ਰਣਜੀਤ ਕੁਮਾਰ ਐਮ.ਏ , ਬੀ .ਐਡ ਦੀ ਪੜ੍ਹਾਈ ਪੂਰੀ ਕਰਕੇ ਬੁਢਲਾਡੇ ਦੇ ਇੱਕ ਕਾਲਜ ਵਿੱਚ ਪਾਰਟ ਟਾਈਮ ਲੈਕਚਰਾਰ ਜਾ ਲੱਗਾ | ਕਾਲਜ ਦੀ ਡਿਊਟੀ ਤੇ ਜਾਣ ਲਈ ਉਸਨੇ ਹਰ ਰੋਜ਼ ਸੁਨਾਮ ਤੋਂ ਬੁਢਲਾਡਾ ਜਾਣ ਵਾਲੀ ਬੱਸ ਲੈਣੀ ਜੋ ਵਾਇਆ ਜਖੇਪਲ , ਧਰਮਗੜ੍ਹ , ਭਾਧੜਾ, ਦੋਦੜਾ ਅਤੇ ਵੱਛੋਆਣਾ ਪਿੰਡਾਂ ਵਿੱਚੋਂ ਹੋ ਕੇ ਬੁਢਲਾਡੇ ਪਹੁੰਚਦੀ ਸੀ | ਸਫ਼ਰ ਬੇਸੱਕ ਇੱਕ ਘੰਟੇ ਦਾ ਸੀ ਪਰ ਪਿੰਡਾਂ ਨੂੰ ਜਾਂਦੀ ਇਹ ਸੜਕ ਘੱਟ ਚੌੜੀ ਸੀ ਤੇ ਥਾਂ ਥਾਂ ਤੋਂ ਟੁੱਟੀ ਹੋਣ ਕਰਕੇ ਬੱਸ ਹੋਲੀ ਹੋਲੀ ਇਉਂ ਚੱਲਦੀ ਸੀ ਜਿਵੇਂ ਸੌਹਰੇ ਜਾਣ ਵਾਲੇ ਪੈਂਡੇ ਤੇ ਕੋਈ ਨੂੰਹ, ਆਪਣੀ ਲੜਾਕੀ ਸੱਸ ਦੇ ਡਰੋਂ ਰੁਕ ਰੁਕ ਤੁਰਦੀ ਹੋਵੇ | ਸਵਾਰੀਆਂ ਨਾਲ ਤੁੰਨ ਕੇ ਭਰੀ ਬੱਸ, ਸੁਨਾਮ ਤੋਂ ਬੁਢਲਾਡੇ ਤੱਕ ਦੇ ਸਫ਼ਰ ਨੂੰ ਦੋ ਘੰਟੇ ਵਿੱਚ ਪੂਰਾ ਕਰਦੀ ਸੀ | ਸਫ਼ਰ ਦੌਰਾਨ ਰਣਜੀਤ ਦੇਖਦਾ ਕਿ ਰਸਤੇ ਵਿੱਚ ਸੜਕ ਤੇ ਪਏ ਟੋਇਆਂ ਨੂੰ ਹਰ ਰੋਜ਼ ਇੱਕ ਤੀਹ-ਪੈਂਤੀ ਸਾਲ ਦਾ ਵਿਅਕਤੀ ਸੜਕ ਨੂੰ ਅੱਡੋ ਅੱਡ ਥਾਵਾਂ ਤੇ ਮਿੱਟੀ ਪਾ ਪਾ ਭਰਦਾ ਰਹਿੰਦਾ ਸੀ | ਜਿਸ ਨਾਲ ਉਸ ਰੂਟ ਤੇ ਚਲਦੀਆਂ ਬੱਸਾਂ ਦੀਆਂ ਕਮਾਨੀਆਂ ਟੁੱਟਣ ਤੋਂ ਕੁਝ ਬਚੀਆਂ ਰਹਿੰਦੀਆਂ | ਸੜਕ ਦੇ ਟੋਇਆਂ ਚ ਮਿੱਟੀ ਪਾਉਣ ਵਾਲੇ ਉਸ ਬੰਦੇ ਨੂੰ ਦੇਖਕੇ ਬੱਸਾਂ ਦੇ ਡਰਾਈਵਰ ਤੇ ਕੰਡਕਟਰ ਆਪਣੇ ਹਰ ਗੇੜੇ ਉਸ ਕੋਲ ਆਪਣੀ ਬੱਸ ਰੋਕਦੇ ਤੇ “ਓ ਜੋਰੇ” ਕਹਿ ਅਵਾਜ ਮਾਰ ਉਸਨੂੰ ਸੱਦਦੇ ਤੇ ਕੰਡਕਟਰ ਆਪਣੇ ਟਿਕਟਾਂ ਵਾਲੇ ਝੋਲ੍ਹੇ ਚੋਂ ਪੰਜ ਰੁਪਏ ਕੱਢਦੇ ਤੇ ਉਸਨੂੰ ਦੇ ਦਿੰਦੇ | ਸੜਕ ਦੇ ਟੋਇਆਂ ਚ ਮਿੱਟੀ ਪਾਉਣ ਵਾਲਾ ਜ਼ੋਰਾ ਸਿੰਘ ਆਥਣ ਤੱਕ ਮੁੜਕੋ ਮੁੜਕੀ ਹੋ ਸੜਕ ਦੇ ਅੱਡੋ ਅੱਡ ਥਾਵਾਂ ਤੇ ਮਿੱਟੀ ਪਾ ਕੇ ਵਾਹਨਾਂ ਦੇ ਚੱਲਣ ਯੋਗ ਬਣਾਉਣ ਦਾ ਯਤਨ ਕਰਦਾ ਤੇ ਜਾਣ-ਆਉਣ ਵਾਲੀਆਂ ਸਾਰੀਆਂ ਬੱਸਾਂ ਦੇ ਕੰਡਕਟਰਾਂ ਤੋਂ ਪੰਜ ਪੰਜ ਰੁਪਏ ਇੱਕਠੇ ਕਰਕੇ ਸੌ ਕੁ ਰੁਪਏ ਦੀ ਦਿਹਾੜੀ ਪਾ ਲੈਂਦਾ ਸੀ | ਰਣਜੀਤ ਕੁਮਾਰ ਵੀ ਆਪਣੀਆਂ ਆਰਥਿਕ ਲੋੜਾਂ ਨੂੰ ਪੂਰਾ ਕਰਨ ਦੀ ਮਜਬੂਰੀ ਕਾਰਨ ਲਗਾਤਾਰ ਤਿੰਨ ਸਾਲ ਇਸੇ ਰੂਟ ਤੇ ਖੱਜਲ-ਖੁਆਰ ਹੁੰਦਾ ਡਿਊਟੀ ਤੇ ਜਾਂਦਾ ਰਿਹਾ | ਫੇਰ ਉਸਦੀ ਸਰਕਾਰੀ ਸਕੂਲ ਵਿੱਚ ਪੰਜਾਬੀ ਮਾਸਟਰ ਵਜੋਂ ਨੌਕਰੀ ਲੱਗ ਗਈ ਤੇ ਇਸ ਰੂਟ ਨਾਲੋਂ ਉਸਦਾ ਖਹਿੜਾ ਛੁੱਟ ਗਿਆ | ਇੱਕ ਮੁੱਦਤ ਤੋਂ ਬਾਅਦ ਪਿਛਲੇ ਦਿੰਨੀ ਮਾਸਟਰ ਰਣਜੀਤ ਕੁਮਾਰ ਦਾ ਬੁਢਲਾਡੇ ਜਾਣ ਦਾ ਮੁੱੜ ਸਬੱਬ ਬਣਿਆ | ਮਾਸਟਰ ਰਣਜੀਤ ਨੇ ਚਾਅ ਨਾਲ ਆਪਣੀ ਮਾਰੂਤੀ ਕਾਰ ਘਰੋਂ ਕੱਢੀ ਤੇ ਬੁਢਲਾਡੇ ਜਾਣ ਲਈ ਉਸੇ ਰੂੂਟ ਤੇ ਪਾ ਲਈ ਜਿਸ ਤੇ ਉਹ ਤੀਹ ਸਾਲ ਪਹਿਲਾਂ ਬੱਸ ਰਾਹੀਂ ਜਾਂਦਾ ਸੀ | ਕਾਰ ਅਜੇ ਪੰਜ ਸੱਤ ਕਿਲੋਮੀਟਰ ਹੀ ਗਈ ਹੋਵੇਗੀ ਤੇ ਕਿ ਸੜਕ ਤੇ ਵੱਡੇ ਵੱਡੇ ਖੱਡੇ ਆਉਂਣੇ ਸ਼ੁਰੂ ਹੋ ਗਏ ਤੇ ਕਾਰ ਦੀ ਸਪੀਡ ਨੂੰ ਬਰੇਕਾਂ ਲੱਗ ਗਈਆਂ | ਕਾਰ ਹੋਲੀ ਹੋਲੀ ਚੱਲਦੀ ਦੋ ਚਾਰ ਕਿਲੋਮੀਟਰ ਹੋਰ ਅੱਗੇ ਗਈ ਤਾਂ ਉਸਨੇ ਦੇਖਿਆ ਕਿ ਸੱਠ-ਪੈਂਹਟ ਸਾਲ ਨੂੰ ਢੁੱਕਿਆ ਬੱਗੀ ਦਾਹੜੀ ਵਾਲਾ ਇੱਕ ਬੰਦਾ ਸੜਕ ਦੇ ਟੋਇਆਂ ਨੂੰ ਮਿੱਟੀ ਨਾਲ ਭਰ ਕੇ ਬੰਦ ਕਰ ਰਿਹਾ ਸੀ | ਤੀਹ ਸਾਲ ਪਹਿਲਾਂ ਵਾਲੀ ਰੀਲ ਮਾਸਟਰ ਦੀਆਂ ਅੱਖਾਂ ਅੱਗੇ ਘੁੰਮ ਗਈ ਤੇ ਸੜਕ ਤੇ ਮਿੱਟੀ ਪਾਉਣ ਵਾਲੇ ਜ਼ੋਰਾ ਸਿੰਘ ਦਾ ਚਿਹਰਾ ਵੀ | ਉਸਨੇ ਕਾਰ ਰੋਕੀ ਤੇ ਜਿਉਂ ਹੀ ਉਹ ਕਾਰ ਨੂੰ ਸਾਈਡ ਤੇ ਲਾ ਕੇ ਉਸ ਬੰਦੇ ਕੋਲ ਗਿਆ ਤੇ ਦੇਖਦਾ ਹੈ ਕਿ ਇਹ ਤਾਂ ਉਹੀ ਜ਼ੋਰਾ ਸਿੰਘ ਐ | ਮਾਸਟਰ ਰਣਜੀਤ ਨੇ ਬਟੂਏ ਚੋਂ ਸੌ ਦਾ ਨੋਟ ਕੱਢਿਆ ਤੇ ਜ਼ੋਰਾ ਸਿੰਘ ਵੱਲ ਵਧਾਉਂਦੇ ਨੇ ਕਿਹਾ ,” ਜ਼ੋਰਾ ਸਿੰਘ ਜੀ ਆਹ ਮੇਰੇ ਵਲੋਂ ਵੀ ਕੁਝ ਤਿਲ ਫੁੱਲ ਸਵੀਕਾਰ ਕਰੋ , ਤੁਸੀਂ ਬੜੇ ਸਾਲਾਂ ਤੋਂ ਇਸੇ ਕੰਮ ਤੇ ਲੱਗੇ ਹੋਏ ਹੋ “| ਮਾਸਟਰ ਦੀ ਗੱਲ ਸੁਣ ਕੇ ਜ਼ੋਰਾ ਮਿੰਨਾ ਮਿੰਨਾ ਹੱਸਿਆ ਤੇ ਬੋਲਿਆ,” ਹਾਂ ਬਾਊ ਜੀ , ਕਈ ਆਏ ਤੇ ਕਈ ਗਏ ਪਰ ਦਹਾਕਿਆਂ ਚ ਨਾ ਸਾਡੇ ਗਰੀਬਾਂ ਹੋਣੀ ਬਦਲੀ ਤੇ ਨਾ ਸੜਕ ਦੀ ” | ਜੋਰੇ ਨੇ ਰਣਜੀਤ ਮਾਸਟਰ ਤੋਂ ਸੌ ਰੁਪਏ ਦਾ ਨੋਟ ਫੜ੍ਹ ਜੇਬ ਵਿੱਚ ਪਾ ਲਿਆ ਤੇ ਧੰਨਵਾਦ ਵਜੋਂ ਆਪਣੀਆਂ ਚੂਚਣੀਆਂ ਅੱਖਾਂ ਦੀਆਂ ਪਲਕਾਂ ਨੂੰ ਹੇਠਾਂ ਵੱਲ ਕੀਤਾ | ਰਣਜੀਤ ਮਾਸਟਰ ਵੀ ਮਸੋਸੇ ਜਿਹੇ ਮਨ ਨਾਲ ਕਾਰ ਚ ਬੈਠ ਆਪਣੇ ਸਫ਼ਰ ਵੱਲ ਵੱਧਣ ਲੱਗਾ ਤੇ ਉਸਨੇ ਮਨ ਦੀ ਸਥਿਤੀ ਨੂੰ ਮੋੜਾ ਦੇਣ ਲਈ ਕਾਰ ਚ ਲੱਗੇ ਐਫ ਐਮ ਰੇਡੀਓ ਦਾ ਸਵਿੱਚ ਆਨ ਕੀਤਾ | ਰੇਡੀਓ ਤੇ ਖ਼ਬਰ ਚੱਲ ਰਹੀ ਸੀ ਕਿ ਦੇਸ਼ ਦੀ ਤਰੱਕੀ ਦੀ ਰਫਤਾਰ ਤੋਂ ਲੱਗਦਾ ਹੈ ਕਿ ਇਹ ਭਵਿੱਖ ਵਿੱਚ ਵਿਸ਼ਵ ਗੁਰੂ ਬਣੇਗਾ | ਪਰ ਟੁੱਟੀ ਸੜਕ ਤੇ ਡਿੱਕ ਡੋਲੇ ਖਾਂਦੀ ਜਾਂਦੀ ਮਾਸਟਰ ਰਣਜੀਤ ਦੀ ਕਾਰ, ਰੇਡੀਓ ਤੇ ਚੱਲਦੀ ਇਸ ਖ਼ਬਰ ਦਾ ਮੂੰਹ ਚਿੜ੍ਹਾ ਰਹੀ ਸੀ |

ਪ੍ਰੋ ਹਰਦੀਪ ਸਿੰਘ ਸੰਗਰੂਰ
ਪੂਨੀਆਂ ਕਾਲੋਨੀ ,ਗਲੀ ਨੰਬਰ 9
ਸੰਗਰੂਰ
9417665241