ਪਿੰਡ ਵਾਸੀਆਂ ਮੁਤਾਬਿਕ ਵਾਟਰ ਵਰਕਸ ਵਿਭਾਗ ਦਾ ਐਕਸੀਅਨ ਵੀ ਨਹੀਂ ਕਰ ਰਿਹਾ ਕੋਈ ਸੁਣਵਾਈ
ਕੋਟਕਪੂਰਾ, 19 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਫਸਰਸ਼ਾਹੀ ਦੀ ਅਣਗਹਿਲੀ ਦਾ ਖਮਿਆਜਾ ਨੇੜਲੇ ਪਿੰਡ ਢਿੱਲਵਾਂ ਕਲਾਂ ਦੇ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪਿੰਡ ਵਾਸੀਆਂ ਮੁਤਾਬਿਕ ਪਿੰਡ ਢਿੱਲਵਾਂ ਕਲਾਂ ਵਿਖੇ ਸੁਸਾਇਟੀ ਦੇ ਨਾਲ ਵਾਲੀ ਗਲੀ ਨੂੰ ਕਰੀਬ ਦੋ ਮਹੀਨੇ ਪਹਿਲਾਂ ਵਾਟਰ ਵਰਕਸ ਵਿਭਾਗ ਵਲੋਂ ਪਾਣੀ ਵਾਲੀਆਂ ਪਾਈਪਾਂ ਪਾਉਣ ਲਈ ਪੁੱਟਿਆ ਗਿਆ ਸੀ ਪਰ ਉਕਤ ਇਲਾਕੇ ਦੇ ਵਸਨੀਕਾਂ ਸਮੇਤ ਵਾਹਨ ਚਾਲਕਾਂ ਅਤੇ ਆਮ ਲੋਕਾਂ ਵਲੋਂ ਵਿਭਾਗ ਨੂੰ ਇਕ ਤੋਂ ਵੱਧ ਵਾਰ ਲਿਖਤੀ ਅਤੇ ਜੁਬਾਨੀ ਸ਼ਿਕਾਇਤਾਂ ਸੌਂਪਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਮਲਕੀਤ ਸਿੰਘ, ਗੁਲਵੰਤ ਸਿੰਘ, ਵਕੀਲ ਸਿੰਘ ਆਦਿ ਮੁਤਾਬਿਕ ਉਕਤ ਗਲੀ ਵਿੱਚ ਹਾਲੇ ਤੱਕ ਪਾਈਪਾਂ ਨਹੀਂ ਪਾਈਆਂ ਗਈਆਂ, ਗਲੀ ਨੂੰ ਪੁੱਟ ਕੇ ਉਸੇ ਤਰਾਂ ਹੀ ਛੱਡ ਦਿੱਤਾ ਗਿਆ ਹੈ। ਜਿਸ ਕਰਕੇ ਗਲੀ ਦੇ ਵਸਨੀਕਾਂ ਅਤੇ ਹੋਰ ਲੋਕਾਂ ਲਈ ਉੱਥੋਂ ਲੰਘਣਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹੈ। ਉਹਨਾ ਦੱਸਿਆ ਕਿ ਇਸ ਸਬੰਧ ਵਿੱਚ ਵਾਟਰ ਵਰਕਸ ਵਿਭਾਗ ਦੇ ਐਕਸੀਅਨ ਨਾਲ ਪਿਛਲੇ ਇਕ ਹਫਤੇ ਵਿੱਚ ਦੋ ਵਾਰ ਗੱਲਬਾਤ ਕੀਤੀ ਗਈ ਪਰ ਲਾਰੇ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ ਪਿਆ। ਪਿੰਡ ਵਾਸੀਆਂ ਨੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਮੇਤ ਡਿਪਟੀ ਕਮਿਸ਼ਨਰ ਫਰੀਦਕੋਟ ਤੋਂ ਮੰਗ ਕੀਤੀ ਹੈ ਕਿ ਵਾਟਰ ਵਰਕਸ ਵਿਭਾਗ ਵਲੋਂ ਜਿਹੜੀਆਂ ਗਲੀਆਂ ਦੀਆਂ ਇੰਟਰਲਾਕ ਟਾਈਲਾਂ ਪੁੱਟ ਕੇ ਆਵਾਜਾਈ ਰੋਕੀ ਗਈ ਹੈ, ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਬਿਨਾ ਦੇਰੀ ਉਕਤ ਗਲੀਆਂ ਠੀਕ ਕਰਵਾਈਆਂ ਜਾਣ ਤਾਂ ਜੋ ਰਾਹਗੀਰ, ਵਾਹਨ ਚਾਲਕ ਅਤੇ ਆਮ ਲੋਕ ਕਿਸੇ ਤਰਾਂ ਦੀ ਪ੍ਰੇਸ਼ਾਨੀ ਤੋਂ ਬਚ ਸਕਣ।