ਪਟਿਆਲਾ ਇੱਕ ਵਿਰਾਸਤੀ ਸ਼ਹਿਰ ਹੈ, ਜਿਸ ਦੀ ਆਨ, ਬਾਨ ਤੇ ਸ਼ਾਨ ਅੱਜ ਵੀ ਆਕਰਸ਼ਿਤ ਕਰਦੀ ਹੈ। ਇਸ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਜੀ ਸਨ, ਜਿਨ੍ਹਾਂ ਨੇ 12 ਫਰਵਰੀ 1763 ਈ. ਨੂੰ ਕਿਲਾ ਮੁਬਾਰਕ ਦੀ ਨੀਂਹ ਰੱਖੀ ਸੀ। ਬਾਬਾ ਆਲਾ ਸਿੰਘ ਨੇ 1757 ਵਿੱਚ ਇੱਕ ਕੱਚੀ ਗੜ੍ਹੀ ਦੀ ਉਸਾਰੀ ਕੀਤੀ ਸੀ। ਕਿਲਾ ਅੰਦਰੂਨ ਵਿੱਚ ਵੱਡ ਆਕਾਰੀ ਇਮਾਰਤਾਂ ਹਨ, ਜੋ ਭਵਨ ਉਸਾਰੀ ਦਾ ਕਮਾਲ ਹਨ। ਇੱਥੇ ਹੀ ਵੱਖ-ਵੱਖ ਚਿੱਤਰਕਾਰਾਂ ਵੱਲੋਂ ਬਣਾਏ ਚਿੱਤਰ ਹਨ। ਕਿਲ੍ਹੇ ਵਿੱਚ ਮੌਜੂਦ ਅਜਾਇਬ ਘਰ ਵਿੱਚ ਹਥਿਆਰਾਂ ਦੀ ਗੈਲਰੀ ਹੈ। ਇਸ ਦੀ ਛੱਤ ਮੀਨਾਕਾਰੀ ਨਾਲ ਲਬਰੇਜ਼ ਹੈ। ਇਸ ਕਿਲ੍ਹੇ ਦੇ ਆਲੇ- ਦੁਆਲੇ ਹੀ ਪੂਰਾ ਸ਼ਹਿਰ ਵਸਿਆ ਹੋਇਆ ਹੈ। ਰਿਆਸਤਾਂ ਟੁੱਟਣ ਤੋਂ ਪਹਿਲਾਂ ਤਕ ਸ਼ਾਹੀ ਪਰਿਵਾਰ ਇਸ ਕਿਲ੍ਹੇ ਵਿੱਚ ਹੀ ਰਹਿੰਦਾ ਸੀ। ਕਿਲ੍ਹੇ ਅੰਦਰ ਬਣੇ ਰਿਆਸਤ ਦੇ ਦਰਬਾਰ ਹਾਲ ਵਿੱਚ ਇੱਕ ਮਿਊਜ਼ੀਅਮ ਹੈ, ਜਿਸ ਵਿਚ ਰਿਆਸਤ ਨਾਲ ਸਬੰਧਤ ਪੁਰਾਣੀਆਂ ਯਾਦਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਸ਼ਸਤਰ ਵੀ ਸੁਸ਼ੋਭਿਤ ਹਨ। ਕਿਲਾ ਅੰਦਰੂਨ ਆਪਣੇ ਆਪ ਵਿੱਚ ਪੁਰਾਣੀ ਹਸਤ ਤੇ ਸ਼ਿਲਪ ਕਲਾ ਦਾ ਉੱਤਮ ਨਮੂਨਾ ਹੈ। ਇਸ ਦੇ ਅੰਦਰ ਹੀ ਬਣੀ ਉਹ ਜੋਤ ਹੈ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਜਦ ਤਕ ਇਹ ਜਗਦੀ ਰਹੇਗੀ ਉਦੋਂ ਤੱਕ ਪਟਿਆਲੇ ਦੀ ਹੋਂਦ ਕਾਇਮ ਰਹੇਗੀ।
ਕਿਲ੍ਹਾ ਮੁਬਾਰਕ ਪੁਰਾਣੀਆਂ ਰਿਆਸਤਾਂ ਦੇ ਕਿਲ੍ਹਿਆਂ ਵਿੱਚੋਂ ਇੱਕ ਹੈ। ਆਪਣੇ ਸਮੇਂ ਦੇ ਸੁਰੱਖਿਆ ਢਾਂਚੇ ਨੂੰ ਵੇਖਦੇ ਹੋਏ ਬਣਾਏ ਗਏ ਕਿਲ੍ਹਾ ਮੁਬਾਰਕ ਦੇ ਵੱਖ-ਵੱਖ ਹਿੱਸੇ, ਜਿਹੜੇ ਕਿ ਇੱਕ ਰਾਜ ਚਲਾਉਣ ਤੱਕ ਦੀਆਂ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਦੇ ਹਨ, ਉਹ ਇੱਥੇ ਆਉਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾ ਉਤਸੁਕਤਾ ਪੈਦਾ ਕਰਦੇ ਹਨ। ਕਿਲ੍ਹਾ ਮੁਬਾਰਕ ਵਿੱਚ ਸ਼ਾਹੀ ਪੈਲੇਸ ਦੱਸ ਏਕੜ ਵਿੱਚ ਹੇਠਲੀ ਮੰਜ਼ਿਲ ਤੇ ਹੈ। ਪੂਰੇ ਕੰਪਲੈਕਸ ਵਿੱਚ ਇਸ ਤੋਂ ਇਲਾਵਾ ਰਣ ਬਾਸ (ਗੈਸਟ ਹਾਊਸ) ਅਤੇ ਦਰਬਾਰ ਹਾਲ (ਦੀਵਾਨਖਾਨਾ) ਸ਼ਾਮਿਲ ਹਨ। ਇਸ ਵਿੱਚ ਇੱਕ ਭੂਮੀਗਤ ਸੀਵਰੇਜ ਪ੍ਰਣਾਲੀ ਵੀ ਹੈ।
ਸਭ ਤੋਂ ਪਹਿਲਾਂ ਕਿਲ੍ਹਾ ਮੁਬਾਰਕ ਨੂੰ ਇੱਕ ਗਾਰੇ ਦੇ ਕਿਲ੍ਹੇ (ਕੱਚੀ ਗੜ੍ਹੀ) ਵਜੋਂ ਉਸਾਰਿਆ ਗਿਆ ਸੀ। ਸਰਹਿੰਦ ਜਿੱਤਣ ਤੋਂ ਬਾਅਦ ਬਾਬਾ ਆਲਾ ਸਿੰਘ ਨੇ ਪੱਕਾ ਕਿਲ੍ਹਾ ਬਣਵਾਇਆ। ਇਸ ਕਿਲ੍ਹੇ ਦੀ ਉਸਾਰੀ ਉਨ੍ਹਾਂ ਨੇ ਜੀਟੀ ਰੋਡ ਤੇ ਆਉਣ-ਜਾਣ ਵਾਲੇ ਵਪਾਰੀਆਂ ਤੋਂ ਚੁੰਗੀ (ਟੈਕਸ) ਲੈ ਕੇ ਕੀਤੀ ਸੀ।
ਦਰਬਾਰ ਹਾਲ ਵਿੱਚ ਦੁਰਲੱਭ ਸ਼ਾਸਤਰ ਤੇ ਕਵਚ ਰੱਖੇ ਹੋਏ ਹਨ, ਜਿਨ੍ਹਾਂ ਵਿੱਚ ਨਾਦਰਸ਼ਾਹ ਦੀ ਤਲਵਾਰ ਵੀ ਹੈ। ਕਲਾ ਦੇ ਸਭ ਤੋਂ ਵਿਲੱਖਣ ਨਮੂਨੇ ਦਰਖਤ ਦੇ ਆਕਾਰ ਦੇ ਫਾਨੂਸ ਹਨ, ਜੋ ਬੋਹੀਮੀਅਨ ਕੱਟ ਗਲਾਸ ਦੇ ਬਣੇ ਹੋਏ ਹਨ। ਇਨ੍ਹਾਂ ‘ਚੋਂ ਪ੍ਰਿਜ਼ਮ ਵਰਗੀ ਚਮਕ ਲਿਸ਼ਕਦੀ ਹੈ। ਧਾਤ ਵਿਗਿਆਨ ਅਤੇ ਬੰਦੂਕਾਂ ਵਿੱਚ ਰੁਚੀ ਰੱਖਣ ਵਾਲਿਆਂ ਲਈ ਕਿਲ੍ਹਾ ਮੁਬਾਰਕ ਦੇ ਅਹਾਤੇ ਵਿੱਚ ਸਥਿਤ ‘ਕੈਨਨ ਪਾਰਕ’ ਇੱਕ ਰੋਮਾਂਚਕ ਅਨੁਭਵ ਹੋ ਸਕਦਾ ਹੈ। ਮਹਿਲਾਂ ਦੇ ਅੰਦਰ ਬਣੇ ਕੰਧ-ਚਿੱਤਰ ਕਾਂਗੜਾ ਤੇ ਰਾਜਸਥਾਨੀ ਚਿੱਤਰਕਾਰੀ ਦੇ ਲਾਸਾਨੀ ਨਮੂਨੇ ਹਨ।
‘ਦੇਸ ਯਾਤਰਾ’ (ਡਾ ਗੋਪਾਲ ਸਿੰਘ ਦਰਦੀ ਅਤੇ ਬਲਵੰਤ ਗਾਰਗੀ) ਪੁਸਤਕ ਵਿੱਚ ਅੰਕਿਤ ਹੈ: “ਪਟਿਆਲੇ ਦੇ ਐਨ ਵਿਚਕਾਰ ਵੱਡਾ ਕਿਲ੍ਹਾ ਹੈ, ਜੋ ਕਿ ਵੇਖਣਯੋਗ ਹੈ। ਇਸ ਵਿਚ ਦੀਵਾਨੇ ਖ਼ਾਸ ਵੇਖਣ ਯੋਗ ਹੈ। ਦੂਰ-ਦੂਰ ਬਾਹਰਲੇ ਦੇਸ਼ਾਂ ਤੋਂ ਮੰਗਾਏ ਹੋਏ ਸ਼ੀਸ਼ੇ ਦੇ ਝਾੜ-ਫਾਨੂਸ ਇਸਦੀ ਛੱਤ ਤੇ ਲਟਕਦੇ ਹਨ। ਇਸ ਵਿੱਚ ਬਾਬਾ ਆਲਾ ਸਿੰਘ ਤੋਂ ਲੈ ਕੇ ਹੁਣ ਤੀਕ, ਜਿਤਨੀ ਮਹਾਰਾਜੇ ਗੱਦੀ ਉੱਤੇ ਬੈਠੇ, ਸਭਨਾਂ ਦੀਆਂ ਬਹੁਤ ਵਧੀਆ ਤਸਵੀਰਾਂ ਹਨ। ਇਹ ਤਸਵੀਰਾਂ ਦੁਨੀਆਂ ਦੇ ਕਈ ਪ੍ਰਸਿੱਧ ਚਿੱਤਰਕਾਰਾਂ ਨੇ ਬਣਾਈਆਂ ਹਨ। ਪਹਿਲਾਂ ਇਸ ਜਗ੍ਹਾ ਮਹਾਰਾਜਾ ਸਾਹਿਬ ਆਪਣੇ ਚੋਣਵੇਂ ਅਹਿਲਕਾਰਾਂ ਨਾਲ ਦਰਬਾਰ ਲਗਾਇਆ ਕਰਦੇ ਸਨ।”
“ਇਸ ਕਿਲ੍ਹੇ ਵਿੱਚ ਦਸਮੇਸ਼ ਪਾਤਸ਼ਾਹ ਦੀਆਂ ਕੁਝ ਵਸਤਾਂ ਵੀ ਪਈਆਂ ਹਨ। ਇੱਥੇ ਪੁਰਾਣੇ ਸ਼ਸਤਰ, ਖੰਡੇ, ਤਲਵਾਰਾਂ, ਢਾਲਾਂ, ਨੇਜ਼ੇ, ਭਾਲੇ ਤੇ ਬੰਦੂਕਾਂ ਪਈਆਂ ਹਨ। ਉਨ੍ਹਾਂ ਨੂੰ ਵੇਖ ਕੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਵੱਡੇ-ਵਡੇਰੇ ਕਿੰਨੇ ਮਹਾਨ ਸਨ। ਇਹ ਸ਼ਸਤਰ ਸਾਡਾ ਪੁਰਾਣਾ ਇਤਿਹਾਸ ਦੱਸਦੇ ਹਨ। ਇਸ ਕਿਲ੍ਹੇ ਦੇ ਨਾਲ-ਨਾਲ ਤਿੰਨ ਪਾਸੇ ਬਾਜ਼ਾਰ ਹਨ। ਕਿਲ੍ਹੇ ਉੱਤੋਂ ਖੜ੍ਹ ਕੇ ਸਾਰਾ ਸ਼ਹਿਰ ਨਜ਼ਰ ਆਉਂਦਾ ਹੈ।”
ਕਿਲ੍ਹੇ ਅੰਦਰ ਬਾਬਾ ਆਲਾ ਸਿੰਘ ਦੇ ਬੁਰਜ ਵਿੱਚ ਹੁਕਮ- ਦਸ਼ਮੇਸ਼ ਤੇ ਕੁਝ ਗੁਰ-ਵਸਤਾਂ ਹੁਣ ਤੱਕ ਪਈਆਂ ਹਨ। ਫੂਲ, ਬਾਬਾ ਆਲਾ ਸਿੰਘ ਜੀ ਦੇ ਬਾਬਾ ਜੀ ਸਨ। ਗੁਰੂ ਹਰਿ ਰਾਇ ਜੀ ਦਾ ਫੂਲ ਜੀ ਨੂੰ ਇਹ ਵਰ ਸੀ ਕਿ ਉਸ ਦੀ ਔਲਾਦ ਰਾਜਭਾਗ ਕਰੇਗੀ ਤੇ ਉਨ੍ਹਾਂ ਦੇ ਘੋੜੇ ਜਮਨਾ ਦੇ ਘਾਟ ਦਾ ਪਾਣੀ ਪੀਣਗੇ। ਗੁਰੂ ਹਰਿ ਰਾਇ ਜੀ ਦੇ ਵਾਕ ਸੱਚ ਸਾਬਤ ਹੋਏ। ਫੂਲ ਦੀ ਔਲਾਦ ਹੁਣ ਤੱਕ ਰਾਜ ਕਰਦੀ ਹੈ ਤੇ ਪਟਿਆਲਾ ਰਿਆਸਤ ਦੀਆਂ ਹੱਦਾਂ ਜਮਨਾ ਦਰਿਆ ਤਕ ਲੱਗਦੀਆਂ ਹਨ।
ਬਾਬਾ ਆਲਾ ਸਿੰਘ ਦੇ ਪਿਤਾ ਨੂੰ ਦਸਮੇਸ਼ ਪਾਤਸ਼ਾਹ ਦਾ ਵਰਦਾਨ ਸੀ: “ਤੇਰਾ ਘਰ ਮੇਰਾ ਅਸੈ”। ਸੱਚਮੁੱਚ ਪਟਿਆਲਾ ਗੁਰੂ ਮਹਾਰਾਜ ਦਾ ਘਰ ਹੈ। ਗੁਰੂ ਜੀ ਦੀ ਇਸ ਨਗਰੀ ਉੱਤੇ ਸਦਾ ਕ੍ਰਿਪਾ ਰਹੀ ਹੈ। ਇਸੇ ਲਈ ਇਹ ਨਗਰ ਹੁਣ ਤੀਕ ਵੱਸਦਾ ਤੇ ਵਧਦਾ-ਫੁਲਦਾ ਰਿਹਾ ਹੈ।
ਜਿਹੜੀਆਂ ਗੁਰ-ਵਸਤਾਂ ਇਸ ਕਿਲ੍ਹੇ ਦੇ ਅੰਦਰ ਸੁਸ਼ੋਭਿਤ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਇਸ ਵਿਚ ਦਸਮੇਸ਼ ਪਿਤਾ ਜੀ ਦੀਆਂ ਦਸ ਨਿਸ਼ਾਨੀਆਂ, ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਇੱਕ ਅਤੇ ਗੁਰੂ ਤੇਗ ਬਹਾਦਰ ਜੀ ਦੀ ਇੱਕ ਨਿਸ਼ਾਨੀ ਮੌਜੂਦ ਹੈ। ਦਸਮੇਸ਼ ਗੁਰੂ ਦੀਆਂ ਵਸਤਾਂ ਹਨ: ਹੁਕਮਨਾਮਾ, ਸ਼ਿਕਾਰਗਾਹ ਤਲਵਾਰ, ਸ੍ਰੀ ਸਾਹਿਬ, ਦੋ ਫਾਂਕਾ ਤੀਰ, ਬਰਛਾ, ਸਫਾਜੰਗ, ਗੁਟਕਾ, ਸੁਨਹਿਰੀ ਸ਼ਿਕਾਰਗਾਹ ਕਟਾਰ, ਪਊਏ ਤੇ ਖੰਡਾ। ਇਸ ਦੇ ਨਾਲ-ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਕ ਤੇਗਾ ਅਤੇ ਗੁਰੂ ਤੇਗ ਬਹਾਦਰ ਜੀ ਦਾ ਦੋਧਾਰਾ ਖੰਡਾ ਵੀ ਇੱਥੇ ਮੌਜੂਦ ਹੈ।
ਬਜ਼ੁਰਗ ਦਾਨਿਸ਼ਵਰ ਕਵੀ-ਸਾਹਿਤਕਾਰ ਮਰਹੂਮ ਪ੍ਰੋ. ਮੇਵਾ ਸਿੰਘ ਤੁੰਗ ਨੇ ਪਟਿਆਲਾ ਸ਼ਹਿਰ ਬਾਰੇ ਇੱਕ ਕਾਵਿ-ਕਿਤਾਬ ‘ਜਗਦਾ ਜਾਗਦਾ ਸ਼ਹਿਰ’ ਦੀ ਰਚਨਾ ਕੀਤੀ ਹੈ, ਜਿਸ ਵਿਚ ਕਿਲ੍ਹਾ ਮੁਬਾਰਕ ਬਾਰੇ ਵੀ ਕੁਝ ਪੰਕਤੀਆਂ ਦਰਜ ਹਨ। ਇਨ੍ਹਾਂ ਪੰਕਤੀਆਂ ਨਾਲ ਹੀ ਮੈਂ ਇਹ ਰਚਨਾ ਸਮਾਪਤ ਕਰਦਾ ਹਾਂ:
ਮੈਂ ਪਟਿਆਲਾ ਭਇਆ ਬਿਗਾਨਾ
ਆਪਣਿਆਂ ਮੂੰਹ ਮੋੜੇ।
ਸਿੰਘ ਦਲਾਂ ਦੀਆਂ ਫ਼ੌਜਾਂ ਕਿੱਥੇ
ਪੌਣਾਂ ਦੇ ਪੁੱਤ ਘੋੜੇ
ਮੁੜ ਕੇ ਕਿਲ੍ਹਾ ਮੁਬਾਰਕ ਬਣਨਾ
ਵਿਸਰਿਆ ਜੋ ਖ਼ਾਬੋਂ।
ਕਰਮ ਸਿੰਘ ਦੀ ਭਗਤਿ ਭਾਵਨਾ
ਪੁਨ ਪਟਿਆਲਾ ਲੋੜੇ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ,ਪਟਿਆਲਾ-147002. (9417692015)