ਦਾਦੇ ਪੜਦਾਦੇ ਪਰਿਵਾਰਾਂ ਨਾਲ ਸੀ
ਘਰਾਂ ‘ਚ ਸੁਰੱਖਿਅਤ ਹੁੰਦੇ ਬਾਲ ਸੀ
ਟੱਪੇ ਦਹਿਲੀਜ਼, ਕਿਸ ਦੀ ਮਜਾਲ ਸੀ?
ਭਲੇ ਵੇਲਿਆਂ ਦੀ ਬਾਤ ਮੈਂ ਸੁਣਾਵਾਂ ਦੋਸਤੋ
ਅੱਜ ਕਿੱਥੋਂ ਉਹ ਪਿਆਰ ਮੈਂ ਲਿਆਵਾਂ ਦੋਸਤੋ।
ਚਾਚੇ ਤਾਏ ਸੀ ਕਰਾਉਂਦੇ ਕੰਮ ਨਾਲ ਜੀ
ਬਾਪੂ ਬਣ ਜਾਂਦਾ ਸਭਨਾਂ ਦੀ ਢਾਲ ਜੀ
ਵਿਹੜੇ ਰੌਣਕਾਂ ਰਹਿਣ ਸਾਲੋ ਸਾਲ ਜੀ
ਉਦੋਂ ਕਹਿੰਦੇ ਸੀ ਭਰਾ ਹੁੰਦੇ ਬਾਹਵਾਂ ਦੋਸਤੋ
ਅੱਜ ਕਿੱਥੋਂ ਉਹ ਪਿਆਰ ਮੈਂ ਲਿਆਵਾਂ ਦੋਸਤੋ।
ਚਾਚੀ ਤਾਈ ਹੁੰਦੀ ਮਾਤਾ ਦੇ ਸਮਾਨ ਸੀ
ਦਾਦੀ ਹੱਥ ਸਾਰੇ ਘਰ ਦੀ ਕਮਾਨ ਸੀ
ਇੱਕ ਦੂਜੇ ਉੱਤੇ ਦਿੰਦੇ ਸਾਰੇ ਜਾਨ ਸੀ
ਸ਼ਾਨ ਘਰਾਂ ਦੀ ਸੀ ਉਦੋਂ ਮੱਝਾਂ ਗਾਵਾਂ ਦੋਸਤੋ
ਅੱਜ ਕਿੱਥੋਂ ਉਹ ਪਿਆਰ ਮੈਂ ਲਿਆਵਾਂ ਦੋਸਤੋ।
ਸਾਂਝੇ ਲੱਭਦੇ ਨਾ ਅੱਜ ਪਰਿਵਾਰ ਜੀ
‘ਕੱਲੇ ‘ਕੱਲੇ ਅਸੀਂ ਹੁੰਦੇ ਆਂ ਖੁਆਰ ਜੀ
ਇੱਕ ਦੂਜੇ ਤੇ ਨਾ ਰਿਹਾ ਇਤਬਾਰ ਜੀ
ਮਾਤਾ ਪਿਤਾ ਨਾਲ ਰਹੇ ਟਾਵਾਂ ਟਾਵਾਂ ਦੋਸਤੋ
ਅੱਜ ਕਿੱਥੋਂ ਉਹ ਪਿਆਰ ਮੈਂ ਲਿਆਵਾਂ ਦੋਸਤੋ।
ਬੱਚੇ ਸਾਡੇ ਨੇ ਬੇਗਾਨਿਆਂ ‘ਚ ਰੁੱਲਦੇ
ਮੀਆਂ ਬੀਵੀ ਪਰੇਸ਼ਾਨੀਆਂ ਨਾ’ ਘੁਲ਼ਦੇ
ਸਿਰ ਝੱਖੜ ਮੁਸੀਬਤਾਂ ਦੇ ਝੁੱਲਦੇ
ਕਿੱਥੇ ਦੁੱਖਾਂ ਵਾਲੀ ਪੰਡ ਜਾ ਕੇ ਲਾਹਵਾਂ ਦੋਸਤੋ
ਅੱਜ ਕਿੱਥੋਂ ਉਹ ਪਿਆਰ ਮੈਂ ਲਿਆਵਾਂ ਦੋਸਤੋ।
ਆਪਾਂ ਰੱਖੀਏ ਬਜ਼ੁਰਗਾਂ ਨੂੰ ਨਾਲ ਜੀ
ਪੋਤੇ ਪੋਤੀਆਂ ਨੂੰ ਲੈਣਗੇ ਸੰਭਾਲ ਜੀ
ਅਸੀਸਾਂ ਨਾਲ ਆਪਾਂ ਹੋਣਾ ਮਾਲੋ ਮਾਲ ਜੀ
ਕਿਤੋਂ ਮਿਲਦੀਆਂ ਮੁੱਲ ਨਾ ਦੁਆਵਾਂ ਦੋਸਤੋ
ਅੱਜ ਕਿੱਥੋਂ ਉਹ ਪਿਆਰ ਮੈਂ ਲਿਆਵਾਂ ਦੋਸਤੋ।
ਟੈਕਨੋਲੋਜੀ ਨੇ ‘ਦੀਸ਼’ ਸਾਨੂੰ ਪੱਟਿਆ
ਅੱਜ ਛੱਜ ਵਿੱਚ ਪਾ ਕੇ ਹੈ ਛੱਟਿਆ
ਇੱਕ ਦੂਜੇ ਤੋਂ ਸਬੰਧ ਸਾਡਾ ਕੱਟਿਆ
ਸਾਰੇ ਫੋਨ ਉੱਤੇ!! ਕਿਸ ਨੂੰ ਬੁਲਾਵਾਂ ਦੋਸਤੋ?
ਅੱਜ ਕਿੱਥੋਂ ਉਹ ਪਿਆਰ ਮੈਂ ਲਿਆਵਾਂ ਦੋਸਤੋ।
ਗੁਰਦੀਸ਼ ਕੌਰ ਗਰੇਵਾਲ ਕੈਲਗਰੀ
12 ਫ਼ਰਵਰੀ 2025
ਸੰਪਰਕ: +1 403 404 1450

