ਧੀਆਂ ਮਾਰਨ ਮੱਲਾਂ ਅੱਜ ਕੱਲ੍ਹ,
ਹਰ ਖੇਤਰ ਵਿੱਚ ਰਹਿ ਕੇ।
ਕਰਨ ਸੁਰੱਖਿਆ ਦੇਸ਼ ਆਪਣੇ ਦੀ,
ਮੀਂਹ ਹਨੇਰੀਆਂ ਸਹਿ ਕੇ।
ਦੁਸ਼ਮਣ ਤਾਈਂ ਚਨੇ ਚਬਾਉਂਦੀਆਂ,
ਮਰਨੋਂ ਮੂਲ ਨਾ ਡਰਦੀਆਂ।
ਵਿੱਚ ਹਵਾਵਾਂ ਲਾਉਣ ਉਡਾਰੀ,
ਜਾ ਸਮੁੰਦਰੀ ਤਰਦੀਆਂ।
ਖੇਡਾਂ ਦੇ ਵਿੱਚ ਨਾਂ ਚਮਕਾਇਆ,
ਐਸੀ ਧਾਕ ਜਮਾਈ।
ਜਿੱਤ ਦਾ ਸਿਹਰਾ ਲੈ ਕੇ ਆਈਆਂ,
ਸਭ ਨੇ ਖੁਸ਼ੀ ਮਨਾਈ।
ਉਹ ਦੇਸ਼ ਨਾ ਕਰਨ ਤਰੱਕੀ
ਜੋ ਧੀਆਂ ਤਾਈਂ ਦੁਰਕਾਰਨ।
ਮਾਨਣ ਕਦੇ ਨਾ ਉਹ ਖੁਸ਼ਹਾਲੀ,
ਜੋ ਕਲੀਆਂ ਤਾਈਂ ਸਾੜਨ।
ਧੀਆਂ ਦਾ ਦਰਜਾ ਸਭ ਤੋਂ ਉੱਚਾ,
ਗੁਰੂਆਂ ਨੇ ਫ਼ੁਰਮਾਇਆ,
ਹੋਵੇ ਕਿੱਡਾ ਖੱਬੀ ਖਾਨ, ਉਹ
ਹੈ ਇਹਨਾਂ ਦਾ ਜਾਇਆ।
ਇਹਨਾਂ ਧੀਆਂ ਤੋ ਲੈ ਕੇ ਸੇਧ
ਧੀਆਂ ਭਵਿੱਖ ਸੰਵਾਰਨ।
ਬੜਾ ਕੀਮਤੀ ਸਮਾਂ ਹੈ ਹੁੰਦਾ,
ਨਾ ਫੁਟਕਲ ਵਿੱਚ ਗੁਜ਼ਾਰਨ।
ਮਾਪਿਆਂ ਦਾ ਸਿਰ ਉੱਚਾ ਕਰਿਓ,
ਦੇਸ਼ ਦੁਨੀਆਂ ਦੇ ਅੰਦਰ,।
‘ਪੱਤੋ’ ਮੰਗਦਾ ਸਦਾ ਦੁਆਵਾਂ,
ਰਹੇ ਧੀਆਂ ਦਾ ਪਹਿਲਾ ਨੰਬਰ।
*ਲੇਖਕ ਹਰਪ੍ਰੀਤ ਪੱਤੋਂ*
ਪਿੰਡ ਪੱਤੋ ਹੀਰਾ ਸਿੰਘ (ਮੋਗਾ)
ਫੋਨ ਨੰਬਰ 94658-21417

