ਜਨਮ ਤੋਂ ਲੈ ਕੇ ਮਰਨ ਤੱਕ ਅਨੇਕਾਂ ਲੋਕ- ਵਿਸ਼ਵਾਸ ਹਨ ਤੇ ਇਨਾਂ ਵਿੱਚੋਂ ਇਕ ਹੈ ਬੁਰੀ ਨਜ਼ਰ ਦਾ ਲੱਗਣਾ।ਆਮ ਹੀ ਲੋਕ ਬੁਰੀ ਨਜ਼ਰ ਤੇ ਵਿਸ਼ਵਾਸ ਉਤੇ ਯਕੀਨ ਕਰਦੇ ਆ ਰਹੇ ਹਨ।ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਇਹ ਕੀ ਬੰਨਿਆ ਜਾਂ ਪਾਇਆ ਹੈ ਤਾਂ ਕਹਿਣਗੇ ਇਹ ਬੁਰੀ ਨਜ਼ਰ ਤੋਂ ਬਚਾਉਣ ਲਈ ਹੈ। ਅਨਪੜ੍ਹਾਂ ਤੋਂ ਲੈ ਕੇ ਪੜ੍ਹੇ ਲਿਖੇ ਇਸ ਵਹਿਮ ਦਾ ਸ਼ਿਕਾਰ ਹਨ।ਲੱਖਾਂ ਰੁਪਏ ਖਰਚ ਕੇ ਇੰਜਨੀਅਰਾਂ ਦੀ ਸਲਾਹ ਨਾਲ ਕੋਠੀ ਬਣਾਈ ਜਾਂਦੀ ਤੇ ਫਿਰ ਨਜ਼ਰ ਵੱਟੂ ਲਾ ਦਿੰਦੇ ਹਨ,ਗੱਡੀਆਂ ਪਿੱਛੇ ਕਾਲੀ ਗੁੱਤ,ਟੁੱਟੇ ਛਿੱਤਰ ਬੰਨ੍ਹ ਦਿੰਦੇ ਹਨ ਜਾਂ ਲਿਖਾ ਦਿੰਦੇ ਹਨ “ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ,ਨਜ਼ਰ ਲਾਵੇਂਗਾ ਤੇ ਫਿਰ ਜੁੱਤੀਆਂ ਖਾਵੇਗਾ ਜਾਂ 32 ਫੂਲ ਕੀ ਮਾਲਾ,ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ।” ਬਿਮਾਰ ਬੱਚਿਆਂ ਉਪਰ ਸੱਤ ਜਾਂ ਬਾਰਾਂ ਵਾਰ ਮਿਰਚਾਂ ਵਾਰ ਕੇ ਅੱਗ ਵਿੱਚ ਸੁੱਟਣਾ,ਮਾਵਾਂ ਆਪਣੇ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਕੰਨ ਲਾਗੇ ਕੱਜਲ ਜਾਂ ਸੁਰਮੇ ਦਾ ਟਿੱਕਾ ਲਾ ਦੇਂਦੀਆਂ ਹਨ।ਧਾਗੇ ਤਵੀਤ ਕਰਵਾਉਣੇ ਤੇ ਹੱਥ ਹੌਲੇ ਕਰਵਾਏ ਜਾਂਦੇ ਹਨ,ਦੁਕਾਨਾਂ ਅੱਗੇ ਨਿੰਬੂ ਮਿਰਚਾਂ ਲਟਕਾਏ ਜਾਂਦੇ ਹਨ।ਸੂਈ ਮੱਝ ਦੇ ਗਲ ਵਿੱਚ ਟੁੱਟਿਆ ਛਿੱਤਰ ਜਾਂ ਲੱਕੜੀ ਦਾ ਜਿੰਦਰਾਂ ਤੇ ਇਕ ਲੋਹੇ ਦੀ ਚੀਜ਼ ਬੰਨਣਾ।ਦੁੱਧ ਦੀ ਭਰੀ ਬਾਲਟੀ ਉਪਰ ਕੱਪੜਾ ਪਾਕੇ ਢੱਕਣਾ ਇਸ ਲਈ ਤਾਂ ਚੰਗਾ ਹੈ ਕਿ ਮੱਖੀ, ਮੱਛਰ ਜਾਂ ਕੋਈ ਧੂੜ ਮਿੱਟੀ ਨਾ ਪਵੇ ਨਾ ਕਿ ਬੁਰੀ ਨਜ਼ਰ ਤੋਂ ਬਚਾ ਵਾਸਤੇ।ਵਿਗਿਆਨਕ ਨਜ਼ਰੀਏ ਨਾਲ ਵੇਖੀਏ ਤਾਂ ਇਹ ਭਰਮ ਭੁਲੇਖਾ ਜਾਂ ਵਹਿਮ ਹੀ ਹੈ। ਵਿਗਿਆਨੀਆਂ ਨੇ ਤਜਰਬਿਆਂ ਰਾਹੀਂ ਸਿੱਧ ਕੀਤਾ ਹੈ ਕਿ ਅੱਖਾਂ ਵਿੱਚੋਂ ਕਿਸੇ ਕਿਸਮ ਦੀ ਕੋਈ ਕਿਰਨ ਜਾਂ ਸ਼ਕਤੀ ਬਾਹਰ ਵੱਲ ਨਹੀ ਆਉਂਦੀ,ਜਿਸ ਨਾਲ ਭੌਤਿਕ ਵਸਤੂਆਂ ਉਪਰ ਕਿਸੇ ਕਿਸਮ ਦਾ ਚੰਗਾ ਜਾਂ ਮਾੜਾ ਪ੍ਰਭਾਵ ਪੈਂਦਾ ਹੋਵੇ।ਅੱਖਾਂ ਵਿੱਚੋਂ ਬਾਹਰ ਕੁਝ ਨਹੀ ਜਾਂਦਾ ਸਗੋਂ ਵਸਤੂ ਵੱਲੋਂ ਰੋਸ਼ਨੀ ਜਾਂ ਤਰੰਗਾਂ ਦਰਸ਼ਕ ਦੀਆਂ ਅੱਖਾਂ ਵੱਲ ਜਾਂਦੀਆਂ ਹਨ।ਅਫਸੋਸ ਸਕੂਲਾਂ ਵਿੱਚ ਪ੍ਰਕਾਸ਼ ਪ੍ਰੀਵਰਤਨ ਨਿਯਮ ਬਾਰੇ ਪੜ੍ਹਨ ਦੇ ਬਾਵਜੂਦ ਬਹੁਗਿਣਤੀ ਲੋਕ ਅਧਿਆਪਕ ਤੱਕ ਅਜਿਹੇ ਵਹਿਮਾਂ ਦੇ ਚੱਕਰਾਂ ਵਿੱਚ ਪੈਂਦੇ ਹਨ।ਕਿਹਾ ਜਾਂਦਾ ਮਿੱਠੀ ਮਿੱਠੀ ਤੱਕਣੀ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਜਦ ਕਿ ਨਫਰਤ,ਈਰਖਾ ਤੇ ਮੰਦ ਭਾਵਨਾ ਵਾਲੀ ਨਜ਼ਰ ਦਾ ਅਸਰ ਤਾਂ ਤਲਵਾਰ ਦੇ ਫਟ ਵਰਗਾ ਹੁੰਦਾ ਹੈ।ਚੰਦਰੀ,ਬੁਰੀ,ਭੈੜੀ ਮੰਦਭਾਵਨਾ ਵਾਲੀ ਨਜ਼ਰ ਦਾ ਲੋਕ ਗੀਤਾਂ,ਬੋਲੀਆਂ ਵਿੱਚ ਵੀ ਜ਼ਿਕਰ ਆਉਂਦਾ ਹੈ।
ਨਜ਼ਰ ਲੱਗਣ,ਛਿੱਕ ਮਾਰਨ ਬਿੱਲੀ ਦਾ ਰਸਤਾ ਕੱਟਣਾ , ਖਾਲੀ ਟੋਕਰਾ ਮਿਲਣਾ, ਦਿਨਾਂ ਦੇ ਵਹਿਮ ਸਦੀਆਂ ਤੋਂ ਚਲਦੇ ਆ ਰਹੇ ਹਨ।ਜਦ ਵਿਗਿਆਨ ਇਹ ਸਾਰੀਆਂ ਗੱਲਾਂ ਸਪੱਸ਼ਟ ਕਰ ਚੁੱਕੀ ਹੈ ਕਿ ਸਾਰੇ ਵਹਿਮ ਹਨ,ਨਿਰਾ ਅੰਧਵਿਸ਼ਵਾਸ ਹੈ, ਲੋਕ ਇਸ ਕੰਮਪਿਊਟਰ ਯੁੱਗ ਵਿੱਚ ਵਿੱਚ ਵੀ ਇਨ੍ਹਾਂ ਅੰਧਵਿਸ਼ਵਾਸਾਂ ਨੂੰ ਨਾਲ ਨਾਲ ਤੋਰੀ ਆ ਰਹੇ ਹਨ, ਲੋਕਾਂ ਨੂੰ ਇਨ੍ਹਾਂ ਫੋਕੇ ਵਹਿਮਾਂ ‘ਚੋ ਬਾਹਰ ਆਉਣਾ ਚਾਹੀਦਾ ਹੈ। ਵਿਗਿਆਨ ਇਨ੍ਹਾਂ ਦੀ ਬਾਕਾਇਦਾ ਵਿਗਿਆਨਕ ਵਿਆਖਿਆ ਕਰਕੇ ਰੱਦ ਕਰਦੀ ਹੈ ਪਰ ਅਜੇ ਸਾਡੇ ਅਧਿਆਪਕਾਂ ਦਾ ਵੀ ਨਜ਼ਰੀਆ ਵਿਗਿਆਨਕ ਨਹੀਂ ਬਣਿਆ ਜੋ ਅਧਿਆਪਕ ਆਪ ਅੰਧਵਿਸ਼ਵਾਸੀ ਹਨ ਉਹ ਵਿਦਿਆਰਥੀਆਂ ਦਾ ਦਿਮਾਗ ਵਿਗਿਆਨਕ ਸੋਚ ਨਾਲ ਨਹੀਂ ਰੁਸ਼ਨਾ ਸਕਦੇ । ਬਹੁਤੇ ਅਧਿਆਪਕਾਂ ਦਾ ਨਜ਼ਰੀਆ ਵਿਗਿਆਨਕ ਨਾ ਹੋਣ ਕਾਰਨ ਲੋਕਾਂ ਦਾ ਨਜ਼ਰੀਆ ਵਿਗਿਆਨਕ ਨਹੀਂ ਬਣ ਰਿਹਾ। ਕੌਮ ਦੇ ਨਿਰਮਾਤਾ ਅਧਿਆਪਕਾਂ ਨੂੰ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਦੀ ਅਤੀ ਲੋੜ ਹੈ।
ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
ਸੰਗਰੂਰ
9417422349