ਨੀਲੂ ਦੀ ਬੇਬੇ ਦੀ ਮੌਤ ਤੋਂ ਬਾਅਦ ਸਾਰੇ ਉਸ ਨੂੰ ਨਫ਼ਰਤ ਕਰਨ ਲੱਗ ਪਏ। ਕੋਈ ਕਹਿੰਦਾ ਨਹਿਸ ਹੈ ਜੋ ਪੈਦਾ ਹੁੰਦਿਆਂ ਹੀ ਮਾਂ ਨੂੰ ਖਾ ਗਈ। ਸਾਰੇ ਪਰਿਵਾਰ ਵਾਲੇ ਉਸ ਵੱਲ ਕੋਈ ਧਿਆਨ ਨਾ ਦਿੰਦੇ। ਉਹ ਰੁਲੀ-ਖੁੱਲੀ ਬਣੀ ਰਹਿੰਦੀ। ਮਾੜੇ-ਮੋਟੇ ਕੱਪੜੇ ਪਾ ਛੱਡਦੀ ਅਤੇ ਜੋ ਰੁੱਖਾ-ਸੁੱਖਾ ਮਿਲਦਾ ਖਾ ਛੱਡਦੀ। ਫਿਰ ਵੀ ਉਸਦੀ ਦਿੱਖ ਦਿਨੋ-ਦਿਨ ਸੋਹਣੀ ਹੋਈ ਜਾ ਰਹੀ ਸੀ। ਭਰ ਜਵਾਨੀ ਵਿਚ ਉਸ ਦਾ ਹੁਸਨ ਚਾਰ ਚੰਨ ਲਾਉਣ ਲੱਗਿਆਂ। ਨਫ਼ਰਤ, ਵਿਤਕਰੇ ਅਤੇ ਰੁਲ਼ ਕੇ ਪਲੀ ਨੀਲੂ ਹੁਣ ਸਭ ਲਈ ਆਕਰਸ਼ਕ ਬਣਦੀ।
ਕੰਮ ਕਰਨ ਲੱਗਦੀ ਤਾਂ ਪਿੱਛੇ ਭੌਂਅ ਕੇ ਨਾ ਵੇਖਦੀ। ਬੋ-ਮਜਾਜ਼ ਕਰਨੀ ਉਸ ਨੂੰ ਆਉਂਦੀ ਹੀ ਨਹੀਂ ਸੀ। ਨੀਲੂ ਨੂੰ ਚਾਹੇ ਸਾਰੇ ਪਰਿਵਾਰ ਨੇ ਨਫ਼ਰਤ ਅਤੇ ਵਿਤਕਰੇ ਨਾਲ਼ ਪਾਲ਼ਿਆ ਸੀ, ਪਰ ਉਹ ਕਿਸੇ ਨਾਲ਼ ਨਫ਼ਰਤ ਨਾ ਕਰਦੀ। ਸਭ ਨੂੰ ਹੱਸ ਕੇ ਬੁਲਾਉਂਦੀ ਅਤੇ ਪਿਆਰ ਨਾਲ ਗੱਲ ਕਰਦੀ। ਲੋੜ ਪੈਣ ‘ਤੇ ਸਭ ਦੀ ਮਦਦ ਵੀ ਕਰਦੀ। ਮਨ ਵਿੱਚ ਪਤਾ ਨਹੀਂ ਕਿੰਨੇ ਤੂਫ਼ਾਨਾਂ ਨੂੰ ਸਮੇਟ ਕੇ ਉਹ ਹੱਸਦੀ ਮੁਸਕਰਾਉਂਦੀ ਰਹਿੰਦੀ।
ਹੁਣ ਨੀਲੂ ਦਾ ਵਿਆਹ ਸੀ ਅਤੇ ਸਭ ਤਿਆਰੀ ਵਿੱਚ ਰੁੱਝੇ ਸਨ, ਪਰ ਨੀਲੂ ਨੂੰ ਕੋਈ ਕੁਝ ਨਹੀਂ ਸੀ ਪੁੱਛ ਰਿਹਾ। ਉਹ ਫਿਰ ਵੀ ਖੁਸ਼ ਸੀ ਅਤੇ ਆਪਣੇ ਕੰਮਾਂ ਵਿੱਚ ਵਿਅਸਤ ਸੀ, ਕਿ ਅਚਾਨਕ ਦਾਦੀ ਨੀਲੂ ਕੋਲ਼ ਆਏ ਅਤੇ ਕਿਹਾ ਤੂੰ ਖੁਸ਼ ਤਾਂ ਹੈ ਆਪਣੇ ਵਿਆਹ ਤੋਂ….। ਨੀਲੂ ਕੁਝ ਨਾ ਬੋਲੀ…। ਦਾਦੀ ਨੇ ਫਿਰ ਪੁੱਛਿਆ ਕਿ ਤੇਰੀ ਪਸੰਦ.. ਨਾ ਪਸੰਦ ਤੈਨੂੰ ਕੋਈ ਨਹੀਂ ਪੁੱਛ ਰਿਹਾ…।
ਉਸ ਨੇ ਹੱਸ ਕੇ ਜਵਾਬ ਦਿੱਤਾ, ਦਾਦੀ ਜੀ ਸਭ ਦੀ ਨਫ਼ਰਤ ਸਹਿ ਸਹਿ ਕੇ ਹੁਣ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਕਿਵੇਂ ਦਾ ਵਿਹਾਰ ਕਰ ਰਿਹਾ ਹੈ। ਹਾਂ.. ਇਹ ਆਸ ਜ਼ਰੂਰ ਹੈ ਕਿ ਸ਼ਾਇਦ ਹੁਣ ਕੋਈ.. ਪਿਆਰ ਕਰਨ ਵਾਲਾ ਮਿਲ ਜਾਵੇ। ਇਹ ਸਭ ਸੁਣ ਕੇ ਦਾਦੀ ਚੁੱਪਚਾਪ ਕਮਰੇ ਵਿੱਚੋਂ ਬਾਹਰ ਆ ਗਏ।

ਪਰਵੀਨ ਕੌਰ ਸਿੱਧੂ
8146536200
