ਪ੍ਰਕਿਤੀ ਵਿੱਚ ਅਨੇਕ ਜੀਵਾਂ ਦਾ ਜਨਮ ਹੁੰਦਾ ਹੈ ਜਿਸ ਵਿੱਚ ਮਨੁੱਖ ਪਸ਼ੂ ਪੰਛੀ ਤੇ ਜਾਨਵਰ ਆਦਿ ਸ਼ਾਮਿਲ ਹਨ।ਹੁਣ ਇਥੇ ਅਸੀ ਪ੍ਰਕਿਤੀ ਦੇ ਨਿਯਮ ਦੀ ਗੱਲ ਕਰੀਏ ਤਾਂ ਮਨੁੱਖ ਹੀ ਇਕ ਅਜਿਹਾ ਜੀਵ ਹੈ ਜਿਸ ਵਿੱਚ ਸੰਪੂਰਨ ਸੋਚਣ ਦੀ ਬੌਧਿਕਤਾ ਹੈ।ਜਿਸ ਕਾਰਨ ਇਹ ਦੂਸਰੇ ਜੀਵਾਂ ਤੋਂ ਅਲੱਗ ਤੇ ਖਾਸ ਸਮਝਿਆ ਜਾਂਦਾ ਹੈ ਜਾ ਇਹ ਕਹਿ ਲਵੋ ਨੈਤਿਕਤਾ ਹੀ ਇਸਨੂੰ ਇਹਨਾ ਜੀਵਾਂ ਤੋਂ ਅਲੱਗ ਕਰਦੀ ਹੈ।ਨੈਤਿਕਤਾ ਕਰਕੇ ਹੀ ਮਨੁੱਖ ਮਨੁੱਖ ਹੈ।ਇਸਦੀ ਅਣਹੋਂਦ ਵਿਚ ਮਨੁੱਖ ਤੇ ਪਸ਼ੂ ਵਿਚਲਾ ਫਰਕ ਖਤਮ ਹੋ ਜਾਂਦਾ ਹੈ।ਨੈਤਿਕਤਾ ਮਨੁੱਖ ਦਾ ਉਹ ਗੁਣ ਹੈ ਜਿਸ ਨਾਲ ਸਾਂਝੇ ਰੂਪ,ਸਾਝੇਂ ਫੈਸਲੇ,ਭਲਾਈ ਨੂੰ ਕਿਸੇ ਇਕ ਦੇ ਨਿੱਜੀ ਸੁਆਰਥ ਲਈ ਨਾ ਹੋਕੇ ਸਮੁੱਚੀ ਸਮਾਜ ਦੀ ਸਥਿਰਤਾ ਤੇ ਵਿਕਾਸ ਲਈ ਸਿੱਧੇ ਜਾ ਅਸਿੱਧੇ ਰੂਪ ਵਿੱਚ ਮਨੁੱਖ ਲਈ ਗ੍ਰਹਿਣ ਕਰਨਾ ਜਰੂਰੀ ਹੋ ਜਾਂਦਾ ਹੈ।ਇਸਦੀਆਂ ਅਨੇਕਾਂ ਸ਼੍ਰੇਣੀਆ ਹੋ ਸਕਦੀਆਂ ਹਨ,ਜਿਵੇਂ ਕਿ ਸਮਾਜ,ਨੌਕਰੀ ਪੇਸ਼ਾ,ਵਪਾਰ,ਧਰਮ,ਕਮਿਊਨਿਟੀਆਂ।ਇਹਨਾ ਸ਼੍ਰੇਣੀਆਂ ਵਿੱਚ ਹਰ ਮਨੁੱਖ ਆਪਣੇ ਨੈਤਿਕ ਨਿਯਮਾ ਦੀ ਪਾਲਣਾ ਕਰਦਾ ਹੈ।ਉਦਾਹਰਣ ਲਈ ਇਕ ਕੰਪਿਊਟਰ ਪੇਸ਼ੇ ਵਜੋਂ ਦਿੱਤੇ ਹੋਏ ਕੰਮ ਨੂੰ ਮਨੁੱਖ ਕੰਪਨੀ ਦੇ ਹੁਕਮ ਅਧੀਨ ਕਰਦਾ ਹੈ ਤੇ ਬਾਕੀ ਦੀ ਕ੍ਰਿਆ ਜੋ ਪੂਰਾ ਦਿਨ ਭਰ ਨਾਲ ਦੇ ਕਰਮਚਾਰੀਆਂ ਨਾਲ ਕ੍ਰਿਆ ਕਰਦਾ ਹੈ ਤਾ ਉਹ ਨੈਤਿਕਤਾ ਅਧੀਨ ਆਉਂਦਾ ਹੈ।ਇਕ ਖਾਸ ਕੰਮ ਜੋ ਉਹ ਹੁਕਮ ਅਧੀਨ ਆਂਉਦਾ ਹੈ ਤੇ ਜੋ ਸਹਿਜੇ ਰੂਪ ਵਿੱਚ ਹੋਰ ਕੰਮ ਕਰਨਾ ਦਿਨ ਭਰ ਬੋਲਚਾਲ,ਦੂਜਿਆਂ ਪ੍ਰਤੀ ਵਿਵਹਾਰ, ਦਇਆ ਭਾਵਨਾ ਆਦਿ ਨੈਤਿਕ ਨਿਯਮਾਂ ਅਧੀਨ ਆਉਂਦਾ ਹੈ।
ਆਓ ਨੈਤਿਕਤਾ ਸ਼ਬਦ ਦੀ ਉਤਪਤੀ ਸਬੰਧੀ ਵਿਚਾਰ ਕਰੀਏ- ਨੈਤਿਕਤਾ ਅੰਗਰੇਜ਼ੀ ਦੇ ਸ਼ਬਦ ‘ਮੋਰੈਲਟੀ’ ਦਾ ਅਨੁਵਾਦ “ਮੋਰਲ” ਹੈ, ਜੋ ਲਾਤੀਨੀ ਮੂਲਕ ਸ਼ਬਦ ‘ਮੋਰਜ’ ਤੋ ਲਿਆ ਗਿਆ ਹੈ, ਜਿਸਦੇ ਅਰਥ ਰਿਵਾਜ, ਸੁਭਾਅ ਆਦਿ ਹਨ। ਇਸ ਦੇ ਸਮਾਨਰਥੀ ਸ਼ਬਦ ‘ਐਥਿਕਸ’ ਜੋ ਯੂਨਾਨੀ ਸ਼ਬਦ ‘ਈਥੋਸ’ ਤੋ ਨਿਕਲਿਆਂ ਦੇ ਅਰਥ ਵੀ ਰਿਵਾਜ, ਵਰਤੋਂ ਜਾਂ ਸੁਭਾਅ ਆਦਿ ਹਨ। ਇਸ ਦੇ ਨਾਂ ‘ਵਿਵਹਾਰ ਦਰਸਨ, ਨੀਤੀ ਦਰਸਨ ਨੀਤੀ ਵਿਗਿਆਨ,ਨੀਤੀ ਸ਼ਾਸਤਰ ਆਦਿ ਵੀ ਹਨ। ਇਸੇ ਨੂੰ ਪੰਜਾਬੀ ਵਿੱਚ ‘ਸਦਾਚਾਰ’ ਆਖਦੇ ਹਨ,ਜਿਸਦਾ ਸਬੰਧ ਮੂ਼ਲ ਰੂਪ ਵਿੱਚ ‘ਚੱਜ ਆਚਾਰ’ ਜਾ ‘ਆਚਰਣ ‘ ਨਾਲ ਹੈ।ਸਦਾਚਾਰ ਵਿੱਚ ਕੀਤੇ ਗਏ ਨਿਯਮਾ ਦੀ ਉੁਲਘਣਾ ਦੀ ਨਿਸਚਿਤ ਸਜਾ ਵੀ ਦਿੱਤੀ ਜਾ ਸਕਦੀ ਹੈ।
ਮਨੁੱਖੀ ਸਮਾਜ਼ ਅਣਗਿਣਤ ਭਾਗਾਂ ਵਿੱਚ ਵੰਡਿਆ ਹੋਇਆ ਹੈ।ਇਸਦੀਆਂ ਅਲਗ ਅਲਗ ਸ਼੍ਰੇਣੀਆਂ ਹਨ।ਪਰ ਨੈਤਿਕਤਾ ਮਨੁੱਖ ਦੇ ਹਰ ਪਲ ਨਾਲ ਨਾਲ ਚਲਦੀ ਹੈ।ਉਹ ਸਵੇਰ ਉਠਣ ਤੋ ਲੈਕੇ ਦਿਨ ਭਰ ਕੀਤੀ ਹਰ ਗਤੀਵਿਧੀ ਤੇ ਰਾਤ ਨੂੰ ਸੌਣ ਤਕ ਨੈਤਿਕ ਨਿਯਮਾਂ ਦੇ ਅਧੀਨ ਰਹਿੰਦਾ ਹੈ।ਜਿਵੇ ਕਿ ਅਸੀ ਪ੍ਰਕਿਤੀ ਦਾ ਵਰਣਨ ਕੀਤਾ ਹੈ ਕਿ ਮਨੁੱਖ ਤੇ ਜਾਨਵਰਾ ਵਿੱਚ ਹੀ ਕ੍ਰਿਆ ਕਰਨ ਦੀ ਸ਼ਕਤੀ ਹੈ ਪਰ ਨੈਤਿਕਤਾ ਹੀ ਮਨੁੱਖ ਨੂੰ ਅਲੱਗ ਕਰਦੀ ਹੈ।ਮਨੁੱਖ ਦੀ ਸੋਚਣ ਸ਼ਕਤੀ ਸਮਾਜ਼ ਵਿੱਚ ਰਹਿਣਾ ਸਮਾਜ਼ ਦੇ ਮੂਲ ਨਿਯਮਾਂ ਨੂੰ ਧਿਆਣ ਵਿੱਚ ਰਖਦੇ ਆਪਣਾ ਜੀਵਣ ਬਸਰ ਕਰਨਾ ਆਦਿ ਹੈ।ਨਹੀ ਮਨੁੱਖ ਤੇ ਜਾਨਵਰ ਵਿਚ ਕੋਈ ਫਰਕ ਨਹੀਂ ਰਹਿ ਜਾਵੇਗਾ।ਪ੍ਰਕਿਤਕ ਜੀਵ ਤੋ ਸਾਂਸਕ੍ਰਿਤਕ ਜੀਵ ਹੀ ਮਨੁੱਖ ਨੂੰ ਅਲਗ ਕਰਦੀ ਹੈ।ਸਾਂਸਕ੍ਰਿਤਕ ਜੀਵ ਹੋਣ ਦੇ ਨਾਤੇ ਉਹ ਕੲਈ ਵਾਰ ਨੈਤਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਉਸਨੂੰ ਅਨੈਤਿਕ ਘੋਸ਼ਿਤ ਕਰ ਦਿਤਾ ਜਾਂਦਾ ਹੈ।ਗੁਰਬਾਣੀ ਵਿੱਚ ਮਨਮੁਖ ਤੇ ਗੁਰਮੁਖ,ਸੁਹਾਗਣ ਤੇ ਦੁਹਾਗਣ ਦੀਆਂ ਸ਼੍ਰੇਣੀਆ ਬਣਾਕੇ ਸਮਝਾਇਆ ਗਿਆ ਹੈ।ਜਦੋ ਮਨੁੱਖ ਮਨ ਦੇ ਆਖੇ ਲੱਗ ਕੇ ਮਨ ਆਈਆਂ ਕਰਦਾ ਹੈ ਤੇ ਉਹ ਨੈਤਿਕਤਾ ਨੂੰ ਭੰਗ ਕਰਦਾ ਹੈ ਇਸਦੇ ਉਲਟ ਗੁਰਮੁਖ ਜੋ ਆਪਣੇ ਗੁਰੂ ਦੀ ਸਿੱਖਿਆ ਤੋਂ ਨੈਤਿਕ ਪ੍ਰੇਰਣਾ ਗ੍ਰਹਿਣ ਕਰਦਾ ਹੈ ਤੇ ਨੈਤਿਕ ਨਿਯਮਾਂ ਦੀ ਅਧੀਨ ਰਹਿੰਦਾ ਹੈ।ਇਸੇ ਅਧਾਰ ਤੇ ਹੀ ਸੁਹਾਗਣ ਦੁਹਾਗਣ,ਪਾਪ ਪੁੰਨ,ਚੰਗੇ ਕਰਮ ਤੇ ਮਾੜੇ ਕਰਮਾਂ ਦਾ ਫੈਸਲਾ ਕੀਤਾ ਜਾਂਦਾ ਹੈ।ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਇਕ ਬੰਦਾ ਮਨ ਦੇ ਆਖੇ ਲਗ ਮਨ ਆਈਆਂ ਕਰਦਾ ਹੈ ਤੇ ਉਹ ਨੈਤਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾ ਸੁਭਾਵਿਕ ਉਸਨੂੰ ਕਿਹਾਂ ਜਾਂਦਾ ਹੈ ਕਿ “ਬੰਦਾ ਬਣ ਓਏ”।ਅਸਚਰਜ ਦੀ ਗੱਲ ਹੈ ਕਿ ਬੰਦੇ ਨੂੰ ਹੀ ਕਿਹਾ ਜਾ ਰਿਹਾ ਕਿ ਉਹ ਬੰਦਾ ਬਣੇ।ਅਜਿਹਾ ਕਿਉਂ ? ਕਾਰਨ ਸ਼ਪੱਸ਼ਟ ਹੈ ਕਿ ਜਦੋ ਸਮਾਜ਼ ਸੱਭਿਆਚਾਰ,ਕਨੂੰਨ,ਧਰਮ ਆਦਿ ਸੰਸਥਾਵਾਂ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਹ ਮਨੁੱਖ ਤੋਂ ਪਸ਼ੂ ਜਗਤ ਵਿੱਚ ਪ੍ਰਵੇਸ਼ ਕਰ ਚੁੱਕਾ ਹੈ।ਤਾਂਹੀ ਉਸਨੂੰ ਕਿਹਾ ਜਾਂਦਾ ਹੈ ਕਿ ਉਹ ਬੰਦਾ ਬਣੇ।
ਨੈਤਿਕਤਾ ਦਾ ਸਬੰਧ ਫਿਲਾਸਫੀ ,ਕਨੂੰਨ,ਧਰਮ,ਸੱਭਿਚਾਰ,ਚਕਿਤਸਾ,ਸਮਾਜ ਸੱਭਿਆਚਾਰ ਆਦਿ ਵਖ ਵਖ ਸੰਸਥਾਵਾਂ ਨਾਲ ਹੈ।ਇਸ ਤਰਾ ਨੈਤਿਕਤਾ ਅਸੀ ਮਨੁੱਖ ਦੇ ਘਰ ਤੋਂ ਸ਼ੁਰੂ ਹੋਕੇ ਪੂਰੇ ਸਮਾਜ਼ ਵਿੱਚ ਵਿਚਰਨ ਤੋਂ ਬਾਦ ਫਿਰ ਘਰ ਵਿੱਚ ਵਾਪਸ ਆਕੇ ਰਾਤ ਨੂੰ ਸੌਣ ਤਕ ਨਿਰੰਤਰ ਕ੍ਰਿਆ ਹੈ।ਨੈਤਿਕਤਾ ਬਿਨਾ ਮਨੁੱਖ,ਮਨੁੱਖ ਨਹੀਂ ਹੈ।ਨੈਤਿਕਤਾ ਦੀ ਅਣਹੋਂਦ ਕਰਨ ਮਨੁੱਖ ਤੇ ਦੂਜੇ ਜੀਵਾਂ ਵਿੱਚ ਬਹੁਤਾ ਫਰਕ ਨਹੀ ਰਹਿ ਜਾਂਦਾ।ਸੋ ਨੈਤਿਕਤਾ ਹੀ ਮਨੁੱਖ ਨੂੰ ਸਮਾਜ ਵਿੱਚ ਆਪ ਮੁਹਾਰੇ ਨਿਯਮਾਂ ਦਾ ਪਾਲਣ ਕਰਾਉਂਦੀ ਹੈ ਤਾਂਹੀ ਸਮਾਜ਼ ਵਿੱਚ ਮਨੁੱਖ ਇਕ ਦੂਸਰੇ ਨਾਲ ਮਿਲਕੇ ਰਹਿੰਦਾ ਹੈ ਅਤੇ ਨੈਤਿਕਤਾ ਦੀ ਉਲੰਘਣਾ ਕਰਨ ਵਾਲਾ ਮਨੁੱਖ ਸਮਾਜ਼ ਵਿੱਚ ਅਨੇਕਾਂ ਕਠਿਨਾਈਆਂ ਦਾ ਸਾਮਣਾ ਕਰਦਾ ਹੈ।
ਸਾਡੇ ਜੀਵਨ ਦੇ ਮੁੱਖ ਪਹਿਲੂ ਵਿੱਚੋਂ ਜੇਕਰ ਮੰਨਿਆ ਜਾਵੇ ਤਾ ਨੈਤਿਕਤਾ ਹੀ ਸਾਡੇ ਜੀਵਨ ਦਾ ਮੁੱਢਲਾ ਅਧਾਰ ਹੈ,ਨੈਤਿਕ ਕਦਰਾਂ ਕੀਮਤਾਂ ਦਾ ਸਾਡੇ ਜੀਵਣ ਵਿੱਚ ਸਭ ਤੋਂ ਮਹੱਤਵਪੂਰਨ ਸਥਾਨ ਹੈ,ਨੈਤਿਕ ਜੀਵਣ ਹੀ ਮਨੁੱਖ ਦਾ ਸਮਾਜ ਵਿੱਚ ਉਸਦਾ ਆਚਰਨ ਤੇ ਸ਼ਖਸ਼ੀਅਤ ਨੂੰ ਨਿਖਾਰਕੇ ਸਮਾਜ ਸਾਮਣੇ ਪੇਸ਼ ਕਰਦਾ ਹੈ।ਜਿਹੋ ਜਿਹਾ ਇਕ ਵਿਅਕਤੀ ਆਪਣੇ ਪਰਿਵਾਰ ਵਿੱਚੋਂ ਮੁੱਢਲੇ ਗੁਣ ਗ੍ਰਹਿਣ ਕਰਦਾ ਹੈ ਉਸੇ ਤਰਾਂ ਦਾ ਹੀ ਆਚਰਣ ਉਸ ਵਿਅਕਤੀ ਦਾ ਸਮਾਜ ਸਾਮਣੇ ਨਿਖਰਕੇ ਆਂਉਦਾ ਹੈ।
ਮੇਰੇ ਹੁਣ ਤਕ ਵੀਹ ਸਾਲ ਦੇ ਤਜਰਬੇ ਵਿੱਚ ਇਹਨਾ ਨੈਤਿਕ ਕਦਰਾਂ ਕੀਮਤਾਂ ਦਾ ਅਹਿਮ ਯੋਗਦਾਨ ਰਿਹਾ ਹੈ।ਮੇਰੇ ਗਵਾਂਡ ਹੀ ਦੋ ਸਕੇ ਭਰਾ ਜਿਨਾ ਵਿੱਚੋਂ ਇਕ ਦਾ ਪਰਿਵਾਰ ਨਸ਼ਾ ਰਹਿਤ ਤੇ ਬੋਲਣ ਪੱਖ ਤੋਂ ਇਨਾ ਮਿੱਠਾ ਤੇ ਮਿਲਣਸਾਰ ਹੈ,ਹਰ ਇਕ ਨੂੰ ਉਹਨਾ ਦਾ ਪਰਿਵਾਰ ਬੜੇ ਹੀ ਹਲੀਮੀ ਨਾਲ ਤੇ ਇੱਜਤ ਨਾਲ ਬੁਲਾਉਂਦਾ ਹੈ,ਉਹਨਾ ਦੇ ਬੱਚੇ ਮੇਰੀਆਂ ਅੱਖਾਂ ਸਾਮਣੇ ਵੱਢੇ ਹੋਏ ਜਿਹੋ ਜਹੇ ਗੁਣ ਉਹਨਾ ਬੱਚਿਆਂ ਦੇ ਮਾਤਾ ਪਿਤਾ ਦੇ ਉਹਨਾਂ ਨਾਲੋਂ ਕਿਤੇ ਵਧ ਹੁਣ ਉਹਨਾ ਬੱਚਿਆਂ ਵਿੱਚ ਨੇ,ਇਹ ਉਹਨਾ ਦੇ ਮਾਂ ਪਿਓ ਦੇ ਦਿੱਤੇ ਸੰਸਕਾਰ ਤੇ ਉਹਨਾ ਉੱਪਰ ਆਪਣਾ ਕੀਮਤੀ ਸਮੇ ਚੋਂ ਸਮਾਂ ਦੇਕੇ ਉਹਨਾ ਦੀ ਸਖਸ਼ੀਅਤ ਨੂੰ ਨਿਖਾਰ ਕੇ ਸਮਾਜ ਵਿੱਚ ਇੱਕ ਇੱਜਤਦਾਰ ਤੇ ਸਮਝਦਾਰ ਹੋਣ ਦੀ ਮਿਸਾਲ ਕਾਇਮ ਕਰ ਦਿੱਤੀ।ਸਾਡੇ ਸਮਾਜ ਵਿੱਚ ਨੈਤਿਕ ਜੀਵਨ ਹੀ ਸਾਡੇ ਪੂਰਨ ਜੀਵਨ ਦੀ ਰੂਪ ਰੇਖਾ ਤਹਿ ਕਰਦਾ ਹੈ ਕਿ ਅੱਗੇ ਜਾਕੇ ਸਾਡਾ ਭਵਿੱਖ ਕਿਵੇਂ ਦਾ ਹੋਵੇਗਾ।ਬੱਚਾ ਸਭ ਤੋਂ ਪਹਿਲਾਂ ਸਮਾਜ ਵਿੱਚ ਬਾਦ ਵਿੱਚ ਵਿਚਰਦਾ ਹੈ ਪਰ ਪਰਿਵਾਰ ਵਿੱਚ ਜੋ ਇਕ ਸਮਾਜਕ ਮਹੌਲ ਤੋਂ ਸਿੱਖਕੇ ਫਿਰ ਸਮਾਜ ਵਿੱਚ ਵਿਚਰਦਾ ਤਾਂ ਉਸ ਨੂੰ ਬਾਹਰੀ ਸਮਾਜ ਵਿੱਚ ਚੰਗੇ ਮਾੜੇ ਦੀ ਪਰਖ ਕਰਨੀ ਸੌਖੀ ਹੋ ਜਾਂਦੀ ਹੈ।
ਇਸੇ ਤਰਾਂ ਹੀ ਮੈ ਦੂਸਰੇ ਭਰਾ ਦੀ ਗੱਲ ਕਰਾਂ ਤਾ ਉਸਦਾ ਸੁਭਾਅ ਪਹਿਲਾਂ ਤੋਂ ਹੀ ਅੱਥਰਾ ਸੀ ਤੇ ਆਪਣੇ ਵਿਹਲੇ ਯਾਰਾਂ ਦੋਸਤਾਂ ਨਾਲ ਘੁੰਮਣਾ ਬਸ ਉਸਦਾ ਸ਼ੌਕ ਸੀ।ਸਕੂਲ ਦੀ ਪੜਾਈ ਵੀ ਮਸਾਂ ਮੈਟ੍ਰਿਕ ਤਕ ਕੀਤੀ ਪਰ ਬਾਦ ਵਿੱਚ ਆਪਣੇ ਯਾਰਾ ਦੋਸਤਾਂ ਨਾਲ ਘੁੰਮਣਾ ਜਿੰਦਗੀ ਦਾ ਕੋਈ ਟੀਚਾ ਨਹੀਂ ਲਿਆ ਬਸ ਹੌਲੀ ਹੌਲੀ ਦਾਰੂ ਪੀਣੀ ਤੇ ਹੋਰ ਨਸ਼ੇ ਵੀ ਕਰਨੇ ਸੁਰੂ ਕਰ ਦਿਤੇ ਵਿਆਹ ਹੋ ਗਿਆ ਪਰ ਕਹਿੰਦੇ ਹੁੰਦੇ ਵਿਆਹ ਬਾਦ ਅਕਲ ਆ ਜਾਂਦੀ ਪਹਿਲਾ ਬੱਚਾ ਹੋਇਆ ਧੀ ਦੇ ਰੂਪ ਚ ਪਰ ਹਾਲ ਉਹੀ ਰਿਹਾ ਦੂਸਰਾ ਬੱਚਾ ਫਿਰ ਧੀ ਇਕ ਇਕ ਕਰ ਤਿੰਨ ਧੀਆਂ ਤੇ ਦੋ ਪੁੱਤਾਂ ਨੂੰ ਉਸਦੇ ਘਰ ਵਾਲੀ ਨੇ ਜਨਮ ਦਿੱਤਾ,ਟੱਬਰ ਵੱਢਾ ਮਹਿੰਗਾਈ ਦੇ ਦੌਰ ਚ ਇਨੇ ਬੱਚਿਆਂ ਨੂੰ ਪਾਲਣਾ ਬਹੁਤ ਮੁਸ਼ਕਿਲ ਸੀ ਖੈਰ ਰੁਲਦੇ ਖੁਲਦੇ ਪਲ ਤਾ ਗਏ ਪਰ ਉਸ ਬੰਦੇ ਨੇ ਆਪਣੀਆਂ ਆਦਤਾਂ ਜਿਓਂ ਦੀਆਂ ਤਿਓਂ ਰੱਖੀਆਂ ਦਾਰੂ ਪੀਣੀ ਗੰਦੀਆਂ ਗਾਲਾਂ ਕੱਢਣੀਆਂ ਇਹ ਰੋਜਾਨਾ ਦਾ ਕੰਮ ਸੀ,,ਬੱਚਿਆਂ ਵਿੱਚ ਸ਼ਿਸ਼ਟਾਚਾਰ ਚੱਜ ਅਚੱਜ ਜਹੇ ਗੁਣਾਂ ਦਾ ਨਾ ਹੋਣਾ ਲਾਜਮੀ ਸੀ ਕਿਉ ਕਿ ਜਿਹੋ ਜਿਆ ਪਰਿਵਾਰਕ ਮਹੌਲ ਹੋਵੇਗਾਉਹੀ ਜਹੇ ਹੀ ਬੱਚਿਆਂ ਵਿੱਚ ਗੁਣ ਹੋਣਗੇ,ਹੌਲੀ ਹੌਲੀ ਸਮਾਂ ਲੰਘਦਾ ਗਿਆ ਜਿਸ ਤਰਾਂ ਪਿਓ ਘਰ ਵਿੱਚ ਵਿਵਹਾਰ ਕਰਦਾ ਸੀ ਉਹੀ ਵਿਵਹਾਰ ਬੱਚਿਆਂ ਦਾ ਆਪਣੇ ਪਰਿਵਾਰ ਵਿੱਚ ਸੀ,ਹੌਲੀ ਹੌਲੀ ਉਹ 18 ਸਾਲ ਤੋਂ ਪਹਿਲਾਂ ਦੋ ਕੁੜੀਆਂ ਨੇ ਘਰੋਂ ਭੱਜਕੇ ਵਿਆਹ ਕਰਵਾਏ ਤੇ ਦੋਨੋ ਲੜਕੇ ਨਸ਼ਿਆਂ ਦੇ ਰਾਹ ਪੈ ਗਏ ਸਕੂਲਾਂ ਵਿੱਚ ਵੀ ਬਸ ਕਿਸੇ ਪੰਜ ਕੀਤੀਆਂ ਕਿਸੇ ਸੱਤ ਹੁਣ ਘਰ ਦਾ ਮਹੌਲ ਕਮਲਿਆਂ ਵਰਗਾ ਆ।ਕਿਸੇ ਦੇ ਸਮਝਾਉਣ ਤੇ ਵੀ ਉਹ ਪਰਿਵਾਰ ਦੇ ਬੱਚੇ ਸਮਝਦੇ ਨਹੀਂ।ਇਸੇ ਤਰਾ ਅਸੀ ਇਹ ਕਹਿ ਸਕਦੇ ਹਾਂ ਸਾਡੇ ਅੰਦਰ ਸਾਡੇ ਪਰਿਵਾਰਕ ਗੁਣਾਂ ਦਾ ਸਭ ਤੋਂ ਵੱਢਾ ਰੋਲ ਹੁੰਦਾ ਹੈ।ਨੈਤਿਕ ਸਿੱਖਿਆ ਸਾਡੇ ਪਰਿਵਾਰ ਚੋਂ ਹੀ ਸਭ ਤੋਂ ਪਹਿਲਾਂ ਮਿਲਦੀ ਹੈ,ਫਿਰ ਸਕੂਲ,ਕਾਲਜ ਤੇ ਸਮਾਜ ਤੀਜਾ ਪੜਾਅ ਹੁੰਦਾ ਹੈ ਜਿਸ ਵਿੱਚ ਵਿਅਕਤੀ ਪੂਰਾ ਜੀਵਣ ਨੈਤਿਕ ਕਦਰਾਂ ਕੀਮਤਾਂ ਨੂੰ ਆਪਣੀ ਬੁੱਧੀ ਦੇ ਅਧਾਰ ਤੇ ਗ੍ਰਹਿਣ ਕਰਦਾ ਹੈ।ਇਸ ਤਰਾਂ ਕਹਿ ਸਕਦੇ ਹਾਂ ਨੈਤਿਕਤਾ ਹੀ ਸਾਡੇ ਜੀਵਨ ਦਾ ਮੁੱਖ ਅਧਾਰ ਹੈ।
ਰਵਨਜੋਤ ਕੌਰ ਸਿੱਧੂ ‘ ਰਾਵੀ ‘
ਨਵਾਂ ਸ਼ਹਿਰ
8283066125