ਤਿੰਨ ਤੱਤ ਕੁਦਰਤ ਦੇ ਜੀਵਾਂ ਲਈ ਬੜੇ ਅਹਿਮ ਨੇ ਹਵਾ, ਪਾਣੀ, ਧਰਤੀ। ਇਹ ਤੱਤ ਅਜਿਹੀਆਂ ਕੁਦਰਤੀ ਸ਼ਕਤੀਆਂ ਹਨ ਜਿਨਾਂ ਦਾ ਆਦਿ ਅੰਤ ਪਾਉਣਾ ਨਾਮੁਮਕਿਨ ਹੈ। ਅਸੀ ਇਹਨਾਂ ਸ਼ਕਤੀਆਂ ਬਾਰੇ ਸਿਰਫ ਜਾਣ ਸਕਦੇ ਹਾਂ ਇਹਨਾਂ ਨੂੰ ਮਾਣ ਸਕਦੇ ਹਾਂ ਪਰ ਇਹਨਾਂ ਦਾ ਅੰਤ ਨਹੀਂ ਪਾ ਸਕਦੇ। ਇਹਨਾਂ ਤਾਕਤਾਂ ਨੂੰ ਲਗਭਗ ਸਾਰੇ ਮਹਾਨ ਪੁਰਖਾ ਨੇ ਬੜਾ ਨੇੜਿਓਂ ਤੱਕਿਆ ਤੇ ਜਾਣਿਆ ਵੀ ਪਰ ਕੋਈ ਵਿਰਲਾ ਹੀ ਇਹਨਾਂ ਦੀ ਸਹੀ ਪਰਿਭਾਸ਼ਾ ਦੇ ਨੇੜੇ ਪਹੁੰਚ ਸਕਿਆ ਹੈ ਦੁਨੀਆਂ ਦੇ ਇੱਕ ਮਹਾਨ ਰਹਿਬਰ ਨੇ ਇਹਨਾਂ ਤਾਕਤਾਂ ਨੂੰ ਬਹੁਤ ਨੇੜਿਓਂ ਤੱਕ ਕੇ ਅਜਿਹੀ ਸਦੀਵੀਂ ਪਰਿਭਾਸ਼ਾ ਦਿੱਤੀ ਜਿਹੜੀ ਆਦਿਕਾਲ ਤੋਂ ਲੈ ਕੇ ਪਰਲੋ ਤੱਕ ਕੋਈ ਨਹੀਂ ਦੇ ਸਕਦਾ। ਉਹ ਹਨ ਆਦਿ ਗੁਰੂ
।। ਪਵਣੁ ਗੁਰੂ …………………………….ਕੇਤੀ ਛੁਟੀ ਨਾਲਿ।।
(ਜਪੁਜੀ ਸਾਹਿਬ)
ਮਾਂ ਦੇ ਗਰਭ ਵਿੱਚੋਂ ਬਾਹਰ ਨਿਕਲਣ ਤੋਂ ਲੈ ਕੇ ਮਰਨ ਤੱਕ ਬੰਦਾ ਲਗਾਤਾਰ ਦਿਨ ਰਾਤ ਹਰ ਘੜੀ, ਹਰ ਪਲ, ਸਾਹ ਲੈਂਦਾ ਰਹਿੰਦਾ ਹੈ । ਸਾਹ ਰਾਹੀਂ ਅੰਦਰ ਜਾਣ ਵਾਲੀ ਸ਼ੈ ਹੈ, ਹਵਾ। ਇਹ ਇਨ੍ਹਾਂ ਕੀਮਤੀ ਤਤ ਹੈ ਜੋ ਸਾਨੂੰ ਜਿਉਂਦੇ ਰਹਿਣ ਲਈ ਸਭ ਤੋਂ ਜਰੂਰੀ ਹੈ। ਉਸ ਨੂੰ ਸਤਿਕਾਰਨ ਅਤੇ ਪ੍ਰੀਭਾਸ਼ਤ ਕਰਨ ਲਈ ਇੱਕ ਢੁਕਵਾਂ ਸ਼ਬਦ ਲੱਭਣਾ ਉਨ੍ਹਾਂ ਹੀ ਮੁਸ਼ਕਲ ਕੰਮ ਹੈ ਜਿੰਨਾ ਕਿ ਸਮੁੰਦਰ ਦੀ ਗਹਿਰਾਈ ਨੂੰ ਮਾਪਣਾ, ਬਰਸਾਤ ਸਮੇਂ ਆਸਮਾਨ ਵਿੱਚੋਂ ਡਿੱਗ ਰਹੀਆਂ ਬੂੰਦਾਂ ਦੀ ਗਿਣਤੀ, ਬਹਾਰ ਵਿੱਚ ਖਿੜੇ ਫੁੱਲ, ਸੂਰਜ ਦੀਆਂ ਕਿਰਨਾਂ, ਸ਼ਿਵਜੀ ਦੀ ਸਮਾਧੀ ,ਰੇਤ ਦੇ ਕਿਣਕਿਆਂ ਦੀ ਗਿਣਤੀ ਕਰਨੀ। ਭੋਜਨ ਕੱਪੜੇ ਹੋਰ ਤਮਾਮ ਚੀਜ਼ਾਂ ਹਨ ਜਿਨ੍ਹਾਂ ਤੋਂ ਬਿਨਾਂ ਮਨੁੱਖ ਰਹਿ ਵੀ ਸਕਦਾ ਹੈ ਪਰ ਹਵਾ (ਸਾਹ ) ਤੋਂ ਬਿਨਾਂ ਪਲ ਭਰ ਵੀ ਜਿਉਂ ਨਹੀਂ ਸਕਦਾ। ਇਧਰ ਸਾਹ ਬੰਦ ਉਧਰ ਸਰੀਰ ਮਿੱਟੀ ਦਾ ਢੇਰ ।
ਇਸੇ ਤੱਤ ਨੂੰ ਸੰਸਾਰ ਦੇ ਆਦਿ ਗੁਰੂ , ਗੁਰੂ ਨਾਨਕ ਸਾਹਿਬ ਨੇ ਗੁਰੂ ਕਰਕੇ ਸੰਬੋਧਨ ਕੀਤਾ ਹੈ । ਗੁਰੂ ਗਿਆਨ , ਵਿਸ਼ਾਲਤਾ ਅਤੇ ਪਰਮ ਤਤ ਵਿੱਚ ਨਿਪੁੰਨਤਾ ਦਾ ਨਾਮ ਕਹਿ ਸਕਦੇ ਹਾਂ। ਗੁਰੂ, ਆਤਮਾ ਦੀ ਪਰਮਾਤਮਾ ਵਿੱਚ ਅਭੇਦਤਾ ਏਕਤਾ ਦਾ ਨਾਮ ਹੈ । ਸੰਪਰਦਾਈ ਗਿਆਨੀ ਗੁਰੂ ਸ਼ਬਦ ਗੁ+ਰੂ ਸੰਧੀ ਸੇਧ ਕਰਕੇ ਗੁ ਹਨੇਰਾ ਅਤੇ ਰੂ ਚਾਨਣ ਅਰਥ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਅਗਿਆਨਤਾ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਜੀ ਕਹਿੰਦੇ ਹਨ ਗੁਰੂ ,ਗਿਆਨ ਅਤੇ ਹਿਤ ਉਪਦੇਸ਼ਤਾ ਦਾ ਨਾਮ ਹੈ। ਗੁਰੂ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲੀ ਸੈਅ ਹੈ ।ਇਸ ਤੋਂ ਇਲਾਵਾ ਗੁਰੂ ਬਾਰੇ ਗੁਰਬਾਣੀ ਵਿੱਚ ਤਮਾਮ ਪਰਮਾਣ ਮਿਲ ਜਾਂਦੇ ਹਨ।
ਹਵਾ ਨੂੰ ਇੰਨੇ ਭਾਰੇ ਵੱਡੇ ਵਜ਼ਨਦਾਰ ਸ਼ਬਦ ਨਾਲ ਸੰਬੋਧਨ ਕਰਨ ਪਿੱਛੇ ਗੁਰੂ ਸਾਹਿਬ ਦਾ ਜਿੱਥੇ ਕੁਦਰਤ ਨਾਲ ਪਿਆਰ ਬਿਆਨ ਕਰਦਾ ਹੈ ਉੱਥੇ ਸੰਸਾਰ ਦੇ ਲੋਕਾਂ ਨੂੰ ਕੁਦਰਤ ਪ੍ਰਤੀ ਵਫਾਦਾਰ ,ਇਮਾਨਦਾਰ ਅਤੇ ਸਚਿਆਰ ਬਣਨ ਦਾ ਵੱਡਾ ਉਪਦੇਸ਼ (ਗੁਰ) ਹੈ।
ਪ੍ਰਾਣ ਉਹ ਸ਼ਕਤੀ ਹੈ ਜਿਸ ਦੀ ਬਦੌਲਤ ਅਸੀਂ ਜਿਉਂਦੇ ਹਾਂ ਜਾਂ ਫਿਰ ਜਿਸ ਦੇ ਨਿਕਲਣ ਤੋਂ ਬਾਅਦ ਮਨੁੱਖ ਮੁਰਦਾ ਹੋ ਜਾਂਦਾ ਹੈ।
ਪ੍ਰਾਣ ਹਵਾ ਦਾ ਹੀ ਰੂਪ ਹਨ । ਜਦੋਂ ਕੋਈ ਮਨੁੱਖ ਇਹ ਗੱਲ ਆਖਦਾ ਹੈ ਕਿ ਜੇਕਰ ਰੱਬ ਦਾ ਰੂਪ ,ਰੰਗ ,ਨਸਲ, ਭੇਦ, ਅਕਾਰ ਨਹੀ, ਤਾਂ ਉਸਨੂੰ ਕਿਉਂ ਮੰਨੀਏ ? ਤਾਂ ਸਮਝੋ ਕਿ ਜੇਕਰ ਤੁਸੀਂ ਪ੍ਰਾਣਾਂ ਨੂੰ ਦੇਖ ਲਿਆ ਤਾਂ ਰੱਬ ਨੂੰ ਵੀ ਦੇਖ ਲਿਆ ਪ੍ਰਾਣਾਂ ਦਾ ਵੀ ਰੰਗ ਰੂਪ ਨਸਲ ਆਕਾਰ ਭੇਦ ਨਹੀਂ ਪਰ ਹੈ ਜਰੂਰ ਨੇ । ਸਮੁੱਚੇ ਸੰਸਾਰ ਦੇ ਸਰੀਰਾਂ ਸਾਜਾਂ ਆਦਿਕ ਰਾਹੀਂ ਪੈਦਾ ਹੋਣ ਵਾਲੀ ਧੁਨੀ, ਜੀਵਾਂ ਦੀਆਂ ਆਵਾਜ਼ਾਂ ,ਰਾਗ , ਨਾਦ ਸਭ ਦਾ ਆਧਾਰ ਹੈ- ਹਵਾ । ਜੇਕਰ ਹਵਾ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਵਾਜ਼ ਪੈਦਾ ਨਾ ਹੋਵੇ ਨਾ ਸ਼ਬਦ ਇਕ ਥਾਂ ਤੋਂ ਦੂਸਰੀ ਥਾਂ ਜਾ ਸਕਣ। ਜਿਵੇਂ ਗੁਰੂ ਗਿਆਨ ਬਿਨਾਂ ਆਤਮਾ ਮੁਰਦਾ ਹੈ ਉਵੇਂ ਹਵਾ ਬਿਨਾਂ ਪ੍ਰਾਣਾ ਬਿਨਾਂ ਸਰੀਰ ਵੀ ਮੁਰਦਾ ਹੈ । ਹੱਡ ਮਾਸ ਨਾੜੀਆਂ ਲਹੂ ਦੇ ਬਣੇ ਹੋਏ ਇਸ ਸਰੀਰ ਵਿੱਚ ਜੀਵਨ ਜਾਨ ਭਰਨ ਵਾਲੀ ਹਵਾ ਹੀ ਹੈ। ਸਰੀਰ ਨੂੰ ਬਣਾਉਣ ਵਾਲੇ ਪੰਜਾਂ ਤੱਤਾਂ ਚੋਂ ਪਹਿਲਾ ਤੱਤ ਵੀ ਹਵਾ ਹੈ। ਸ਼ਬਦ ਦੀ ਉਤਪੱਤੀ ਵੀ ਹਵਾ ਤੋਂ ਹੀ ਹੈ। ਇਸ ਲਈ ਪਹਿਲੀ ਸਟੇਜ ਵਿੱਚ ਸ਼ਬਦ ਪ੍ਰਾਪਤੀ ਤੋਂ ਪਹਿਲਾਂ ਅਚੇਤ ਅਵਸਥਾ ਵਿੱਚ ਹਰੇਕ ਜੀਵਨ ਨੂੰ ਸਧਾਰਨ ਗਿਆਨ ਹਵਾ ਰਾਹੀਂ ਹੀ ਹੁੰਦਾ ਹੈ। ਜਿਵੇਂ ਪਸ਼ੂ ਨੂੰ ਪਾਣੀ ਪਿਆਉਣ ਲਈ ਵਰਤੀ ਜਾਂਦੀ ਬੁਸਕਰ ਛੀ ਛੀ ਆਦਿ ਭਾਵੇਂ ਕੋਈ ਅਰਥ ਨਹੀਂ ਰੱਖਦਾ ਪਰ ਉਸਦਾ ਮਤਲਬ ਗਾਂ ਜਰੂਰ ਸਮਝ ਜਾਂਦੀ ਹੈ। ਉਹ ਹਵਾ ਰਾਹੀ ਪੈਦਾ ਹੋਣ ਵਾਲੀ ਮੁਸ਼ਕਲ ਹੀ ਹੈ ਜਿਸ ਰਾਹੀਂ ਇੱਕ ਪਸ਼ੂ ਸਮਝ ਜਾਂਦਾ ਹੈ ਕਿ ਉਸਨੂੰ ਪਾਣੀ ਪੀਣ ਲਈ ਕਿਹਾ ਜਾ ਰਿਹਾ ਹੈ।
ਹਵਾ ਮਨੁੱਖ ਨੂੰ ਉਸੇ ਤਰ੍ਹਾਂ ਪਾਲਦੀ ਹੈ ਜਿਵੇਂ ਗੁਰੂ ਆਪਣੇ ਸਿੱਖ ਨੂੰ, ਮਾਂ ਆਪਣੇ ਬੱਚੇ ਨੂੰ, ਜਿਵੇਂ ਗੁਰੂ ਅਧਿਆਤਮਕ ਗਿਆਨ ਬਖਸ਼ ਕੇ ਆਤਮਿਕ ਤੌਰ ਤੇ ਜਿਉਂਦਾ ਰੱਖਦਾ ਹੈ । ਉਸੇ ਤਰ੍ਹਾਂ ਸਰੀਰਕ ਤੌਰ ਤੇ ਹਵਾ ਸਾਨੂੰ ਜਿਉਂਦਾ ਰੱਖਦੀ ਹੈ ।ਜਿੰਨਾ ਸਮਾਂ ਸਾਹ ਚੱਲ ਰਹੇ ਨੇ ਉਦੋਂ ਤੱਕ ਹੀ ਮਨੁੱਖ ਜਿੰਦਾ ਹੈ। ਇੰਝ ਹਵਾ ਰਾਹੀਂ ਹਰ ਪਲ, ਘੜੀ ਘੜੀ ਪਾਲਣ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਹਵਾ ਨੂੰ ਪਵਣ ਗੁਰੂ ਕਰਕੇ ਸੰਬੋਧਨ ਕੀਤਾ ਹੈ।

ਮੰਗਤ ਸਿੰਘ ਲੌਂਗੋਵਾਲ ਐਮ.ਏ