ਨਸ਼ਿਆਂ ਬਦਲੇ ਵੋਟ ਕਦੇ ਨਹੀਂ ਪਾਵਾਂਗੇ
ਮਿਲ ਕੇ ਹੋਰਾਂ ਨੂੰ ਇਹ ਗੱਲ ਸਮਝਾਵਾਂਗੇ।
ਨਸ਼ੇ ਵੰਡਣ ਦਾ ਕੰਮ ਜੋ ਨੇਤਾ ਕਰਦੇ ਨੇ
ਸੱਚਾਈ ਦੇ ਸਾਹਵੇਂ ਹੋਣੋਂ ਡਰਦੇ ਨੇ।
ਵੰਡੇ ‘ਫੀਮ, ਸਮੈਕਾਂ, ਪੋਸਤ, ਕੋਈ ਦਾਰੂ
ਐਸਾ ਨੇਤਾ ਕਿਸ ਬਿਧ ਜਨਤਾ ਨੂੰ ਤਾਰੂ।
ਤਨ-ਮਨ ਨਸ਼ੇ ਦੇ ਹੇਠ ਜਦੋਂ ਹੈ ਆ ਜਾਂਦਾ
ਸੋਚਣ ਦਾ ਫਿਰ ਮਾਦਾ ਇਕਦਮ ਮਿਟ ਜਾਂਦਾ।
ਚੰਗਾ ਕਿਹੜਾ ਨੇਤਾ, ਕਿਹੜਾ ਮਾੜਾ ਹੈ
ਨਸ਼ਾ ਮਿਟਾ ਕੇ ਰੱਖ ਦਿੰਦਾ ਇਹ ਪਾੜਾ ਹੈ।
ਦੇਸ਼ੋਂ ਕੱਢਣੀ ਨਸ਼ਿਆਂ ਵਾਲੀ ਬਦ-ਰੀਤੀ
ਹੋਵੇ ਸੱਚੀ-ਸੁੱਚੀ ਸਾਡੀ ਰਾਜਨੀਤੀ।
ਨਸ਼ਿਆਂ ਨੇ ਕਈ ਪਹਿਲਾਂ ਹੀ ਘਰ ਪੱਟੇ ਨੇ
ਨੇਤਾਵਾਂ ਨੇ ਹੋਰ ਵੀ ਫੱਟੇ ਚੱਕੇ ਨੇ।
ਨਸ਼ਾ ਡੋਬਦਾ ਜਿਸਮ, ਜਵਾਨੀ ਤੇ ਪੈਸਾ
ਰਾਜਨੀਤੀ ਨੇ ਕੀਤਾ ਕੋਝਾ ਕੰਮ ਕੈਸਾ।
ਵਿੱਚ ਦੁਨੀਆਂ ਦੇ ਆ ਕੇ ਕਰੀਏ ਮਾਣ ਅਸੀਂ
ਨਸ਼ੇ ਵੰਡਣ ਵਾਲੇ ਨੂੰ ਲਓ ਪਛਾਣ ਤੁਸੀਂ।
ਵੋਟ ਕੀਮਤੀ ਸਾਡੀ, ਕਦੇ ਨਾ ਵੇਚਾਂਗੇ
ਨਸ਼ਿਆਂ ਸਾਹਵੇਂ ਗੋਡੇ ਮੂਲ ਨਾ ਟੇਕਾਂਗੇ।
ਆਓ ਸਾਰੇ ਰਲ਼ ਕੇ ਅੱਜ ਇਹ ਪ੍ਰਣ ਕਰੀਏ
ਨਸ਼ਿਆਂ ਵਾਲੇ ਲੋਕਾਂ ਦਾ ਨਾ ਦਮ ਭਰੀਏ।

# ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.