ਹਾਂ, ਨਿਰਵਸਤਰ ਤਾਂ ਮੈਂ ਹੋਈ
ਪਰ ਨੰਗਾ ਕੌਣ ਹੋਇਆ?
ਮੈਂ ਜਾਂ ਤੂੰ?
ਮੇਰੇ ਨਾਲ ਬਲਾਤਕਾਰ ਹੋਇਆ
ਤੂੰ ਕੀਤਾ
ਆਪਣੇ ਸਾਥੀਆਂ ਨਾਲ ਕੀਤਾ
ਪਰ ਕੀਹਦੀ ਇੱਜ਼ਤ ਗਈ
ਮੇਰੀ ਜਾਂ ਤੇਰੀ?
ਜੇ ਤੁਸੀਂ ਸੋਚਦਾ ਹੈਂ
ਕਿ ਇਹ ਤੇਰਾ ਸ਼ਕਤੀ-ਪ੍ਰਦਰਸ਼ਨ ਸੀ
ਤਾਂ ਸੁਣ
ਤੂੰ ਸੈਂਕੜਿਆਂ ਦੀ ਗਿਣਤੀ ਵਿੱਚ
ਆਪਣੀ ਸਾਮੂਹਿਕ ਨਿਪੁੰਸਕਤਾ ਸਾਬਤ ਕੀਤੀ ਹੈ
ਤੇਰੇ ਨਾਲ ਨੰਗਾ ਹੋਇਆ ਹੈ
ਸਮਾਜ
ਸੱਤਾ
ਪੁਲਿਸ
ਰਾਜਨੀਤੀ
ਜਾਤੀ-ਪ੍ਰਬੰਧ
ਅਤੇ ਦੇਸ਼!
ਇਹ ਨਾ ਸੋਚੀਂ
ਯੁੱਧ ਵਿੱਚ ਸ਼ਾਮਲ ਕਰਕੇ ਇੱਕ ਨਾਰੀ-ਜਿਸਮ
ਤੂੰ ਜੰਗ ਜਿੱਤ ਲਵੇਂਗਾ
ਯੁੱਧ ਵਿੱਚ ਸ਼ਾਮਲ ਹਰ ਨਾਰੀ-ਜਿਸਮ
ਤੇਰੀ ਨਿਰਾਸ਼ਾ ਅਤੇ ਹਾਰ ਦਾ ਨਤੀਜਾ ਹੈ।
ਬਲਾਤਕਾਰ ਹੋਣ ਨਾਲ ਕੋਈ ਔਰਤ
ਬੇਇੱਜ਼ਤ ਨਹੀਂ ਹੁੰਦੀ
ਬੇਇੱਜ਼ਤ ਹੋਣ ਦੀ ਇਹ ਪਰਿਭਾਸ਼ਾ
ਤੇਰੀ ਆਪਣੀ ਕਮਜ਼ੋਰੀ ਛੁਪਾਉਣ ਦੀ
ਤੇਰੇ ਵੱਲੋਂ ਰਚੀ ਗਈ
ਇੱਕ-ਪੱਖੀ ਸਾਜ਼ਿਸ਼ ਹੈ।
ਦਰਅਸਲ
ਨਿਰਵਸਤਰ ਕੀਤੀ ਜਾਂਦੀ ਹਰ ਔਰਤ
ਅਤੇ ਉਸ ਉੱਤੇ ਥੋਪਿਆ ਗਿਆ ਹਰ ਬਲਾਤਕਾਰ
ਤੇਰੇ ਬੇਇੱਜ਼ਤ
ਅਤੇ ਨੰਗੇ ਹੋਣ ਦਾ ਪ੍ਰਮਾਣ ਪੱਤਰ ਹੈ।
ਬਲਾਤਕਾਰ ਔਰਤ ਦੀ ਸੰਘਰਸ਼-ਕਹਾਣੀ ਹੈ
ਦੁਖੀ, ਮਧੋਲੀ ਔਰਤ
ਬਲਾਤਕਾਰ ਪਿੱਛੋਂ
ਬਲਾਤਕਾਰ ਨਾਲ ਨਹੀਂ
ਤੈਨੂੰ ਜੰਮਣ ਨਾਲ ਸ਼ਰਮਿੰਦਾ ਹੁੰਦੀ ਹੈ।

ਮੂਲ : ਸੁਰੇਸ਼ ਬਰਨਵਾਲ, ਸਿਰਸਾ- 94662 00712 (ਹਰਿਆਣਾ)।
ਅਨੁ : ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
