ਜੈਸ਼ਪਰ ਸ਼ਹਿਰ ਕਨਾਡਾ (ਅਲਬਰਟਾ ਰਾਜ) ਦਾ ਖ਼ੂਬਸੂਰਤ ਸ਼ਹਿਰ ਹੈ। ਇਹ ਸ਼ਹਿਰ ਨੀਮ ਪਹਾੜੀਆਂ ਅਤੇ ਸੁੰਦਰ ਝੀਲਾਂ ਦੇ ਕੁਦਰਤੀ ਮਾਹੌਲ ਵਿਚ ਵੱਸਿਆ ਹੋਇਆ ਹੈ। ਸ਼ਹਿਰ ਦੇ ਚਾਰੇ ਪਾਸੇ ਖਿਡਾਉਂਣਿਆ ਵਾਂਗੂੰ ਸੁਸ਼ੋਭਿਤ ਵੱਖ-ਵੱਖ ਆਕਾਰ ਦੀਆਂ ਪਹਾੜੀਆਂ ਤਰ੍ਹਾਂ-ਤਰ੍ਹਾਂ ਦੇ ਮੂਰਤ ਬਿੰਬ ਬਣਾਉਂਦੀਆਂ ਹੋਈਆਂ ਸਮੋਹਿਤ ਖਿੱਚ ਰਖਦੀਆਂ ਹਨ। ਇਹ ਸੁੰਦਰ ਸਥਾਨ ਸਥਿਤੀਬੋਧ ਜਗਾਉਂਦਾ ਹੈ। ਆਪਣੀਆਂ ਜੜ੍ਹਾਂ ਦੀ ਪਹਿਚਾਣ ਛੱਡਦਾ ਹੈ। ਇਸ ਦੁਆਰਾ ਆਣੀ ਮਿੱਟੀ ’ਚੋਂ ਰਸ ਦੀਆਂ ਸੰਭਾਵਨਾਵਾਂ ਉਜਾਗਰ ਕਰਦਾ ਹੈ। ਇਸਦੇ ਕੁਦਰਤੀ ਅਤੇ ਖੋਜਮਈ ਲੁਭਾਉਣੇਂ ਦ੍ਰਿਸ਼ ਜੋ ਨਾ ਕੇਵਲ ਅੰਤਰਮਨ ਨੂੰ ਉਧੋਲਿਤ ਕਰਦੇ ਹਨ ਅਲਬੱਤਾ ਮਾਨਸ ਪਟਲ ਊਪਰ ਕੋਈ ਸਾਰਥਕ ਪ੍ਰਸ਼ਨ ਵੀ ਚਿੰਤਨ ਹੇਤੂ ਛੱਡ ਜਾਂਦੇ ਹਨ। ਚਾਰੇ ਪਾਸੇ ਹਰਿਆਲੀ ਦੀ ਕੁੱਖ ਸੰਵੇਦਨ ਨਾਲ ਭਰੀ ਹੁੰਦੀ ਹੈ।
ਇਸ ਇਲਾਕੇ ਦੇ ਰੁੱਖ-ਪੌਦੇ ਅਨੇਕ ਰੰਗਾਂ ਦਾ ਸੁਭਾਅ ਰਖਦੇ ਹਨ। ਸੜਕਾਂ ਦੇ ਕਿਨਾਰੇ ਸਫ਼ੇਦ ਤਨੇ, ਸਫ਼ੇਦ ਟਹਿਣੀਆਂ ਅਤੇ ਹਰੇ ਪਤਿਆਂ ਨਾਲ ਮਾਲਾ-ਮਾਲ ਰੁੱਖ ਇਕ ਜਾਦੂ ਪੈਦਾ ਕਰਦੇ ਹਨ। ਕਈ ਜਾਤੀਆਂ ਦੇ ਰੁੱਖ ਸੁੰਦਰਤਾ ਨਾਲ ਅਧਿਆਤਮਿਕਤਾ ਵਿਚ ਪਿਰੋਏ ਮਿਲਦੇ ਹਨ।
ਸ਼ਹਿਰ ਦੇ ਬਾਹਰ ਇਕ ਨਹੀਂ ਅਨੇਕਾਂ ਹੀ ਦੂਰ ਦੂਰ ਨੇੜੇ ਨੇੜੇ ਸੁੰਦਰ ਝੀਲਾਂ ਸ਼ੀਸ਼ੇ ਰੰਗੇ ਪਾਣੀ ਦੀ ਲਿਬਾਸ ਵਿਚ ਆਕਰਸ਼ਣ ਪੈਦਾ ਕਰਦੀਆਂ ਹਨ। ਇਥੇ ਯਾਤਰੀਆਂ ਦਾ ਤਾਂਤਾ ਲੱਗਾ ਰਹਿੰਦਾ ਹੇ। ਇਕ ਝੀਲ ਦੇ ਨੇੜੇ ਇਕ ਖੁੱਲ੍ਹਾ- ਡੁੱਲ੍ਹਾ ਵਿਹੜਾ ਹੈ ਕੁਦਰਤੀ ਮਾਹੌਲ ਨਾਲ ਮਾਲਾ-ਮਾਲ। ਇੱਥੇ ਕਨੇਡੀਅਨ ਲੋਕ ਵਿਆਹ-ਸ਼ਾਦੀਆਂ ਵੀ ਕਰਨ ਆ ਜਾਂਦੇ ਹਨ। ਇੱਥੋਂ ਦੇ ਲੋਕ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਸੁਭਾਅ ਦੇ ਅਨੂਕੂਲ ਬਣਾ ਕੇ ਉਤਸਵ ਰਚਨ ਵਿਚ ਮਾਹਿਰ ਹਨ। ਇਕ ਸਾਧਾਰਣ ਸ਼ਾਦੀ ਵਿਚ 20 ਤੋਂ 40 ਦੇ ਕਰੀਬ ਮਹਿਮਾਨ ਅਤੇ ਜਜ਼ਮਾਨ ਹੁੰਦੇ ਹਨ। ਖ਼ਾਣ-ਪੀਣ ਲਈ ਪੈਕਿੰਗ ਸਿਸਟਮ ਹੀ ਹੁੰਦਾ ਹੈ।
ਲੋਕ ਬੱਸਾਂ, ਟੈਕਸੀਆਂ ਜਾਂ ਨਿੱਜੀ ਕਾਰਾਂ ਵਿਚ ਤਿਆਰ ਕੀਤਾ ਭੋਜਨ ਜਾਂ ਕੱਚੀ ਰਸਦ ਤੇ ਹੋਰ ਜ਼ਰੂਰੀ ਸਾਮਾਨ ਨਾਲ ਲੈ ਆਉਂਦੇ ਹਨ। ਕੁਝ-ਕੁਝ ਲਕ ਟਰਾਲਾ ਹਾਊਸ ਨਾਲ ਲੈ ਕੇ ਆਉਂਦੇ ਹਨ। ਇਹ ਟਰਾਲਾ ਇਕ ਵੈਨ ਹੁੰਦੀਆਂ ਹਨ। ਇਹ ਟਰਾਲੇ ਕਿਰਾਏ ’ਤੇ ਮਿਲਦੇ ਹਨ ਅਤੇ ਕਾਰ ਦੇ ਪਿੱਛੇ ਟੋਚਨ ਪਾ ਕੇ ਲੈ ਜਾਂਦੇ ਹਨ। ਇਸਦਾ ਆਪਣਾ ਇਕ ਵੱਖਰਾ ਹੀ ਲੁਤਫ਼-ਨਜ਼ਾਰਾ ਹੁੰਦਾ ਹੈ।
ਇਥੇ ਸਰਦੀਆਂ ਵਿਚ ਬਰਫ਼ ਬਹੁਤ ਪੈਂਦੀ ਹੈ ਪਰ ਗਰਮੀਆਂ ਵਿਚ ਚਾਂਦੀ ਦੀਆਂ ਝਾਂਜਰਾਂ ਵਾਂਗ ਪਿਘਲਦੀ ਬਰਫ਼ ਸੱਮੋਹਨ ਪੈਦਾ ਕਰਦੀ ਹੈ। ਗਰਮੀਆਂ ਵਿਚ ਵੀ ਮੌਸਮ ਠੰਢਾ ਰਹਿੰਦਾ ਹੈ ਨਜ਼ਾਰੇ ਵਾਲਾ ਪਰ ਬਰਫ਼ ਨਈਂ ਪੈਂਦੀ। ਇੱਥੇ ਬਾਰਿਸ਼ ਦਾ ਅਲੋਕਿਕ ਅਤੇ ਲੌਕਿਕ ਨਜ਼ਾਰਾ ਭੌਤਿਕ ਜ਼ਰੂਰਤਾਂ ਵਿਚ ਹੋਰ ਵੀ ਸੁੱਖਦਾਇਕ ਹੁੰਦਾ ਹੈ। ਕਦੋਂ ਬੱਦਲ ਆਏ ਕਦੋਂ ਚਲੇ ਗਏ, ਪਤਾ ਹੀ ਨਈਂ ਚਲਦਾ। ਧਰਤੀ-ਅਸਮਾਨ ਵਿਚਕਾਰ ਅੱਖ ਮਚੋਲੀ ਖੇਡਦੇ ਬੱਦਲ ਸੁਖਦ ਦ੍ਰਿਸ਼ ਪੈਦਾ ਕਰਦੇ ਹਨ ਜਿਹੜੇ ਮਗਰਸਪਰਸ਼ੀ ਮਾਹੌਲ ਪੈਦਾ ਕਰਦੇ ਹਨ।
ਜੈਸਪਰ 1813 ਵਿਚ ਸਥਾਪਿਤ ਹੋਇਆ। ਜੈਸਪਰ ਨੈਸ਼ਨਲ ਪਾਰਕ 1907 ਵਿਚ ਸਥਾਪਿਤ ਹੋਇਆ ਜੋ ਪ੍ਰਸਿੱਧ ਅਤੇ ਇਤਿਹਾਸਕ ਸਥਾਨ ਦਾ ਦਰਜ਼ਾ ਲੈ ਚੁਕਾ ਹੈ। 1931 ਵਿਚ ਜੈਸਪਰ ਐਡਮਿੰਟਨ ਦੀਆਂ ਸੜਕਾਂ ਨਾਲ ਜੁੜ ਚੁਕਾ ਸੀ। 1940 ਵਿਚ ਪ੍ਰਾਕ੍ਰਿਤਿਕ ਆਈਸ ਫੀਲਡ ਪਾਰਕ ਵੇ ਖੋਲ੍ਹਿਆ ਗਿਆ ਜਿਹੜਾ ਪ੍ਰਸਿੱਧ ਲੋਕ ਲੂਈਸ (ਝੀਲ) ਅਤੇ ਜੈਸਪਰ ਨੂੰ ਜੌੜਦਾ ਹੈ।
ਜੈਸਪਰ, ਅਤਬਾਸਾ ਰਿਵਰ ਘਾਟੀ ਨਾਲ ਸਥਿਤ ਹੈ। ਇੱਥੇ ਪਿਰਾਮਿਡ ਜਿਹੀਆਂ ਆਕਰਸ਼ਕ ਪਹਾੜੀਆਂ ਹਨ। ਨਦੀਆਂ ਦਾ ਅਦਭੁਤ ਸੰਗਮ। ਜੈਸਪਰ ਵਿਖੇ ਪਿਰਾਮਿਡ ਲੇਕ, ਪੈਟਰੀਸੀਆ ਲੇਕ, ਐਨਟ ਲੇਕ, ਏਡਿਸ ਲੇਕ, ਬਿਓਵਰਟ ਲੋਕ, ਮਲਗੀਨ ਲੋਕ, ਮੈਡੀਸਨਸ ਲੇਕ ਅਤੇ ਹੋਰ ਲਘੂ ਝੀਲਾਂ ਇਸ ਸਥਾਨਦੀ ਸ਼ੋਭਾ ਨੂੰ ਚਾਰ ਚੰਨ ਲਾਉਂਦੀਆਂ ਹਨ।
ਇੱਥੇ ਅਨੇਕਾਂ ਵਿਸ਼ਵ ਪ੍ਰਸਿੱਧ ਹੋਰ ਸਥਾਨ ਵੇਖਣਯੋਗ ਹਨ। ਇਸ ਇਲਾਕੇ ਵਲ ਲੱਖਾਂ ਹੀ ਯਾਤਰੀ ਹਰ ਸਾਲ ਆਉਂਦੇ ਹਨ। ਸਹਿਰ ਦੇ ਉਤਰ ਵਿਚ ‘ਕਬਾਬਾਸਕਾ ਵੈਲੀ’ ਵਿਚ ਇਕ ਪਠਾਰ ਸਥਿਤ ਹੈ। ਇੱਥੇ ਸਥਾਨ ਦੀ ਭਰਮਾਰ ਹੈ ਜਿੱਥੇ ਯਾਤਰੀ ਮਨੋਰੰਜਨ ਲਈ ਜਮ੍ਹਾਂ ਰਹਿੰਦੇ ਹਨ। ਇਸ ਸਥਾਨ ਵਿਖੇ ਹੀ ਇਕ ਇਤਿਹਾਸਕ ਆਰਕੀਟੈਕਚਰਲ ਸ਼ੈਲੀ ਸਥਾਨ ਵੀ ਹੈ ਜੋ ਆਪਣੇ ਪਹਾੜੀ ਵਾਤਾਵਰਣ ਨਾਲ ਸੰਪਰਕ ਬਣਾਉਂਦਾ ਹੈ।
ਇੱਥੋਂ ਦੇ ਇਨਫਰਮੇਸ਼ਨ ਸੈਂਟਰ ਨੂੰ 1996 ਵਿਚ ਇਕ ਰਾਸ਼ਟਰੀਏ ਇਤਿਹਾਸਕ ਸਥਾਨ ਕਿਹਾ ਗਿਆ। ਇਥੋਂ ਦਾ ਆਜਾਇਬ ਘਰ ਕੁਦਰਤੀ ਅਤੇ ਮਾਨਵੀ ਇਤਿਹਾਸ ਦੀਆਂ ਕਹਾਣੀਆਂ ਬਿਆਨ ਕਰਦਾ ਹੈ।
ਇੱਥੋਂ ਦੇ ਮਨਮੋਹਣੇ, ਸੁੰਦਰ ਪਾਰਕ ਇਸ ਤਰ੍ਹਾਂ ਡਿਜ਼ਾਇਨ ਕੀਤੇ ਹੋਏ ਹਨ ਕਿ ਜੰਨਤ ਪ੍ਰਤੀਤ ਹੁੰਦੇ ਹਨ। ਇਹ ਪਾਰਕ ਕੁਦਰਤ ਅਤੇ ਸਭਿਆਚਾਰਕ ਵਿਰਾਸਤ ਨੂੰ ਹਕੀਕਤ ਨਾਲ ਜੋੜਦੇ ਹਨ। ਹਰ ਤਰ੍ਹਾਂ ਦੀ ਸਹੂਲਤ, ਆਧੁਨਿਕਤਾ ਦੀ ਸੂਈ ਵਿਚ ਪਿਰੋ ਕੇ ਰੱਖੀ ਹੈ। ਲਾਜਵਾਬ ਹੈ ਜੈਪਸਰ। ਕਨੇਡਾ ਦਾ ਸੁੰਦਰ ਘੁੰਢ ਹੈ ਜੈਸਪਰ। ਜਿਸਦੇ ਅੰਦਰ ਪ੍ਰਕਿਰਤੀ ਅਤੇ ਮਾਨਵ ਦਾ ਆਵਿਸ਼ਕਾਰ ਛੁਪਿਆ ਹੈ।
ਬਲਵਿੰਦਰ ਬਾਲਮ ਗੁਰਦਾਸਪੁਰ
ਓਂਕਾਰ ਨਗਰ, ਗੁਰਦਾਸਪੁਰ ਪੰਜਾਬ
9815625409