ਬੜੇ ਪੁਰਾਣੇ ਸੰਬੰਧ ਹਨ ਕਬੂਤਰਾਂ ਨਾਲ ਮੇਰੇ
ਹੋ ਸਕਦੈ ਇਸ ਸੰਸਾਰ ਵਿੱਚ
ਸਭ ਤੋਂ ਪਹਿਲਾਂ ਮੇਰੀ ਦੋਸਤੀ ਕਬੂਤਰਾਂ ਨਾਲ ਹੀ ਹੋਈ ਹੋਵੇ!
ਇਹ ਤਾਂ ਤੈਅ ਹੈ ਉਨ੍ਹੀਂ ਦਿਨੀਂ
ਮੈਂ ਬਹੁਤ ਘੱਟ ਜਾਣਦਾ ਸਾਂ ਕਬੂਤਰਾਂ ਬਾਰੇ!
ਉਨ੍ਹਾਂ ਦੀ ਗੁਟਰ-ਗੂੰ ਅਤੇ ਧੌਣ ਫੁਲਾ ਕੇ ਗੋਲ-ਗੋਲ ਘੁੰਮਣਾ
ਮੈਨੂੰ ਹੈਰਾਨ ਕਰ ਦਿੰਦਾ ਸੀ,
ਮੇਰੇ ਘਰ ਅਤੇ ਸਕੂਲ ਦੀਆਂ ਛੱਤਾਂ ਤੇ
ਅਣਗਿਣਤ ਸਲੇਟੀ-ਕਾਲੀ ਧਾਰੀਆਂ ਵਾਲੇ
ਕਬੂਤਰ ਟਹਿਲਦੇ ਸਨ।
ਨਵੰਬਰ ਦੇ ਮਹੀਨੇ
ਅਖ਼ਬਾਰ ਵਿੱਚ ਛਪਦੀ ਸੀ ਜਵਾਹਰ ਲਾਲ ਨਹਿਰੂ ਦੀ ਫੋਟੋ;
ਸਫ਼ੈਦ ਕਬੂਤਰ ਉਡਾਉਂਦਿਆਂ।
ਅਸੀਂ ਮਾਸਟਰ ਜੀ ਨੂੰ ਪੁੱਛਦੇ ਸਾਂ
ਪੰਡਿਤ ਜੀ ਦੇ ਕਬੂਤਰ ਸਾਡੇ ਕਬੂਤਰਾਂ ਵਰਗੇ
ਸਲੇਟੀ ਕਿਉਂ ਨਹੀਂ ਹੁੰਦੇ ਸਨ?
ਮਾਸਟਰ ਜੀ ਦੀ ਗੱਲ ਸਮਝ ਆਉਂਦੀ
ਇਸਤੋਂ ਪਹਿਲਾਂ ਸਕੂਲ ਦੀ ਘੰਟੀ ਵੱਜ ਜਾਂਦੀ
ਅਤੇ ਸਾਰੇ ਕਬੂਤਰ ਉੱਡ ਜਾਂਦੇ।
ਅਸੀਂ ਵੱਡੇ ਹੋਏ ਤਾਂ ਕਬੂਤਰ ਵੀ ਸਮਝਦਾਰ ਹੋਣ ਲੱਗੇ।
ਅਸੀਂ ਉਨ੍ਹਾਂ ਨਾਲ ਅਤੇ ਉਹ ਸਾਡੇ ਨਾਲ
ਲੁਕਣਮੀਚੀ ਦੀ ਖੇਡ ਖੇਡਣ ਲੱਗੇ।
ਉਹ ਕਦੇ ਕੂਲਰ ਤੇ ਅੰਡੇ ਦੇ ਦਿੰਦੇ
ਤੇ ਕਦੇ ਚਿਮਨੀ ਤੇ।
ਉਨ੍ਹਾਂ ਨੂੰ ਭਜਾਉਂਦੇ-ਭਜਾਉਂਦੇ ਅਸੀਂ ਥੱਕ ਜਾਂਦੇ।
ਅਸੀਂ ਕਬੂਤਰਾਂ ਤੋਂ ਉਵੇਂ ਹੀ ਡਰਨ ਲੱਗੇ
ਜਿਵੇਂ ਅਸੀਂ ਡਰਦੇ ਹਾਂ ਆਪਣੇ ਚੁਣੇ ਹੋਏ ਨੇਤਾਵਾਂ ਤੋਂ।
ਕਬੂਤਰ ਸਾਡੇ ਝਾੜੂ ਦੀਆਂ ਤੀਲਾਂ ਤੋਂ ਲੈ ਕੇ
ਉੱਨ ਦੇ ਗੋਲਿਆਂ ਤੱਕ ਨੂੰ
ਚੁੱਕ ਕੇ ਲੈ ਜਾਂਦੇ ਆਪਣੇ ਆਲਣਿਆਂ ਵਿੱਚ;
ਜਿੱਥੇ ਉਨ੍ਹਾਂ ਦੇ ਬੱਚੇ
ਨਵੇਂ ਕਬੂਤਰ ਬਣਨ ਦੀਆਂ ਤਿਆਰੀਆਂ ਵਿੱਚ ਜੁਟੇ ਹੁੰਦੇ।
ਉਨ੍ਹਾਂ ਦੀਆਂ ਬਿੱਠਾਂ ਅਤੇ ਬਦਬੋ ਤੋਂ ਪ੍ਰੇਸ਼ਾਨ ਹੋ ਜਾਂਦੇ ਅਸੀਂ।
ਕਬੂਤਰ ਬਾਂਦਰ ਵੀ ਨਹੀਂ ਸਨ ਕਿ ਉਨ੍ਹਾਂ ਨੂੰ ਭਜਾਉਣ ਲਈ
ਅਸੀਂ ਲੈ ਆਉਂਦੇ ਕੋਈ ਲੰਗੂਰ।
ਉਹ ਸਾਰਾ ਦਿਨ ਝਗੜਦੇ ਅਤੇ ਰੌਲਾ ਪਾਉਂਦੇ।
ਕਬੂਤਰਾਂ ਲਈ ਤਾਂ ਜਿਵੇਂ ਸੰਸਦ ਹੀ ਸੀ ਸਾਡਾ ਘਰ।
ਉਹ ਅਸਲੀ ਮਾਲਕ ਬਣ ਜਾਂਦੇ
ਅਤੇ ਅਸੀਂ ਬੈਠ ਕੇ ਅਗਲੀਆਂ ਚੋਣਾਂ ਦੀ ਉਡੀਕ ਕਰਦੇ।
ਇਸ ਸੁਆਲ ਦਾ ਕਦੇ ਸਹੀ ਜਵਾਬ ਨਹੀਂ ਮਿਲਿਆ ਸਾਨੂੰ
ਕਿ ਸਾਡੇ ਕਬੂਤਰ ਹਮੇਸ਼ਾ ਸਲੇਟੀ ਅਤੇ ਮਟਮੈਲੇ ਹੀ ਕਿਉਂ ਰਹੇ?
ਅਸੀਂ ਉਨ੍ਹਾਂ ਤੋਂ ਪ੍ਰੇਸ਼ਾਨ ਹੋ ਕੇ ਵੀ
ਕਿਉਂ ਆਸਰਾ ਦਿੱਤਾ ਸੀ ਉਨ੍ਹਾਂ ਨੂੰ ਆਪਣੇ ਘਰ ਵਿੱਚ?
ਬੜੀ ਤੇਜ਼ੀ ਨਾਲ ਬਦਲੇ ਹਨ ਕਬੂਤਰਾਂ ਨੇ ਰੰਗ,
ਹੁਣ ਸਾਡੇ ਘਰ ਵਿੱਚ ‘ਕੱਠੇ ਹੋ ਕੇ ਸ਼ੋਰ-ਸ਼ਰਾਬਾ ਕਰਦੇ ਹਨ
ਕਈ ਰੰਗਾਂ ਦੇ ਕਬੂਤਰ,
ਕੁਝ ਟੋਪੀ ਪਹਿਨ ਕੇ ਤੇ ਕੁਝ ਮਫ਼ਲਰ ਵਲੇਟ ਕੇ।
ਲੱਗਦਾ ਹੈ ਕਿ ‘ਕੱਠੇ ਹੋ ਕੇ ਆ ਗਏ ਨੇ
ਨਹਿਰੂ ਜੀ ਦੇ ਛੱਡੇ ਹੋਏ ਸਾਰੇ ਕਬੂਤਰ;
ਜਿਸ ਸ਼ਾਂਤੀ ਦੀ ਭਾਲ ਵਿੱਚ
ਉਨ੍ਹਾਂ ਨੂੰ ਛੱਡਿਆ ਗਿਆ ਸੀ।
ਉਹ ਕਿਤੇ ਸੀ ਹੀ ਨਹੀਂ।
ਪਿਆਰੇ,
ਬੜੇ ਪੁਰਾਣੇ ਸੰਬੰਧ ਹਨ ਕਬੂਤਰਾਂ ਨਾਲ ਮੇਰੇ,
ਹੋ ਸਕਦੈ ਇਸ ਸੰਸਾਰ ਵਿੱਚ
ਸਭ ਤੋਂ ਪਹਿਲਾਂ ਮੇਰੀ ਦੋਸਤੀ ਕਬੂਤਰਾਂ ਨਾਲ ਹੀ ਹੋਈ ਹੋਵੇ!

ਮੂਲ : ਰਾਜੇਸ਼ਵਰ ਵਸ਼ਿਸ਼ਟ, ਗੁਰੂਗ੍ਰਾਮ (ਹਰਿਆਣਾ) 9674386400
ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002.
9417692015
****
