ਦੌਲਤ ਦੇ ਨਸ਼ੇ’ ਚ ਹੋਏ ਅੰਨੇ ਨੂੰ,
ਹਰ ਇੱਕ ਰਿਸ਼ਤਾ ਵਿਕਾਊ ਦਿੱਸਦਾ।
ਨਾਲ ਦੇ ਜੰਮੇ ਭੈਣ ਭਰਾਵਾਂ ਦੀ ਬੋਲੀ
ਓਹ ਭਰੀ ਮੰਡੀ ‘ਚ ਲਗਾਈ ਫਿਰਦਾ।।
ਪਤਨੀ ਤੇ ਧੀਆਂ ਪੁੱਤਾਂ ਦੇ ਸਾਥ ਨੂੰ,
ਓਹ ਸਿੱਕਿਆਂ ਨਾਲ ਤੋਲਦਾ ਦਿੱਸਦਾ।
ਪੈਸੇ ਦੇ ਹੰਕਾਰ’ ਚ ਓਹ ਸੱਚ ਨੂੰ,
ਤੇ ਰੱਬ ਨੂੰ ਵੀ ਭੁਲਾਈ ਫਿਰਦਾ।
ਅੰਤ ਸਮੇਂ ਸਿਕੰਦਰ ਦੇ ਖਾਲੀ ਹੱਥਾਂ ਨੂੰ,
ਸਿਰਫ਼ ਇੱਕ ਕਹਾਣੀ ਸਮਝਦਾ ਲੱਗਦਾ।
ਮਾਇਆ ਰੂਪੀ ਜ਼ਹਿਰੀਲੇ ਨਾਗ ਨੂੰ,
ਓਹ ਖੁੱਦ ਦਾ ਸੱਭ ਕੁੱਝ ਮੰਨੀਂ ਫਿਰਦਾ।।
ਵਕਤ ਕੋਲੋ ਪੈਂਦੇ ਮੱਤ ਮਾਰੂ ਥੱਪੜ ਨੂੰ,
ਓਹ ਤਾਂ ਇੱਕ ਢਕੌਂਸਲਾ ਮੰਨਦਾ ਦਿੱਸਦਾ।
ਰੱਬ ਦੇ ਬਖਸ਼ੇ ਅਨਮੋਲ ਸੁਆਸਾਂ ਨੂੰ,
ਧੰਨ ਦੌਲਤ ਦੇ ਜ਼ੋਰ ਤੇ ਖਰੀਦਦਾ ਫਿਰਦਾ।।
ਪਾਣੀ ਦੇ ਬੁਲਬਲੇ ਜਿੰਨੀ ਹੈਸੀਅਤ ਨੂੰ,
ਫੋਕੀ ਤੇ ਝੂਠੀ ਸ਼ਾਨ ਚ ਭੁੱਲਿਆ ਦਿੱਸਦਾ।
ਸੂਦ ਵਿਰਕ ਕਹੇ ਏਹੋ ਜੇਹੇ ਲੋਭੀਆਂ ਨੂੰ,
ਅੰਤ ਸਮੇਂ ਗਲੀ ਦਾ ਕੁੱਤਾ ਵੀ ਨਹੀਂ ਝੱਲਦਾ।।

ਲੇਖਕ ਮਹਿੰਦਰ ਸੂਦ ਵਿਰਕ
ਸੰਪਰਕ – 9876666381