ਨਿੱਕੇ ਨਿੱਕੇ ਦੀਵੇ ਕਰ ਰਹੇ, ਦੀਵਾਲੀ ਦੀ ਜਗਮਗ ਰਾਤ।
ਇਨ੍ਹਾਂ ਦੇ ਚਾਨਣ ਨਾਲ ਲੱਗਦੈ, ਹੋ ਗਈ ਹੈ ਜਿੱਦਾਂ ਪ੍ਰਭਾਤ।
ਕੱਤਕ ਮਾਹ ਦੀ ਰਾਤ ਹਨ੍ਹੇਰੀ, ਜਗਦੇ ਹਾਂ ਅਸੀਂ ਲਟਲਟ।
ਸਾਨੂੰ ਛੋਟੇ-ਛੋਟੇ ਨਾ ਆਖੋ, ਅਸੀਂ ਨਹੀਂ ਹਾਂ ਕਿਸੇ ਤੋਂ ਘੱਟ।
ਵਿੱਚ ਆਕਾਸ਼ੀਂ ਤਾਰੇ ਚਮਕਣ, ਧਰਤੀ ਤੇ ਸਾਡੀ ਔਕਾਤ।
ਨਿੱਕੇ-ਨਿੱਕੇ ਦੀਵੇ…
ਜਗਣਾ ਸਾਡੀ ਕਿਸਮਤ ਵਿੱਚ ਹੈ, ਤੇ ਕਰਨਾ ਜੱਗ ਨੂੰ ਰੌਸ਼ਨ।
ਪੂਜਾ ਦੀ ਥਾਲੀ ਵਿੱਚ ਬੈਠੇ, ਕਰਦੇ ਸਾਨੂੰ ਲੋਕ ਨਮਨ।
ਸਾਡੇ ਨਾਲ ਹੀ ਰੌਸ਼ਨ ਹੁੰਦੀ, ਜਦ ਹੁੰਦੀ ਅੰਧਿਆਰੀ ਰਾਤ।
ਨਿੱਕੇ-ਨਿੱਕੇ ਦੀਵੇ…
ਛੋਟੇ ਹਾਂ ਤਾਂ ਕੀ ਹੋਇਆ ਹੈ, ਸਾਡੀ ਵੀ ਕੋਈ ਹਸਤੀ ਹੈ।
ਸਾਡਾ ਆਪਣਾ ਚਾਨਣ ਹੈ, ਤੇ ਸਾਡੀ ਵੀ ਅੱਜ ਮਸਤੀ ਹੈ।
ਦਿਨ ਦੇ ਢਲਣ ਤੇ ਅਸੀਂ ਜਗਾਂਗੇ, ਦੇਵਾਂਗੇ ਨ੍ਹੇਰੇ ਨੂੰ ਮਾਤ।
ਨਿੱਕੇ-ਨਿੱਕੇ ਦੀਵੇ…

ਪ੍ਰੋ. ਨਵ ਸੰਗੀਤ ਸਿੰਘ
navsangeetsingh6957@gmail.com
9417692015.

