ਪੁਸਤਕ – ਪਰਵਾਜ਼ ਵਿਹੂਣੇ ਖੰਭ ( ਕਹਾਣੀ ਸੰਗ੍ਰਹਿ )
ਲੇਖਿਕਾ – ਰਵਨਜੋਤ ਕੌਰ ਸਿੱਧੂ ਰਾਵੀ
ਪੰਨੇ – 178
ਕੀਮਤ -275
ਸੰਪਰਕ – 82830-66125
ਪ੍ਰਕਾਸ਼ਤ – ਡੀ. ਪੀ . ਪਬੀਲਿਕੇਸ਼ਨ ਐਂਡ ਮੀਡੀਆ ਹਾਊਸ ਅੰਮ੍ਰਿਤਸਰ!
ਲੇਖਿਕਾ ਰਾਵੀ ਸਿੱਧੂ ਉਭਰਦੀ ਕਵਿਤਰੀ ਅਤੇ ਕਹਾਣੀਕਾਰ ਹੈ। ਰਾਵੀ ਸਿੱਧੂ ਦਾ ਜਨਮ ਪਿਤਾ ਬਲਵੀਰ ਸਿੰਘ ਸਿੱਧੂ ਤੇ ਮਾਤਾ ਦਰਸ਼ਨ ਕੌਰ ਸਿੱਧੂ ਦੇ ਘਰ ਪਿੰਡ ਜੱਬੋਵਾਲ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ| ਰਾਵੀ ਦੀ ਇਹ ਪਲੇਠਾ ਕਹਾਣੀ ਸੰਗ੍ਰਹਿ ਹੈ! ਇਸ ਤੋ ਪਹਿਲਾ ਸਾਝੇ ਕਾਵਿ ਸੰਗ੍ਹਹਿ ਤੇ ਇਕ ਨਾਵਲ ਦੇ ਨਾਲ – ਨਾਲ ਵਾਰਤਕ ਪੁਸਤਕਾਂ ਆ ਚੁੱਕੀਆਂ ਹਨ | ਲੇਖਿਕਾ ਬਹੁਤ ਹੀ ਇਮਾਨਦਾਰ ਮਿਹਨਤੀ ਹੋਣ ਦੇ ਨਾਲ -ਨਾਲ ਸ਼ਰਮਾਲਕ ਸੁਭਾਅ ਦੀ ਮਾਲਕ ਹੈ| ਹੁਣ ਇਸ ਦੀ ਹੱਥਲੀ ਪੁਸਤਕ “ਪਰਵਾਜ਼ ਵਿਹੁਣੇ ਖੰਭ” ਬਾਰੇ ਕੁਝ ਵਿਚਾਰ ਸਾਂਝੇ ਕਰਦੇ ਹਾਂ | ਇਹ ਕਹਾਣੀਆਂ ਦੀ ਪੁਸਤਕ ਹੈ! ਜਿਸ ਵਿੱਚ 29 ਕਹਾਣੀਆਂ ਸ਼ਾਮਲ ਹਨ। ਰਾਵੀ ਸਿੱਧੂ ਦੀਆਂ ਕਹਾਣੀਆਂ ਮੌਜੂਦਾ ਸਮੇਂ ਦੇ ਲੋਕਾਂ ਦੀਆਂ ਸਮਾਜਿਕ,ਆਰਥਿਕ,ਪਰਿਵਾਰਿਕ, ਸੱਭਿਆਚਾਰਕ ਅਤੇ ਮਨੋਵਿਗਿਆਨਿਕ ਸਮੱਸਿਆਵਾਂ ਕਾਰਨ ਉਤਪੰਨ ਹੋਏ ਹਾਲਾਤਾਂ ਦੇ ਧਰਾਤਲ ਤੋ ਜਨਮ ਲੈਂਦੀਆਂ ਹਨ। ਉਹ ਆਪਣੀਆਂ ਕਹਾਣੀਆਂ ਰਾਹੀਂ ਇਹ ਦੱਸਣ ਦਾ ਯਤਨ ਕਰਦੀ ਹੈ ਕਿ ਆਧੁਨਿਕ ਸਮੇਂ ਵੀ ਸਮਾਜ ਧਰਮ ਅਤੇ ਜਾਤੀਵਾਦ ਦੇ ਅਧਾਰ ਤੇ ਵਿਤਕਰੇ ਤੋਂ ਮੁਕਤ ਨਹੀਂ ਹੋ ਸਕਿਆ। ਆਪਣੇ ਆਪ ਨੂੰ ਪੜੇ-ਲਿਖੇ ਅਤੇ ਅਗਾਂਹ ਵਧੂ ਦੱਸਣ ਵਾਲੇ ਪਰਿਵਾਰਾਂ ਵਿੱਚ ਵੀ ਔਰਤ ਪ੍ਰਤੀ ਰਵਈਆ ਬਹੁਤ ਮਾੜਾ ਅਤੇ ਗੈਰ ਮਨੁੱਖੀ ਹੈ। ਰਾਵੀ ਸਿੱਧੂ ਜਿੱਥੇ ਆਪਣੀਆਂ ਕਹਾਣੀਆਂ ਰਾਹੀਂ ਅਜੋਕੇ ਸਮਾਜ ਵਿੱਚ ਔਰਤਾਂ ਦੀ ਹੋਣੀ ਨੂੰ ਪੇਸ਼ ਕਰਦੀਆਂ ਹਨ! ਉੱਥੇ ਹੀ ਔਰਤਾਂ ਵਿਰੁੱਧ ਅਪਰਾਧਾਂ ਵਿੱਚ ਔਰਤਾਂ ਦੀ ਮੁੱਖ ਭਾਗੀਦਾਰੀ ਨੂੰ ਵੀ ਬੇਬਾਕੀ ਨਾਲ ਸਵੀਕਾਰ ਕਰਦੀ ਹੈ।
“ਬੇਕਸੂਰ ਮੁਜਰਮ” ਇਹ ਇਸ ਦੀ ਪੁਸਤਕ ਦੀ ਪਹਿਲੀ ਕਹਾਣੀ ਹੈ! ਜਿਸ ਰਾਹੀਂ ਰਾਵੀ ਸਿੱਧੂ ਨੇ ਇਹ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਅੱਜ ਵੀ ਕਨੂੰਨ ਦੇ ਰਖਵਾਲੇ ਕਹਾਉਣ ਵਾਲੇ ਸਾਊ ਬੰਦਿਆਂ ਤੇ ਕੇਸ ਪਾ ਪਾ ਕੇ ਓਨ੍ਹਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਰਹੇ ਹਨ! ਅਤੇ ਓਨ੍ਹਾਂ ਦੇ ਘਰ ਪਰਿਵਾਰ ਦੇ ਮੈਂਬਰਾਂ ਨੂੰ ਤੰਗ ਪਰੇਸ਼ਾਂਨ ਕਰ ਰਹੇ ਹਨ! ਓਨ੍ਹਾਂ ਤੋਂ ਰਿਸ਼ਵਤਾਂ ਲੈ ਲੈ ਕੇ ਆਪਣਾ ਢਿੱਡ ਭਰ ਰਹੇ ਹਨ।ਇਹ ਹੈਵਾਨ ਸਾਰੇ ਕਾਇਦੇ ਕਨੂੰਨ ਛਿਕੇ ਤੇ ਟੰਗ ਕੇ ਅਤੇ ਓਨ੍ਹਾਂ ਦੀਆਂ ਔਰਤਾਂ ਨੂੰ ਡਰਾ ਧਮਕਾ ਕੇ ਆਪਣੀ ਹਵਸ ਦਾ ਸ਼ਿਕਾਰ ਵੀ ਬਣਾ ਰਹੇ ਹਨ। ਇਸ ਤੋਂ ਤੰਗ ਆ ਕੇ ਕਈ ਗੈਗਸਟਰ ਵੀ ਬਣ ਰਹੇ ਹਨ।ਅਤੇ ਗਵਾਹਾਂ ਅਤੇ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਨ ਵਾਲੇ ਜੱਜ ਸਾਹਿਬਾਨ ਬੇਕਸੂਰਾਂ ਨੂੰ ਮੁਜਰਮ ਦੇ ਰੂਪ ਵਿੱਚ ਸਜਾ ਸੁਣਾ ਦਿੰਦੇ ਹਨ! ਜਿਸ ਨਾਲ ਗਲਤ ਸੰਦੇਸ਼ ਜਾਂਦਾ ਹੈ।
“ਪਛਤਾਵਾ” ਇਹ ਕਹਾਣੀ ਰਿਸ਼ਤਿਆਂ ਦੀ ਟੁੱਟ ਭੱਜ ਤੇ ਆਧਾਰਿਤ ਕਹਾਣੀ ਹੈ। ਜਿਸ ਨਾਲ ਜਿੰਦਗੀ ਬਿਤਾਉਣ ਨੂੰ ਜੀਅ ਕਰਦਾ ਹੈ! ਉਸ ਨਾਲ ਰਿਸ਼ਤੇ ਟੁੱਟ ਜਾਂਦੇ ਹਨ! ਜਦੋਂ ਜਿੰਦਗੀ ਦੇ ਕਿਸੇ ਮੋੜ ਤੇ ਅਚਾਨਕ ਮੇਲ ਹੁੰਦਾ ਹੈ! ਫਿਰ ਉਸ ਸਮੇਂ ਜਿੰਦਗੀ ਕਿਸੇ ਹੋਰ ਮੋੜ ਤੇ ਖੜੀ ਹੁੰਦੀ ਹੈ! ਜਿੰਦਗੀ ਵਿੱਚ ਸਬੰਧ ਬਣਦੇ ਤੇ ਟੁਟਦੇ ਹਨ! ਪਰ ਯਾਦਾਂ ਹਮੇਸ਼ਾਂ ਨਾਲ ਰਹਿੰਦੀਆਂ ਹਨ।
ਇਸ ਤੋ ਬਾਅਦ ਦਰਦਾਂ ਦਾ ਸਮੁੰਦਰ , ਬੇਵਸੀ ਦੀਆਂ ਪੀੜਾਂ , ਸੱਧਰਾਂ ਦਾ ਕਤਲ , ਦੁੱਖਾਂ ਦੇ ਪਰਛਾਵੇਂ ,
ਦਰਿੰਦਗੀ ਹੱਥੋਂ ਮਜਬੂਰ
ਇਹ ਕਹਾਣੀ ਪੜ੍ਹ ਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਵੱਡਿਆਂ ਘਰਾਂ ਦੇ ਕਾਕੇ ਪੈਸੇ ਦੇ ਜੋਰ ਨਾਲ ਕਨੂੰਨ ਦੇ ਰਖਵਾਲਿਆਂ ਨੂੰ ਖਰੀਦ ਕੇ ਆਪਣੀ ਜੇਬ ਵਿੱਚ ਰੱਖਦੇ ਹਨ! ਓਨ੍ਹਾਂ ਦਾ ਕੋਈ ਕੱਖ ਨਹੀਂ ਵਿਗਾੜ ਸਕਦਾ।ਪੈਸੇ ਦੇ ਜੋਰ ਤੇ ਸਹੀ ਨੂੰ ਗਲਤ ਤੇ ਗਲਤ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ।ਪੈਸੇ ਅਤੇ ਤਾਕਤ ਦੇ ਜੋਰ ਤੇ ਨਿਆਂ ਦੀ ਥਾਂ ਤੇ ਅਨਿਆਂ ਹੋ ਰਿਹਾ ਹੈ ਅਤੇ ਮਾਇਆਧਾਰੀ ਵਹਿਸ਼ੀ ਦਰਿੰਦੇ ਇਹ ਸਭ ਸ਼ਰੇਆਮ ਕਰ ਰਹੇ ਹਨ।
ਸੁਲਘਦਾ ਸੰਤਾਪ , ਸੁਪਨਿਆਂ ਦਾ ਸਫ਼ਰ , ਕਿਸਮਤਾਂ ਦੇ ਧੋਖੇ,ਅਣਕਹੀਆਂ ਪੀੜਾਂ , ਸੌਦੇਬਾਜ਼ੀ , ਤੇ ਆਖਿਰ ਆਪਣੇ ਕੌਣ ?
ਮਾਂ ਦੇ ਤਿੜਕੇ ਸੁਪਨਿਆਂ ਦਾ ਪੁਨਰ ਜਨਮ
ਜਦੋਂ ਵਿਆਹ ਤੋਂ ਬਾਅਦ ਪਤੀ ਸਾਥ ਦੇਣ ਵਾਲਾ ਮਿਲ ਜਾਵੇ ਤਾਂ ਅਧੂਰੇ ਸੁਪਨੇ ਵੀ ਪੂਰੇ ਹੋ ਜਾਂਦੇ ਹਨ। ਪਰ ਭਵਿਖ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ। ਜਦੋਂ ਇਕ ਮਾਂ,ਧੀ ਨੂੰ ਜਨਮ ਦੇ ਕੇ ਰੱਬ ਨੂੰ ਪਿਆਰੀ ਹੋ ਜਾਵੇ ਤਾਂ ਮਾਂ ਤੋਂ ਬਿਨਾਂ ਉਸ ਧੀ ਦਾ ਕੀ ਹਾਲ ਹੋਵੇਗਾ, ਇਹ ਤਾਂ ਭਵਿੱਖ ਹੀ ਦੱਸ ਸਕਦਾ ਹੈ! ਇਹ ਕਹਾਣੀ ਵੀ ਇਸੇ ਤਰ੍ਹਾਂ ਦੀ ਦਰਦ ਕਹਾਣੀ ਹੈ।ਖੁਸ਼ੀਆਂ ਖੇੜੇ ਪਲਾਂ ਵਿੱਚ ਕਾਫੂਰ ਹੋ ਜਾਂਦੇ ਹਨ।
ਉਡੀਕ ਤੋਂ ਸਬਰ ਤੱਕ ਦਾ ਸਫ਼ਰ , ਬੇਵਸ ਮਾਂ ਦੀ ਮਮਤਾ ,ਅਧੂਰੇ ਸੁਪਨਿਆਂ ਦੀ ਦਾਸਤਾਨ , ਬੇਵੱਸ ਰਿਸ਼ਤਿਆਂ ਦੇ ਦਰਦ
ਰਿਸ਼ਤਿਆਂ ਦੀ ਤਾਂਘ
ਇਸ ਕਹਾਣੀ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਵੰਡ ਵੇਲੇ ਦੇ ਦੁਖਾਂਤ ਦਾ ਵਰਨਣ ਹੈ! ਲਹੂ ਨਾਲੋਂ ਵੀ ਗੂੜੇ ਰਿਸ਼ਤੇ ਕਨੂੰਨ ਦੀ ਆੜ ਹੇਠ ਤਾਰ ਤਾਰ ਹੁੰਦੇ ਦਿਖਾਏ ਗਏ ਹਨ। ਗਦਰ ਫਿਲਮ ਨੂੰ ਦੇਖ ਕੇ ਕਈ ਬਜ਼ੁਰਗਾਂ ਨੂੰ ਵੰਡ ਵੇਲੇ ਦੇ ਵਕਤ ਦੀ ਯਾਦ ਫਿਰ ਤਾਜਾ ਹੋ ਗਈ ਅਤੇ ਕਈ ਅਭੁੱਲ ਯਾਦਾਂ ਯਾਦ ਕਰਵਾ ਗਈ।
ਅਧੂਰੀ ਧੀ ਦੇ ਸੁਪਨਿਆਂ ਦਾ ਅੰਤ ,ਆਖਰੀ ਵਾਅਦਾ ,ਦਾਜ ਦੀ ਬਲੀ ,ਕਿਸੇ ਦੀ ਮੌਤ ਤੇ ਆਪਣੇ ਦਰਦ , ਆਖਰੀ ਸੁਨੇਹਾ , ਗਲਤ ਫੈਸਲੇ ਤੋ ਫਾਸਲਿਆਂ ਤੱਕ , ਜ਼ਜਬਾਤਾਂ ਦੀ ਨੁਮਾਇਸ਼ , ਆਖਰੀ ਉਮੀਦ
ਦਰਦ ਤੋਂ ਸਕੂਨ ਤੱਕ ਦਾ ਸਫਰ
ਇਸ ਕਹਾਣੀ ਵਿੱਚ ਦੁੱਖਾਂ ਦਰਦਾਂ ਵਿੱਚ ਜਿੰਦਗੀ ਬਤੀਤ ਕਰਨ ਵਾਲੀ ਔਰਤ ਨੂੰ ਕਾਫੀ ਦੁੱਖ ਤਕਲੀਫਾਂ ਸਹਿਣ ਕਰਨ ਤੋਂ ਬਾਅਦ ਆਪਣੇ ਵਿਛੜੇ ਹੋਏ ਦੋਸਤ ਦੇ ਜੀਵਨ ਸਾਥੀ ਬਣਨ ਨਾਲ ਸਕੂਨ ਭਰੀ ਜਿੰਦਗੀ ਮਿਲਦੀ ਹੈ।
“ਜਿੰਦਗੀ ਦਾ ਸੰਤਾਪ”
ਇਹ ਇਕ ਔਰਤ ਦੀ ਕਹਾਣੀ ਹੈ ਜਿਸ ਨੂੰ ਜਿੰਦਗੀ ਭਰ ਸੁੱਖ ਘੱਟ ਤੇ ਦੁੱਖ ਵੱਧ ਦੇਖਣ ਨੂੰ ਮਿਲ ਰਹੇ ਹਨ।ਪਹਿਲਾਂ ਸਾਂਝੇ ਪਰਵਾਰ ਦੇ ਦੁੱਖ, ਫਿਰ ਪੁੱਤਰ ਦੇ ਨਸ਼ੇੜੀ ਹੋ ਜਾਣ ਦਾ ਦੁੱਖ, ਫਿਰ ਧੀ ਦੇ ਘਰ ਦੋ ਧੀਆਂ ਹੋ ਜਾਣ ਤੇ ਸਹੁਰਿਆਂ ਵਲੋਂ ਪੇਕੇ ਘਰ ਭੇਜਣ ਦਾ ਦੁੱਖ। ਪਰ ਓਹ ਹੁਣ ਇਹ ਸਾਰੇ ਦੁੱਖ ਸਹਿ ਸਹਿ ਕੇ ਪੱਥਰ ਬਣ ਚੁੱਕੀ ਹੈ ਅਤੇ ਜ਼ਿੰਦਗੀ ਦਾ ਸੰਤਾਪ ਹੰਡਾ ਰਹੀ ਹੈ।
ਉਪਰੋਕਤ ਸਭ ਕਹਾਣੀਆਂ ਦੇ ਵਸਤੂ ਤੋਂ ਪਤਾ ਲੱਗਦਾ ਹੈ ਕਿ ਇਹ ਘਰ ਪਰਿਵਾਰਾਂ ਵਿੱਚ ਆਮ ਤੌਰ ਤੇ ਆਉਣ ਵਾਲੀਆਂ ਸਮੱਸਿਆਵਾਂ ਦੀ ਤਰਜਮਾਨੀ ਕਰਦੀਆਂ ਹਨ। ਪਰਵਾਜ਼ ਵਿਹੂਣੇ ਖੰਭ ਕਹਾਣੀ ਸੰਗ੍ਰਿਹ ਪੜ੍ਹਦਿਆਂ ਮਹਿਸੂਸ ਹੁੰਦਾ ਕਿ ਇਸ ਚ ਸਾਮਿਲ ਕਹਾਣੀਆਂ ਸੱਚਾਈ ਦੇ ਬਹੁਤ ਨੇੜੇ ਹਨ।ਜ਼ਿਆਦਾ ਕਹਾਣੀਆਂ ਦਰਦਮਈ ਕਹਾਣੀਆਂ ਹਨ, ਬਿਰਹੋਂ ਅਤੇ ਕਰੁਣਾ ਰਸ ਭਰਪੂਰ ਹਨ ਅਤੇ ਇਹ ਕਹਾਣੀਆਂ ਪੜ੍ਹ ਕੇ ਭਾਵੁਕ ਹੋ ਜਾਣਾ ਲਾਜ਼ਮੀ ਹੈ।ਕਿਸੇ ਇਕ ਅੱਧੀ ਕਹਾਣੀ ਦਾ ਅੰਤ ਹੀ ਸੁਖਦ ਹੈ! ਇਹ ਕਹਾਣੀਆਂ ਦੁਨਿਆਵੀ ਮੋਹ ਦੀਆਂ ਤੰਦਾਂ ਨਾਲ ਬੱਝੀਆਂ ਹੋਈਆਂ ਹਨ ਅਤੇ ਜਿਵੇਂ ਜਿਵੇਂ ਵਿਛੋੜਾ ਪੈਂਦਾ ਹੈ ਜਾਂ ਦੁਨਿਆਵੀ ਦੁੱਖ ਤਕਲੀਫ ਕਿਸੇ ਇਕ ਜੀਵ ਨੂੰ ਆਉਂਦਾ ਹੈ ਤਾਂ ਉਸ ਦਾ ਅਸਰ ਬਦੋਬਦੀ ਪਰਵਾਰ ਦੇ ਹਰ ਜੀਵ ਤੇ ਪੈਣਾ ਲਾਜ਼ਮੀ ਹੈ।ਸਮੱਸਿਆਵਾਂ ਇੰਨੀਆਂ ਵੱਧ ਚੁੱਕੀਆਂ ਹਨ ਕਿ ਅਜਕਲ ਹਰ ਉਮਰ ਦੇ ਜੀਵ ਦੇ ਦਿਮਾਗ ਤੇ ਹਰ ਵੇਲੇੇ ਬੋਝ ਹੀ ਪਿਆ ਰਹਿੰਦਾ ਹੈ! ਜਿਸ ਨਾਲ ਦਿਲ ਦੇ ਦੌਰੇ ਪੈਣੇ ਆਮ ਜਿਹੀ ਗੱਲ ਹੋ ਗਈ ਹੈ। ਘਰ ਗ੍ਰਿਹਸਤੀ ਵਿੱਚ ਕਲਾ ਕਲੇਸ ਕਾਰਣ ਇਨ੍ਹਾਂ ਵਿਚੋਂ ਕਈ ਕਹਾਣੀਆਂ ਦੇ ਪਾਤਰ ਵੀ ਦਿਲ ਦੇ ਦੌਰਿਆਂ ਨਾਲ ਹੀ ਚੜ੍ਹਾਈ ਕਰ ਰਹੇ ਹਨ।
ਅੰਤ ਵਿਚ ਇਹੀ ਕਹਿਣਾ ਹੈ ਹਰ ਇਕ ਕਹਾਣੀ ਨੂੰ ਪੜ੍ਹਕੇ ਪਾਠਕਾਂ ਨੂੰ ਇੰਝ ਲੱਗੇਗਾ! ਜਿਵੇ ਸਭ ਉਹਨਾ ਦੀ ਅੱਖਾਂ ਸਾਹਮਣੇ ਇਕ ਫਿਲਮ ਵਾਂਗ ਜਾਪੇਗਾ,, ਉਮੀਦ ਹੈ ਪਾਠਕ ਆਪ ਪੜ੍ਹਕੇ ਆਪ ਵੀ ਅੰਨਦ ਮਾਣਨਗੇ| ਲੇਖਿਕਾ ਰਾਵੀ ਸਿੱਧੂ ਦੀ ਪੁਸਤਕ “ਪਰਵਾਜ਼ ਵਿਹੂਣੇ ਖੰਭ” ਲਈ ਦਿਲੋਂ ਦੁਆਵਾਂ ਦਿਓਗੇ!
====
ਐਡਵੋਕੇਟ ਗੁਰਤੇਜ ਸਿੰਘ ਖੁਡਾਲ,
ਬਠਿੰਡਾ!
ਸੰਪਰਕ : 9464129118.