜੋ ਅੱਜ ਵੀ ਕਾਇਮ ਹੈ।ਮਿਸ ਪੂਜਾ ਦੇ ਪਹਿਲੇ ਗੀਤ ਜਾਨ ਤੋਂ ਪਿਆਰੀ ਦੇ ਹਿੱਟ ਹੋਣ ਤੋਂ ਬਾਅਦ ਉਸ ਨਾਲ ਗੀਤ ਗਾਉਣ ਵਾਲੇ ਗਾਇਕਾਂ ਦਾ ਤਾਂ ਹੜ੍ਹ ਆ ਗਿਆ।2006 ਤੋਂ ਬਾਅਦ ਅਜਿਹਾ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸਨੇ ਮਿਸ ਪੂਜਾ ਨਾਲ ਕੋਈ ਗੀਤ ਨਾ ਗਾਇਆ ਹੋਵੇ।ਵੀਰ ਦਵਿੰਦਰ, ਦਰਸ਼ਨ ਖੇਲਾ, ਗੁਰਵਿੰਦਰ ਬਰਾੜ, ਧਰਮਪ੍ਰੀਤ,ਕਰਮਾ, ਸ਼ਿੰਦਾ ਸ਼ੌਂਕੀ, ਮਨਜੀਤ ਰੂਪੋਵਾਲੀਆ,ਵੀਰ ਸੁਖਵੰਤ,ਬਾਈ ਅਮਰਜੀਤ, ਪ੍ਰੀਤ ਬਰਾੜ ,ਬਾਬੂ ਚੰਡੀਗੜ੍ਹੀਆ ਅਤੇ ਅਮਰ ਅਰਸ਼ੀ ਵਰਗੇ ਆਪਣੇ ਸਮੇਂ ਦੇ ਪ੍ਰਸਿੱਧ ਗਾਇਕਾਂ ਨੇ ਮਿਸ ਪੂਜਾ ਨਾਲ ਗੀਤ ਗਾਏ।
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਪਟਿਆਲਾ ਦੇ ਰਾਜਪੁਰਾ ਵਿੱਚ 04 ਦਸੰਬਰ 1980 ਨੂੰ ਜਨਮੀ ਮਿਸ ਪੂਜਾ ਦੇ ਪਿਤਾ ਦਾ ਨਾਂ ਇੰਦਰਪਾਲ ਕੈਂਥ ਅਤੇ ਮਾਤਾ ਦਾ ਨਾਂ ਸਰੋਜ ਦੇਵੀ ਸੀ। ਮਾਂਪਿਆ ਨੇ ਮਿਸ ਪੂਜਾ ਦਾ ਨਾਂ ਗੁਰਿੰਦਰ ਕੌਰ ਕੈਂਥ ਰੱਖਿਆ ਪ੍ਰੰਤੂ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਆਪਣਾ ਸਟੇਜ ਨਾਂ ਮਿਸ ਪੂਜਾ ਰੱਖਿਆ।ਮਿਸ ਪੂਜਾ ਤਿੰਨ ਭੈਣ ਭਰਾ ਹਨ ਉਹਨਾਂ ਦੀ ਭੈਣ ਦਾ ਨਾਂ ਮਨਦੀਪ ਕੌਰ ਕੈਂਥ ਅਤੇ ਭਰਾ ਦਾ ਨਾਂ ਮਨਪ੍ਰੀਤ ਕੈਂਥ ਹੈ।ਮਿਸ ਪੂਜਾ ਨੇ ਆਪਣੀ ਮੁੱਢਲੀ ਪੜ੍ਹਾਈ ਰਾਜਪੁਰਾ ਤੋਂ ਕਰਕੇ ਬੀ ਏ ਚੰਡੀਗੜ੍ਹ,ਬੀ ਐੱਡ ਅਤੇ ਐੱਮ ਏ ਸੰਗੀਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਮਿਸ ਪੂਜਾ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ।ਯੂਨਿਵਰਸਿਟੀ ਅਤੇ ਕਾਲਜਾਂ ਵਿੱਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਮਿਸ ਪੂਜਾ ਦੀ ਗਾਇਕੀ ਨੂੰ ਹੋਰ ਨਿਖ਼ਾਰ ਮਿਲਿਆ। ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਮਿਸ ਪੂਜਾ ਰਾਜਪੁਰਾ ਦੇ ਪਟੇਲ ਪਬਲਿਕ ਸਕੂਲ ਵਿੱਚ ਕੁੱਝ ਸਮਾਂ ਸੰਗੀਤ ਦੇ ਅਧਿਆਪਕ ਰਹੇ।ਇੱਕ ਵਾਰ ਉਹਨਾਂ ਨੂੰ ਗਾਉਂਦੇ ਹੋਏ ਜੈਲੀ ਮਨਜੀਤ ਪੂਰੀ ਨੇ ਸੁਣਿਆ ਤਾਂ ਉਹਨਾਂ ਨੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਲਾਲ ਕਮਲ ਜੀ ਨਾਲ ਗੱਲ ਕੀਤੀ ਜਿਨ੍ਹਾਂ ਨੂੰ ਇੱਕ ਪਲੇਅ ਬੈਕ ਗਾਇਕ ਦੀ ਲੋੜ ਸੀ ਇਸ ਤਰ੍ਹਾਂ ਮਿਸ ਪੂਜਾ ਲਈ ਪੰਜਾਬੀ ਇੰਡਸਟਰੀ ਵਿੱਚ ਰਾਹ ਖੁੱਲ੍ਹ ਗਿਆ।ਇਸ ਤੋਂ ਬਾਅਦ ਮਿਸ ਪੂਜਾ ਨੂੰ ਪਹਿਲਾ ਗੀਤ ਜਾਨ ਤੋਂ ਪਿਆਰੀ ਅਤੇ ਉਸ ਤੋਂ ਬਾਅਦ ਸੋਲੋ ਅਤੇ ਦੋਗਾਣਿਆਂ ਦੀਆਂ ਐਲਬਮਾਂ ਵਿੱਚ ਡੁਏਟਸ ਦੀ ਰਾਣੀ,ਮਿਸ ਪੂਜਾ ਇਨ ਕੰਸਰਟ, ਰੋਮਾਂਟਿਕ ਜੱਟ,ਮਿਸ ਪੂਜ ਪ੍ਰੋਜੈਕਟ ਭਾਗ 1,2,3 4, ਬਰੈੱਥਲੈੱਸ,ਜੁਗਨੀ, ਬਠਿੰਡਾ ਬੀਟਸ,ਜੱਟੀਟਿਊਡ,ਪੇਨ ਕਿਲਰ,ਡੇਟ ਆੱਨ ਫ਼ੋਰਡ, ਦਿਮਾਗ ਖ਼ਰਾਬ,ਹੂਰ, ਪਸੰਦ, ਸੋਹਣਿਆਂ,ਜੀਜੂ, ਬਟਰਫਲਾਈ,ਮਹਿੰਦੀ, ਚਿੱਠੀਆਂ (ਦਰਸ਼ਨ ਖੇਲਾ ਅਤੇ ਮਿਸ ਪੂਜਾ),ਅਡਮਿਸ਼ਨ (ਲਾਲੀ ਦੋਰਾਹਾ ਅਤੇ ਮਿਸ ਪੂਜਾ), ਸਾਦਗੀ (ਰਾਏ ਜੁਝਾਰ ਅਤੇ ਮਿਸ ਪੂਜਾ) , ਰੁੱਤਾਂ (ਬਾਈ ਅਮਰਜੀਤ ਅਤੇ ਮਿਸ ਪੂਜਾ),ਬੱਤੀ ਬੋਰ (ਦੀਪੀ ਢੀਂਡਸਾ ਅਤੇ ਮਿਸ ਪੂਜਾ),ਝੋਨਾ ਵੇਚ ਕੇ(ਨਵਦੀਪ ਸੰਧੂ ਅਤੇ ਮਿਸ ਪੂਜਾ), ਮਹਿਫਲਾਂ (ਵੀਰ ਦਵਿੰਦਰ ਅਤੇ ਮਿਸ ਪੂਜਾ),ਇੱਕ ਤੇਰੇ ਕਰਕੇ (ਪ੍ਰੀਤ ਬਰਾੜ ਅਤੇ ਮਿਸ ਪੂਜਾ) ਛਰਾਟੇ (ਬਲਵੀਰ ਬੋਪਾਰਾਏ ਅਤੇ ਮਿਸ ਪੂਜਾ),ਝੋਨਾ -1,ਝੋਨਾ -2, ਝੋਨਾ -3 (ਸ਼ਿੰਦਾ ਸ਼ੌਂਕੀ ਅਤੇ ਮਿਸ ਪੂਜਾ)ਟਾੱਪਰ (ਕਰਮਾ ਅਤੇ ਮਿਸ ਪੂਜਾ) ਅਤੇ ਕਲਾਸ ਫੈਲੋ (ਧਰਮਪ੍ਰੀਤ ਅਤੇ ਮਿਸ ਪੂਜਾ) ਦੇ ਗਾਏ ਹਿੱਟ ਗੀਤਾਂ ਅਤੇ ਐਲਬਮਾਂ ਵਿੱਚ ਸ਼ਾਮਿਲ ਹਨ।ਮਿਸ ਪੂਜਾ ਨੇ ਧਾਰਮਿਕ ਐਲਬਮਾਂ ਵੀ ਸਰੋਤਿਆਂ ਦੀ ਝੋਲੀ ਵਿੱਚ ਪਾਈਆਂ ਜਿਨ੍ਹਾਂ ਵਿੱਚ ਸਿੱਖੀ ਦਾ ਬੂਟਾ, ਸਤਿਗੁਰੂ ਹੋਇ ਦਿਆਲ ਅਤੇ ਵਿਰਾਸਤ ਏ ਖ਼ਾਲਸਾ ਸ਼ਾਮਿਲ ਹਨ। ਪੌਲੀਵੁੱਡ ਦੇ ਨਾਲ ਨਾਲ ਮਿਸ ਪੂਜਾ ਨੇ ਬੌਲੀਵੁੱਡ ਵਿੱਚ ਵੀ ਪਲੇਅ ਬੈਕ ਗਾਇਕ ਦੇ ਤੌਰ ਤੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ।ਹਿੰਦੀ ਫ਼ਿਲਮ ਕੌਕਟੇਲ ਵਿੱਚ ਸੈਕਿੰਡ ਹੈਂਡ ਜ਼ਵਾਨੀ,ਹੀਰੋ ਹੀਰ ਵਿੱਚ ਲੱਕ ਟੁੰਣੂ ਅਤੇ ਹਾਊਸਫੁੱਲ -3 ਵਿੱਚ ਮਾਲਾਮਾਲ ਗੀਤ ਗਾਏ।ਗਾਇਕੀ ਦੇ ਨਾਲ ਨਾਲ ਮਿਸ ਪੂਜਾ ਨੇ ਅਦਾਕਾਰ ਦੇ ਤੌਰ ਤੇ ਪੰਜਾਬੀ ਇੰਡਸਟਰੀ ਨੂੰ ਚੰਨਾ ਸੱਚੀ ਮੁੱਚੀ ਅਤੇ ਪੰਜਾਬਣ ਵਰਗੀਆਂ ਫਿਲਮਾਂ ਦਿੱਤੀਆਂ।
ਮਿਸ ਪੂਜਾ ਨੂੰ ਚਾਉਣ ਵਾਲਿਆਂ ਵਿੱਚ ਉਹਨਾਂ ਦੇ ਵਿਆਹ ਬਾਰੇ ਭੇਦ ਹਮੇਸ਼ਾ ਬਣਿਆ ਰਿਹਾ । ਉਹਨਾਂ ਨੇ ਇੱਕ ਦਿਨ ਅਚਾਨਕ ਪੰਜਾਬੀ ਫ਼ਿਲਮ ਇੰਡਸਟਰੀ ਦੇ ਵੱਡੇ ਨਾਂ(ਲੇਖ਼ਕ ਅਤੇ ਪ੍ਰੋਡਿਊਸਰ) ਰੋਮੀ ਤਾਹਲੀ ਨਾਲ ਆਪਣੇ ਵਿਆਹ ਅਤੇ ਇੱਕ ਬੱਚਾ ਹੋਣ ਦੀ ਖ਼ਬਰ ਦੇ ਕੇ ਹੈਰਾਨ ਕੀਤਾ।ਇੱਕ ਸਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਪੰਜਾਬੀ ਗਾਇਕੀ ਵਿੱਚ ਵੱਡੀਆਂ ਪੁਲਾਂਘਾਂ ਪੁੱਟਣ ਵਾਲੀ ਮਿਸ ਪੂਜਾ ਨੂੰ ਸਰੋਤਿਆਂ ਦੇ ਪਿਆਰ ਦੇ ਨਾਲ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਮਾਣ ਸਨਮਾਨਾਂ ਦੀ ਝੜੀ ਲਗਾ ਦਿੱਤੀ। 2010 ਵਿੱਚ ਰੋਮਾਂਟਿਕ ਜੱਟ ਐਲਬਮ ਲਈ ਯੂ ਕੇ ਏਸ਼ੀਅਨ ਸੰਗੀਤ ਪੁਰਸਕਾਰ ਵਿੱਚ ਬੈਸਟ ਇੰਟਰਨੈਸ਼ਨਲ ਐਲਬਮ ਦਾ ਖਿਤਾਬ,2011 ਵਿੱਚ ਫ਼ਿਲਮ ਪੰਜਾਬਣ ਲਈ ਪੀ ਟੀ ਸੀ ਪੰਜਾਬੀ ਫ਼ਿਲਮ ਐਵਾਰਡ ਬੈਸਟ ਡੁਏਟ ਫੀਮੇਲ ਫ਼ਿਲਮ ਅਤੇ 2020 ਵਿੱਚ ਗਲੋਬਲ ਆਈਕਨ ਐਵਾਰਡ ਅਤੇ 2021 ਵਿੱਚ ਹਿੰਦੁਸਤਾਨ ਗੌਰਵ ਪੁਰਸਕਾਰ ਜਿੱਤਿਆ।ਪੰਜਾਬੀ ਗਾਇਕੀ ਰਿਐਲਟੀ ਸੋਅ ਵਾਇਸ ਆਫ਼ ਪੰਜਾਬ ਵਿੱਚ ਉਹਨਾਂ ਨੇ ਬਤੌਰ ਜੱਜ ਭੂਮਿਕਾ ਨਿਭਾਈ।2018 ਵਿੱਚ ਗੂਗਲ ਉੱਪਰ ਸਭ ਤੋਂ ਵੱਧ ਖ਼ੋਜੀ ਜਾਣ ਵਾਲ਼ੀ ਮਿਸ ਪੂਜਾ ਸੀ। 4500 ਤੋਂ ਜ਼ਿਆਦਾ ਗੀਤ ਗਾਉਣ,850 ਤੋਂ ਵੱਧ ਸੰਗੀਤ ਵੀਡਿਉ ਦੀ ਫੀਚਰ ਵਿੱਚ ਕੰਮ ਕਰਨ ਅਤੇ ਸਭ ਤੋਂ ਵੱਧ ਸੰਗੀਤ ਐਲਬਮ ਰਿਲੀਜ਼ ਹੋਣ ਦਾ ਰਿਕਾਰਡ ਮਿਸ ਪੂਜਾ ਦੇ ਨਾਮ ਰਿਹਾ ਜਿਸਨੂੰ ਗਿੰਨੀਜ਼ ਬੁੱੱਕ ਵਿੱਚ ਦਰਜ਼ ਕੀਤਾ ਗਿਆ। ਸਮੇਂ ਦੇ ਨਾਲ ਨਵੇਂ ਗਾਇਕਾਂ ਨੇ ਆਪਣੀ ਕਿਸਮਤ ਅਜਮਾਈ ਪ੍ਰੰਤੂ ਮਿਸ ਪੂਜਾ ਦੀ ਹਰਮਨਪਿਆਰਤਾ ਘੱਟ ਨਹੀਂ ਹੋਈ।ਮਿਸ ਪੂਜਾ ਦਾ ਸਰੋਤਿਆਂ ਦੇ ਦਿਲਾਂ ਤੇ ਕੀਤਾ ਹੋਇਆ ਕਬਜ਼ਾ ਅੱਜ਼ ਵੀ ਬਰਕਰਾਰ ਹੈ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969
