‘ਨਾਮ’ ਅਤੇ ‘ਬਾਣੀ’ ਦੋਵੇਂ ਵੱਖੋ-ਵੱਖ ਹਨ। ‘ਬਾਣੀ’ ਅਸਾਨੂੰ ‘ਨਾਮ’ ਜਪਣ ਦੀ ਪ੍ਰੇਰਣਾ ਦਿੰਦੀ ਹੈ ਅਤੇ ਅਸਾਡੇ ਸਾਹਮਣੇ ਇਹ ਤੱਥ ਰੱਖਦੀ ਹੈ ਕਿ ਜੇ ‘ਨਾਮ’ ਨਾ ਜਪੀਏ; ਤਾਂ ਜੀਵਨ ਕਿਵੇਂ ਵਿਅਰਥ ਬਣ ਕੇ, ਦੁੱਖਾਂ ਨਾਲ ਭਰ ਜਾਂਦਾ ਹੈ। ਵਿਸ਼ੇਸ਼ ਧਿਆਨਯੋਗ: ਨਾਮ ਰਸਨਾ ਨਾਲ ਜਪਿਆ ਜਾਂਦਾ ਹੈ “ਰਸਨਾ ਜਪੀਐ ਏਕੁ ਨਾਮ” (ਮ. ੫)।
ਬਾਣੀ: ‘ਨਾਮ’ ਜਪਣ ਲਈ ਪ੍ਰੇਰਿਤ ਕਰਨ ਵਾਲਾ ਐਸਾ ਦੀਪਕ ਹੈ, ਜੋ ਅਸਾਨੂੰ ਰਾਹ ਦਿਖਾਉਂਦਾ ਹੈ ਕਿ ਮਨੁੱਖੀ ਜੀਵਨ ਦਾ ਅਸਲੀ ਲਕਸ਼ “ਮੁਕਤੀ”; ਨਾਮ ਜਪ ਕੇ ਹੀ ਪੂਰਾ ਹੁੰਦਾ ਹੈ। ‘ਬਾਣੀ’ ਅਸਾਨੂੰ ‘ਨਾਮ’ ਜਪਣ ਦੇ ਮਹੱਤਵ ਅਤੇ ਇਸ ਦੇ ਅਭਿਆਸ ਦੁਆਰਾ ਪ੍ਰਾਪਤ ਹੋਣ ਵਾਲੇ ਅਨਮੋਲ ਖਜ਼ਾਨਿਆਂ ਬਾਰੇ ਸਿਖਾਉਂਦੀ ਹੈ। ਇਸ ਤਰ੍ਹਾਂ, ‘ਬਾਣੀ’ ਅਸਾਨੂੰ ਨਾਮ ਜਪਣ ਦੇ ਲਾਭ ਦਰਸਾਉਂਦੀ ਅਤੇ ਸਮਝਾਉਂਦੀ ਹੈ; ਪਰ, ‘ਬਾਣੀ’ ਖੁਦ ‘ਨਾਮ’ ਨਹੀਂ। ‘ਨਾਮ’ ਤਾਂ ਉਹ ‘ਗੁਰਮੰਤ੍ਰ’ ਹੈ; ਜੋ ਗੁਰੂ ਦੁਆਰਾ ਸਿੱਖ ਨੂੰ ਕੰਨ ਵਿੱਚ ਦਿੱਤਾ ਜਾਂਦਾ ਹੈ “ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ” (ਮ. ੫), ਸਤਿਗੁਰਿ ਮੰਤ੍ਰੁ ਦੀਓ ਹਰਿ ਨਾਮ” (ਮ. ੫)।
ਵਿਚਾਰਨ ਯੋਗ ਹੈ: ਸਤਿਗੁਰੂ ਜੀ ਦੇ ‘ਸ੍ਰੀ ਮੁਖਵਾਕ’ ਤੋਂ ਉਚਾਰੀ ਬਾਣੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ; ਉੱਥੇ ਸਤਿਗੁਰੂ ਜੀ ਨੇ ਹਜ਼ਾਰਾਂ ਵਾਰੀ ਨਾਮ ਜਪਣ ਦਾ ਆਦੇਸ਼ ਕੀਤਾ ਹੈ। ਬਾਣੀ ਵਿੱਚ ਨਾਮ ਜਪਣਾ ਇਤਨਾ ਜ਼ਰੂਰੀ ਲਿਖਿਆ ਹੈ “ਜਿਹੜੀ ਰਸਨਾ ਨਾਮ ਨਹੀਂ ਜਪਦੀ, ਉਸ ਨੂੰ ਤਿਲ-ਤਿਲ ਕਰ ਕੇ ਕੱਟ ਦਿੱਤਾ ਜਾਵੇ “ਰਸਨਾ ਜਪੈ ਨ ਨਾਮੁ ਤਿਲੁ ਤਿਲੁ ਕਰਿ ਕਟੀਐ” (ਮ. ੫)। ਜਿਸ ਘਰ, ਸ਼ਹਿਰ ਜਾਂ ਪਿੰਡ ਵਿੱਚ ਨਾਮ ਨਾ ਜਪਿਆ ਜਾਵੇ; ਉਹ ਵੱਸਦੇ ਸ਼ਹਿਰ ਭੀ ਉਜਾੜ ਸਮਾਨ ਹਨ “ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ” (ਮ. ੫)। ਜਿਹੜੇ ਨਾਮ ਨਹੀਂ ਜਪਦੇ; ਉਹ ਵਿਸਟਾ (ਮਨੁੱਖੀ ਗੰਦਗੀ) ਦੇ ਕੀੜਿਆਂ ਵਾਂਗ, ਵਿਸਟਾ ਵਿੱਚ ਹੀ ਪਏ ਰਹਿੰਦੇ ਹਨ “ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ॥ ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ॥ ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ” (ਮ. ੩)। ਜਿਹੜੇ ਮਨਮੁਖ ਮਨੁੱਖ ਨਾਮ ਨਹੀਂ ਜਪਦੇ, ਨਾਮ ਦੀ ਥਾਂ ਦੁਨਿਆਵੀ ਰਸਾਂ ਵਿੱਚ ਲਿਪਤ ਰਹਿੰਦੇ ਹਨ; ਉਹਨਾਂ ਦੇ ਮੂੰਹ ਉਤੇ ਥੁੱਕਾਂ ਪੈਂਦੀਆਂ ਹਨ “ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ” (ਮ. ੧)।
ਗੁਰਬਾਣੀ ਵਿੱਚ, ਬਹੁਤ ਥਾਂ ਉੱਤੇ ਨਾਮ ਜਪਣ ਦੇ ਲਾਭ ਲਿਖੇ ਹੋਏ ਹਨ। ਜਿਵੇਂ: ਨਾਮ ਜਪਣ ਨਾਲ ਹਰ ਤਰ੍ਹਾਂ ਦੇ ਸੁੱਖ ਮਿਲਦੇ ਹਨ ਅਤੇ ਦਰਗਾਹ ਵਿੱਚ ਵੀ ਵਧੀਆ ਅਸਥਾਨ ਪ੍ਰਾਪਤ ਹੁੰਦਾ ਹੈ “ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ” (ਮ. ੫)। ਨਾਮ ਜਪਣ ਨਾਲ ਕਰੋੜਾਂ ਪਾਪ ਮਿਟ ਜਾਂਦੇ ਹਨ “ਨਾਮੁ ਜਪਤ ਮਿਟਹਿ ਪਾਪ ਕੋਟਿ” (ਮ. ੫)। ਨਾਮ ਜਪਣ ਕਰ ਕੇ, ਕੰਮ ਵਿੱਚ ਅਟਕਾ ਕਦੇ ਨਹੀਂ ਪੈਂਦਾ “ਹਰਿ ਨਾਮੁ ਜਪਤ ਕਬ ਪਰੈ ਨ ਭੰਗੁ” (ਮ. ੫)। ਪ੍ਰਭੂ ਦਾ ਨਾਮ ਜਪਦਿਆਂ ਸਾਰੇ ਰੋਗ, ਫਿਕਰ, ਦੁੱਖ ਮਿਟ ਜਾਂਦੇ ਹਨ “ਰੋਗ ਸੋਗ ਸਭਿ ਦੋਖ ਬਿਨਸਹਿ ਜਪਤ ਨਾਮੁ ਮੁਰਾਰੀ” (ਮ. ੫)। ਦਿਨ-ਰਾਤ ਹਰੀ ਨਾਮ ਜਪਣ ਨਾਲ, ਮਨੁੱਖ ਮਨ ਚਾਹਿਆ ਫਲ ਪ੍ਰਾਪਤ ਕਰ ਲੈਂਦਾ ਹੈ “ਨਾਮੁ ਨਿਧਾਨੁ ਜਪਹੁ ਦਿਨੁ ਰਾਤੀ ਮਨ ਚਿੰਦੇ ਫਲ ਪਾਇ” (ਮ. ੫)।
ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਪੜ੍ਹਨ ਬਾਰੇ “ਆਇਓ ਸੁਨਨ ਪੜਨ ਕਉ ਬਾਣੀ” (ਮ. ੫) ਅਤੇ “ਬਾਣੀ ਤ ਗਾਵਹੁ ਗੁਰੂ ਕੇਰੀ” (ਮ. ੩) ਵਰਗੀਆਂ ਬਾਣੀ ਪੜ੍ਹਨ ਜਾਂ ਬਾਣੀ ਗਾਉਣ ਦੇ ਆਦੇਸ਼ ਵਾਲੀਆਂ ਪੰਕਤੀਆਂ ਤਾਂ ਚਾਰ ਕੁ ਹੀ ਲੱਭਣਗੀਆਂ। ਪਰੰਤੂ, ਨਾਮ ਜਪਣ ਅਤੇ ਕੀਰਤਨ ਕਰਨ ਦੇ ਆਦੇਸ਼ ਵਾਲੀਆਂ ਪੰਕਤੀਆਂ ਹਜਾਰਾਂ ਮਿਲ ਜਾਣਗੀਆਂ। ਬਾਣੀ ਵਿੱਚ ਕਿਤੇ ਵੀ ਇਹ ਲਿਖਿਆ ਨਹੀਂ ਮਿਲਦਾ “ਜਿਸ ਘਰ ਵਿੱਚ ਜਾਂ ਜਿਸ ਪਿੰਡ ਵਿੱਚ ਬਾਣੀ ਨਾ ਪੜ੍ਹੀ ਜਾਂਦੀ ਹੋਵੇ; ਉੱਥੇ ਭੂਤਾਂ ਦਾ ਵਾਸਾ ਹੈ, ਜਾਂ ਉਹ ਘਰ, ਸ਼ਹਿਰ ਉਜਾੜ ਸਮਾਨ ਹਨ। ਜਾਂ, ਜਿਹੜੀ ਰਸਨਾ ਬਾਣੀ ਨਾ ਪੜ੍ਹਦੀ ਹੋਵੇ, ਉਹ ਰਸਨਾ ਤਿਲ-ਤਿਲ ਕਰਕੇ ਕੱਟੀ ਜਾਣੀ ਚਾਹੀਦੀ ਹੈ, ਆਦਿ”।
ਅੱਜ-ਕਲ, ਪੰਥ ਵਿੱਚ ਬਾਣੀ ਪੜ੍ਹਨ ਦਾ ਬਹੁਤ ਜਿਆਦਾ ਰੁਝਾਨ ਹੈ, ਜੋ ਬਹੁਤ ਵਧੀਆ ਕੰਮ ਹੈ। ਪ੍ਰੰਤੂ, ਬਾਣੀ ਵਿੱਚ ਲਿਖੇ ਹੋਏ “ਨਾਮ ਜਪਣ”, “ਕੀਰਤਨ ਕਰਨ” ਵਾਲੇ ਹੁਕਮ ਨੂੰ, ਮੰਨਣ ਦਾ ਰੁਝਾਨ ਬਹੁਤ ਘਟ ਗਿਆ ਹੈ; ਜੋ ਠੀਕ ਨਹੀਂ। ਆਪਾਂ ਨੂੰ ਗੁਰੂ ਆਸ਼ੇ ਅਤੇ ਗੁਰੂ ਕੇ ਆਦੇਸ਼ ਅਨੁਸਾਰ ਚੱਲਣਾ ਚਾਹੀਦਾ ਹੈ; ਅਸੀਂ ‘ਸੱਚੇ ਸਿੱਖ/ਗੁਰਮੁਖ’ ਤਾਂ ਹੀ ਹਾਂ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਕਾ ਆਦੇਸ਼, ਸਭ ਤੋਂ ਵੱਧ ਵਾਰੀ ਮੁੱਖ ਰੂਪ ਵਿੱਚ: “ਨਾਮ ਜਪਣ” ਦਾ ਹੈ। ਉਸ ਤੋਂ ਦੂਸਰੇ ਥਾਂ ਉੱਤੇ: “ਹਰੀ ਕੀਰਤਨ” ਕਰਨਾ ਭਾਵ: ਪ੍ਰਭੂ ਸੋਭਾ, ਹਰੀ ਜਸ ਵਾਲੀ ਬਾਣੀ ਨੂੰ ਗਾਉਣ ਦਾ ਆਦੇਸ਼ ਲਿਖਿਆ ਹੈ “ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾ” (ਮ. ੫)। ਪਾਠਕਾਂ ਨੂੰ ਇਹ ਵੀ ਸਪੱਸ਼ਟ ਕਰ ਕੇ ਸਮਝਣ ਦੀ ਲੋੜ ਹੈ ਕਿ ਬਾਣੀ ਦੀ ਹਰ ਪੰਕਤੀ; ਪ੍ਰਭੂ-ਸੋਭਾ ਨਹੀਂ ਅਤੇ ਕੀਰਤਨ ਕਰਨ ਵਾਸਤੇ ਵੀ ਨਹੀਂ ਲਿਖੀ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਨੂੰ ਗਾਉਣ ਦਾ ਹੁਕਮ ਤਾਂ ਹੈ “ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ” (ਮ. ੩)। ਇਸ ਪੰਕਤੀ ਦਾ ਅਰਥ ਹੈ: ਹਰੀ ਸੋਭਾ ਵਾਲੀ ਬਾਣੀ ਗਾਓ। ਪਰੰਤੂ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਗਾਉਣ ਦਾ: ਇਸ ਰੂਪ ਵਿੱਚ, ਇਸ ਤਰ੍ਹਾਂ ਦਾ ਵਿਸ਼ੇਸ਼ ਹੁਕਮ ਨਹੀਂ, ਜਿਵੇਂ ਦਾ ਵਿਸ਼ੇਸ਼ ਹੁਕਮ; ਹਰ ਸਮੇਂ ਨਾਮ ਜਪਣ ਦਾ ਅਤੇ ਹਰੀ ਕੀਰਤਨ ਕਰਨ ਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਜਿਸ ਤਰ੍ਹਾਂ ਨਾਮ ਨਾ ਜਪਣ ਦੀਆਂ ਹਾਨੀਆਂ ਲਿਖੀਆਂ ਹਨ; ਬਾਣੀ ਨਾ ਪੜ੍ਹਨ ਦੀਆਂ, ਉਸੇ ਤਰ੍ਹਾਂ ਦੀਆਂ ਕੋਈ ਹਾਨੀਆਂ ਨਹੀਂ ਲਿਖੀਆਂ; ਬਾਣੀ ਪੜ੍ਹਨ ਦੇ ਕੇਵਲ ਚਾਰ ਕੁ ਥਾਵਾਂ ਉੱਪਰ ਹੀ ਲਾਭ ਲਿਖੇ ਹਨ। ਜਿਵੇਂ: ‘ਅਨੰਦ ਸਾਹਿਬ’ ਦੀ ਅਖੀਰਲੀ ਪਉੜੀ ਵਿੱਚ ਉਚਾਰਿਆ ਹੈ “ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ॥ ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ॥ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ॥ ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ॥ ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ” (ਮ. ੩) ਭਾਵ: ‘ਅਨੰਦ’ ਨਾਮ ਦੀ ਬਾਣੀ ਨੂੰ ਪੜ੍ਹ ਕੇ, ਸੁਣ ਕੇ ਮੰਨਣ ਵਾਲੇ ਪਵਿੱਤਰ ਹੋ ਜਾਂਦੇ ਹਨ। ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਦੁੱਖ, ਰੋਗ, ਕਲੇਸ਼ ਮਿਟ ਕੇ, ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਪ੍ਰਭੂ-ਪ੍ਰਾਪਤੀ ਹੋ ਕੇ, ਗੁਰੂ ਜੀ ਦੀ ਚਰਨੀਂ ਲੱਗਣ ਨਾਲ, ਰਸ-ਭਰਪੂਰ ਹੋ ਕੇ ਅਨਹੱਦ ਵਾਜੇ ਵੱਜਣ ਲੱਗ ਪੈਂਦੇ ਹਨ।
ਪਰੰਤੂ, ਗੁਰੂ ਜੀ ਨੇ ਹਰ ਰੋਜ਼ ਕੋਈ ਇੱਕ ਵਿਸ਼ੇਸ਼ ਬਾਣੀ, ਜਾਂ ਬਹੁਤ ਸਾਰੀਆਂ ਬਾਣੀਆਂ ਪੜ੍ਹਨ ਵਾਸਤੇ, ਕੋਈ ਵਿਸ਼ੇਸ਼ ਆਦੇਸ਼; ‘ਸ੍ਰੀ ਮੁੱਖ’ ਤੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਜਾਂ ਹਸਤਲਿਖਤ ਹੁਕਮਨਾਮਿਆਂ ਵਿੱਚ ਨਹੀਂ ਕੀਤਾ; ਜਿਸ ਤਰ੍ਹਾਂ ਦਾ ਜ਼ਰੂਰੀ ਆਦੇਸ਼: ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ-ਜਪਣ ਦਾ ਅਤੇ ਹਰੀ-ਕੀਰਤਨ ਕਰਨ ਦਾ ਕੀਤਾ ਹੈ। ਸੰਭਵ ਹੈ: ‘ਪ੍ਰੇਮ ਸੁਮਾਰਗ’ ਗ੍ਰੰਥ ਅਤੇ ਰਹਿਤਨਾਮਿਆਂ ਤੋਂ ਪ੍ਰਭਾਵਿਤ ਹੋ ਕੇ, ਅੱਜ ਸਿੱਖ ਪੰਥ ਵਿੱਚ ਬਹੁਤ ਸਾਰੀਆਂ ਬਾਣੀਆਂ ਦੇ ਹਰ ਰੋਜ ਬਹੁਤ ਸਾਰੇ ਪਾਠ ਕਰਨ, ਸਧਾਰਨ ਪਾਠ ਕਰਨ ਅਤੇ ਅਖੰਡ ਪਾਠ ਕਰਨ ਦੀ ਪਰੰਪਰਾ ਪ੍ਰਚੱਲਿਤ ਹੋ ਗਈ ਹੈ। ਪ੍ਰੰਤੂ, ਗੁਰੂ ਜੀ ਨੇ ਨਾਮ-ਜਪਣ ਅਤੇ ਕੀਰਤਨ ਕਰਨ ਦੇ, ਜੋ ਦੋ ਆਦੇਸ਼; ਸਭ ਤੋਂ ਵੱਧ ਵਾਰੀ, ਗੁਰਬਾਣੀ ਵਿੱਚ ‘ਸ੍ਰੀ ਮੁੱਖ’ ਤੋਂ ਕੀਤੇ ਹਨ, ਉਹਨਾਂ ਦੋ ਆਦੇਸ਼ਾਂ ਦਾ ਪਾਲਣ ਕਰਨਾ ਬਹੁਤ ਘੱਟ ਗਿਆ ਹੈ।
ਸਾਧ ਸੰਗਤ ਜੀ! ਗੁਰੂ ਜੀ ਦਾ ਹੁਕਮ ਹੈ, ਮੇਰੀ ਬੇਨਤੀ ਹੈ ਕਿ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਨਾਮ ਜਰੂਰ ਜਪਿਆ ਕਰੋ “ਊਠਤ ਬੈਠਤ ਜਪਉ ਨਾਮੁ ਇਹੁ ਕਰਮੁ ਕਮਾਵਉ” (ਮ. ੫), ਸਾਸਿ ਗਿਰਾਸਿ ਜਪਉ ਹਰਿ ਹਰੀ” (ਮ. ੫)। ਗੁਰਬਾਣੀ ਦੀਆਂ ਹਰੀ ਜਸ ਵਾਲੀਆਂ ਕੁਝ ਪੰਕਤੀਆਂ ਵੀ ਜਰੂਰ ਗਾ ਕੇ ਪੜ੍ਹ ਲਿਆ ਕਰੋ। ਕਿਉਂਕਿ, ਬਾਣੀ ਵਿੱਚ ਹੁਕਮ ਹੈ: ਕੀਰਤਨ ਕਰੋ, ਕੀਰਤਨ ਸੁਣੋ “ਸਾਧਸੰਗਿ ਹਰਿ ਕੀਰਤਨੁ ਗਾਵੈ” (ਮ. ੫), “ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ” (ਮ. ੫) ਆਦਿ।
ਵਿਸ਼ੇਸ਼: ਗੁਰਬਾਣੀ ਵਿੱਚ ਸਾਰੇ ਸ਼ਬਦ, ਪੰਕਤੀਆਂ; ਹਰੀ ਸੋਭਾ ਨਹੀਂ ਹਨ ਅਤੇ ਨਾ ਹੀ ‘ਕੀਰਤਨ’ ਕਰਨ ਵਾਸਤੇ ਲਿਖੀਆਂ ਗਈਆਂ ਹਨ। ਬਹੁਤ ਸਾਰੇ ਸ਼ਬਦ ਅਤੇ ਪੰਕਤੀਆਂ, ਵੱਖੋ ਵੱਖਰੇ ਵਿਸ਼ਿਆਂ ਨਾਲ ਸੰਬੰਧਿਤ ਹਨ; ਜੋ ਕਥਾ ਵਿੱਚ ਪ੍ਰਮਾਣ ਦੇਣ ਲਈ ਵਰਤੀਆਂ ਜਾ ਸਕਦੀਆਂ ਹਨ। ਉਹਨਾਂ ਸ਼ਬਦਾਂ ਅਤੇ ਪੰਕਤੀਆਂ ਵਿੱਚ ਕਿਤੇ ‘ਵਿਅੰਗ’ ਹੈ “ਰੋਟੀਆ ਕਾਰਣਿ ਪੂਰਹਿ ਤਾਲ॥ ਆਪੁ ਪਛਾੜਹਿ ਧਰਤੀ ਨਾਲਿ” (ਮ. ੧), “ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑੑ ਜਪਮਾਲੀਆ ਲੋਟੇ ਹਥਿ ਨਿਬਗ” (ਕਬੀਰ ਜੀ, ਪੰਨਾ 476)। ਕਿਤੇ ‘ਇਤਿਹਾਸ’ ਹੈ “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ” (ਮ. ੧), “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ” (ਮ. ੧)। ਕਿਤੇ ‘ਸਿੱਖਿਆਵਾਂ’ ਹਨ “ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥ ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ” (ਮ. ੧), ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ” (ਮ. ੩) ਆਦਿ। ਉਪਰੋਕਤ ਪੰਕਤੀਆਂ ਹਰੀ ਸੋਭਾ ਨਾ ਹੋਣ ਕਰ ਕੇ, ‘ਕੀਰਤਨ’ ਸ਼ਬਦ ਵਿੱਚ ਢੁਕਦੀਆਂ ਨਹੀਂ।
ਵਿਚਾਰਨ ਦੀ ਲੋੜ ਹੈ: ‘ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ’ (ਮ. ੫) ਅਤੇ “ਬਾਣੀ ਤ ਗਾਵਹੁ ਗੁਰੂ ਕੇਰੀ” (ਮ. ੩) ਆਦਿ ਪੰਕਤੀਆਂ ਦਾ ਭਾਵ ਹੈ ਕਿ “ਹਰੀ ਜਸ” ਵਾਲੀ ਬਾਣੀ ਗਾਵੋ। ਗੁਰੂ ਜੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਿਹੜੀ ਬਾਣੀ ਗਾਉਣੀ ਹੈ “ਹਰਿ ਗੁਣ ਗਾਉ ਮਨਾ ਸਤਿਗੁਰਿ ਸੇਵਿ ਪਿਆਰਿ” (ਮਃ ੫)। ਕਿਉਂਕਿ, ‘ਕੀਰਤਨ’ ਸ਼ਬਦ ਦਾ ਅਰਥ ਹੀ ‘ਸੁਰ ਤਾਲ ਵਿੱਚ, ਹਰੀ ਜਸ’ ਗਾਉਣਾ ਹੈ। ਗੁਰੂ ਜੀ ਨੇ ਹਰੀ ਜਸ ਗਾਉਣਾ, ਸਭ ਤੋਂ ਵੱਡਾ ਧਰਮ-ਕਰਮ ਲਿਖਿਆ ਹੈ “ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ” (ਮ. ੯)।
ਹਰੀ ਕੀਰਤ (ਸੋਭਾ/ਜੱਸ) ਦੀਆਂ ਪੰਕਤੀਆਂ ਹਨ: “ਤੂ ਬੇਅੰਤ ਤੇਰੀ ਮਿਤਿ ਨਹੀ ਪਾਈਐ ਸਭੁ ਤੇਰੋ ਖੇਲੁ ਦਿਖਾਉ” (ਮ. ੫), “ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ” (ਮ. ੧), “ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ” (ਮ. ੧) “ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ” (ਮ. ੪), “ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ” (ਮ. ੫) ਆਦਿ।
ਇਸ ਕਰ ਕੇ, ਸਾਰੇ ‘ਗੁਰੂ ਨਾਨਕ ਨਾਮ ਲੇਵਾ’ ਨੂੰ ਮੇਰੀ ਬੇਨਤੀ ਹੈ: ਗੁਰੂ ਆਸ਼ੇ ਅਨੁਸਾਰ, ਗੁਰੂ ਕੇ ਆਦੇਸ਼ ਨੂੰ ਮੰਨਦੇ ਹੋਏ; ਨਾਮ ਜਪਣ ਅਤੇ ਹਰੀ ਕੀਰਤਨ ਕਰਨ (ਹਰੀ ਸੋਭਾ ਵਾਲੀ ਬਾਣੀ ਨੂੰ ਗਾ ਕੇ ਕੀਰਤਨ ਕਰਨ) ਉੱਪਰ ਵੱਧ ਬਲ ਦਿੱਤਾ ਜਾਵੇ, ਉਸੇ ਉੱਤੇ ਵੱਧ ਸਮਾਂ ਲਾਇਆ ਜਾਵੇ (ਬਾਣੀ ਦੇ ਬਹੁਤੇ ਪਾਠ ਕਰਨ ਉੱਪਰ ਨਹੀਂ) “ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ (ਮ. ੫), “ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ” (ਮ. ੪)। ਕਿਉਂਕਿ, ਇਹ ਆਦੇਸ਼ ਉਸੇ ਬਾਣੀ ਵਿੱਚ ਹੀ ਲਿਖਿਆ ਹੈ, ਜਿਸ ਦੇ ਆਪਾਂ ਬਹੁਤ ਸਾਰੇ ਪਾਠ ਕਰਨੇ ਆਰੰਭ ਕਰ ਦਿੱਤੇ ਹਨ। ਪਰੰਤੂ, ਉਸ ਵਿੱਚ ਲਿਖੇ ਨੂੰ ਮੰਨਣਾ ਛੱਡ ਦਿੱਤਾ ਹੈ।
ਕਿਸੇ ਮਨੋਰਥ ਦੀ ਪ੍ਰਾਪਤੀ ਵਾਸਤੇ, ਕਿਸੇ ਵਿਸ਼ੇਸ਼ ਬਾਣੀ ਦੇ, ਵਿਸ਼ੇਸ਼ ਢੰਗ ਨਾਲ ਪਾਠ ਕਰਨੇ (ਜਿਵੇਂ ਕਈ ਸੱਜਣ 40 ਦਿਨ ਕੋਈ ਵਿਸ਼ੇਸ਼ ਪਾਠ ਕਰਦੇ ਹਨ), ਸਧਾਰਨ ਪਾਠ ਕਰਨੇ ਜਾਂ ਅਖੰਡ ਪਾਠ ਕਰਨੇ: ਆਪਣੀ ਥਾਂ ਉੱਪਰ ਠੀਕ ਹਨ। ਪਾਠ ਕਰਨ ਨਾਲ ਸ਼ਰਧਾਲੂਆਂ ਦੇ ਮਨੋਰਥ ਪੂਰੇ ਹੁੰਦੇ ਹਨ। ਬਾਣੀ ਪੜ੍ਹੀ-ਸੁਣੀ ਜਾਵੇ; ਪਰ ਇੰਨੀ ਜਿਆਦਾ ਨਹੀਂ ਕਿ ਉਹ ਨਾਮ ਜਪਣ ਅਤੇ ਕੀਰਤਨ ਕਰਨ-ਸੁਣਨ ਤੋਂ ਵੀ ਉੱਪਰ ਹੋ ਜਾਵੇ। ਮੇਰੀ ਬੇਨਤੀ ਹੈ ਕਿ ਬਾਣੀ ਪੜ੍ਹਨ ਜਾਂ ਸੁਣਨ ਉੱਤੇ ਘੱਟ ਸਮਾਂ ਲਾ ਕੇ; ਬਾਣੀ ਵਿੱਚ ਲਿਖੇ ਨੂੰ ਮੰਨਣ ਉੱਤੇ ਬਹੁਤਾ ਸਮਾਂ ਲਾਇਆ ਜਾਵੇ ਅਤੇ ਬਾਣੀ ਵਿੱਚ ਲਿਖੇ ਨੂੰ ਮੰਨਣ ਦਾ ਅਭਿਆਸ ਵੀ ਕੀਤਾ ਜਾਵੇ। ਮੈਂ ਬਾਣੀ ਦੇ ਬਹੁਤ ਸਾਰੇ ਪਾਠ ਕਰਨ ਦੇ ਵਿਰੁੱਧ ਨਹੀਂ; ਪਰ ਮੈਂ, ਬਾਣੀ ਵਿੱਚ ਲਿਖੇ ਨੂੰ ਮੰਨਣ ਦੇ ਹੱਕ ਵਿੱਚ ਹਾਂ। ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਕਾ ਆਦੇਸ਼ ਅੰਕਿਤ ਹੈ; ਉਸ ਨੂੰ ਸਮਝ ਕੇ, ਉਸ ਦੇ ਅਨੁਸਾਰ ਜੀਵਨ ਜਿਉਣ ਵਾਸਤੇ; ਇਹ ਬੇਨਤੀ ਆਪ ਜੀ ਨੂੰ ਕਰ ਰਿਹਾ ਹਾਂ। ਮੇਰੀ ਇਸ ਬੇਨਤੀ ਦਾ ਇਹ ਅਰਥ ਨਾ ਕੱਢਿਆ ਜਾਵੇ ਕਿ ਮੈਂ ਸਧਾਰਨ ਪਾਠ ਕਰਨ, ਅਖੰਡ ਪਾਠ ਕਰਨ ਜਾਂ ਬਾਣੀ ਪੜ੍ਹਨ ਦੇ ਵਿਰੋਧ ਵਿੱਚ ਹਾਂ। ਮੈਂ ਸਧਾਰਨ ਪਾਠ ਜਾਂ ਅਖੰਡ ਪਾਠ ਜਾਂ ਕਿਸੇ ਵੀ ਬਾਣੀ ਦੇ ਪਾਠ ਕਰਨ ਦਾ ਵਿਰੋਧੀ ਨਹੀਂ। ਅਸੀਂ ਨਾਮਧਾਰੀਏ ਵੀ ਤਾਂ ਪਾਠ ਕਰਦੇ ਹਾਂ। ਮੈਂ ਤਾਂ ਕੇਵਲ ਗੁਰੂ ਆਸ਼ੇ ਅਨੁਸਾਰ, ਗੁਰਬਾਣੀ ਵਿੱਚ ਲਿਖੇ ਹੋਏ ਨੂੰ ਸਪੱਸ਼ਟ ਕਰ ਕੇ, ਆਪ ਜੀ ਸਾਹਮਣੇ ਪ੍ਰਸਤੁਤ ਕੀਤਾ ਹੈ। ਕਿਰਪਾ ਕਰ ਕੇ, ਵਿਚਾਰਵਾਨ ਬਣ ਕੇ ਮੇਰੀ ਬੇਨਤੀ ਪ੍ਰਵਾਨ ਕਰੋ ਜੀ।
ਠਾਕੁਰ ਦਲੀਪ ਸਿੰਘ