ਕੋਈ ਸਮਾਂ ਸੀ ਜਦੋਂ ਧੀਆਂ- ਪੁੱਤ ਆਪਣੇ ਮਾਪਿਆਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸਨ। ਮਾਂ -ਬਾਪ ਜੋ ਵੀ ਫ਼ੈਸਲਾ ਕਰ ਲੈਂਦੇ ਸਨ ਉਹ ਫ਼ੈਸਲਾ ਧੀਆਂ- ਪੁੱਤਰਾਂ ਅਤੇ ਸਾਰੇ ਪਰਿਵਾਰ ਤੇ ਲਾਗੂ ਹੁੰਦਾ ਸੀ।ਉਸ ਸਮੇਂ ਆਮ ਤੋਰ ਤੇ ਹੀ ਮਾਪਿਆਂ ਕੋਲ 5-6 ਧੀਆਂ- ਪੁੱਤ ਹੁੰਦੇ ਸਨ ਅਤੇ ਸਾਰੇ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਸਨ ਅਤੇ ਆਪਣੇ ਮਾਂ -ਬਾਪ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸਨ।ਉਸ ਸਮੇਂ ਅਗਰ ਬੱਚਿਆਂ ਨੇ ਕੋਈ ਖਿਡੋਣਾ ਜਾਂ ਕੋਈ ਹੋਰ ਜ਼ਰੂਰਤਮੰਦ ਚੀਜ਼ ਲੈਣੀ ਹੁੰਦੀ ਸੀ ਤਾਂ ਬਹੁਤ ਸਮਾਂ ਮਾਪਿਆਂ ਤੋ ਰੋ -ਰੋ ਕੇ ਉਹ ਚੀਜ਼ ਮੰਗਦੇ ਰਹਿੰਦੇ ਸਨ।ਮਾਪੇ ਵੀ ਉਸ ਸਮੇਂ ਬੱਚਿਆਂ ਦੀ ਜ਼ਿਆਦਾ ਪ੍ਰਵਾਹ ਨਹੀਂ ਕਰਦੇ ਸਨ ਅਤੇ ਬੱਚਿਆਂ ਦੀਆਂ ਜ਼ਰੂਰੀ ਖ਼ਵਾਹਿਸ਼ਾ ਵੀ ਬਹੁਤ ਲੰਮੇ ਸਮੇਂ ਬਾਅਦ ਪੂਰੀਆਂ ਕਰਦੇ ਸਨ ਅਤੇ ਬੱਚਿਆਂ ਨੂੰ ਵੀ ਉਸ ਚੀਜ਼ ਦੀ ਕਦਰ ਹੁੰਦੀ ਸੀ।ਉਸ ਸਮੇਂ ਬੱਚੇ ਆਪਣੇ ਮਾਂ -ਬਾਪ ਦੀ ਇਕ ਘੂਰ ਤੋਂ ਵੀ ਬਹੁਤ ਜ਼ਿਆਦਾ ਡਰਦੇ ਸਨ। ਜਦੋਂ ਸ਼ਰਾਰਤ ਕਰਦੇ ਬੱਚਿਆਂ ਨੂੰ ਪਤਾ ਲੱਗਦਾ ਸੀ ਕਿ ਉਹਨਾਂ ਦੇ ਮਾਂ – ਬਾਪ ਆ ਰਹੇ ਹਨ ਉਸ ਸਮੇਂ ਤਾਂ ਬੱਚੇ ਡਰ ਨਾਲ ਪੂਰੇ ਸਹਿਮ ਜਾਂਦੇ ਸਨ।ਪਰ ਅੱਜ਼ ਕੱਲ ਜ਼ਮਾਨਾ ਬਦਲ ਗਿਆ ਹੈ। ਅੱਜ਼ ਕੱਲ ਦੇ ਧੀਆਂ -ਪੁੱਤਰ ਆਪਣੇ ਮਾਪਿਆਂ ਨੂੰ ਡਰਾਉਂਦੇ ਹਨ। ਅੱਜ਼ ਕੱਲ ਮਾਪਿਆਂ ਕੋਲ ਸਿਰਫ ਇਕ ਜਾਂ ਦੋ ਧੀਆਂ ਪੁੱਤ ਹੀ ਹਨ ਜੋ ਕਿ ਬਹੁਤ ਜ਼ਿਆਦਾ ਲਾਡਲੇ ਹਨ। ਅੱਜ਼ ਕੱਲ ਦੇ ਬੱਚੇ ਮਾਪਿਆਂ ਨੂੰ ਬੇਨਤੀ ਨਹੀਂ ਕਰਦੇ ਕਿ ਸਾਨੂੰ ਇਹ ਚੀਜ਼ ਦੀ ਜ਼ਰੂਰਤ ਹੈ ਬਲਕਿ ਮਾਪਿਆਂ ਨੂੰ ਆਰਡਰ ਕਰਦੇ ਹਨ ਕਿ ਇੰਨੇ ਟਾਇਮ ਵਿੱਚ ਇਹ ਚੀਜ਼ ਹਾਜ਼ਿਰ ਹੋਣੀ ਚਾਹੀਦੀ ਹੈ। ਜ਼ੋ ਚੀਜ਼ ਅੱਜ ਕੱਲ੍ਹ ਦੇ ਬੱਚਿਆਂ ਨੇ ਮਾਪਿਆਂ ਨੂੰ ਆਰਡਰ ਕਰ ਦਿੱਤੀ ਉਹ ਚੀਜ਼ ਮਾਂ-ਬਾਪ ਨੂੰ ਹਰ ਹਾਲਤ ਵਿੱਚ ਲਿਆ ਕੇ ਦੇਣੀ ਪੈਂਦੀ ਹੈ ਜਿਥੋਂ ਮਰਜ਼ੀ ਜਿਵੇਂ ਮਰਜ਼ੀ ਲੈ ਕੇ ਆਉਂਣ।ਅਗਰ ਮਾਪੇ ਉਹ ਚੀਜ਼ ਨਹੀਂ ਲੈ ਕੇ ਆਉਂਦੇ ਤਾਂ ਬੱਚੇ ਰੁੱਸ ਪੈਂਦੇ ਹਨ ਅਤੇ ਮਾਂ ਬਾਪ ਨੂੰ ਬੁਰਾ ਭਲਾ ਬੋਲਦੇ ਹਨ। ਅੱਜ਼ ਕੱਲ ਦੇ ਧੀਆਂ ਪੁੱਤਰਾਂ ਨੇ ਮਾਪਿਆਂ ਨੂੰ ਇੰਨਾ ਜ਼ਿਆਦਾ ਡਰਾ ਕੇ ਰੱਖਿਆ ਹੋਇਆ ਹੈ ਕਿ ਮਾਪਿਆਂ ਦੀ ਹਿੰਮਤ ਹੀ ਨਹੀਂ ਪੈਂਦੀ ਕਿ ਬੱਚਿਆਂ ਦੁਆਰਾ ਕੀਤੀ ਕੋਈ ਵੀ ਖ਼ਵਾਹਿਸ਼ ਨੂੰ ਟਾਲ ਮਟੋਲ ਕਰ ਸਕਣ। ਅੱਜ਼ ਕੱਲ ਤਾਂ ਇਸ ਤਰਾਂ ਲਗਦਾ ਹੈ ਕਿ ਅਸੀਂ ਮਾਂ ਬਾਪ ਨਹੀਂ ਹਾਂ ਇਹ ਬੱਚੇ ਸਾਡੇ ਮਾਂ -ਬਾਪ ਹਨ। ਅੱਜ ਕੱਲ ਮਾਪੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਲਾਡ ਨਾਲ ਸੋਹਲ ਬਣਾ ਕੇ ਰੱਖਦੇ ਹਨ। ਜਿੰਨਾ ਜ਼ਿਆਦਾ ਅਸੀਂ ਬੱਚਿਆਂ ਨੂੰ ਲਾਡ ਪਿਆਰ ਕਰ ਰਹੇ ਹਨ ਬੱਚੇ ਉਹਨਾਂ ਹੀ ਜ਼ਿਆਦਾ ਮਾਪਿਆਂ ਦੀ ਬੇਕਦਰੀ ਕਰ ਰਹੇ ਹਨ ਅਤੇ ਵਿਗੜ ਰਹੇ ਹਨ। ਅਸੀਂ ਆਪਣੇ ਬੱਚਿਆਂ ਦੀਆਂ ਖ਼ਵਾਹਿਸ਼ਾ ਬਹੁਤ ਜਲਦੀ ਪੂਰੀਆਂ ਕਰ ਰਹੇ ਹਨ ਜਿਸ ਕਰਕੇ ਸਾਡੇ ਬੱਚੇ ਉਸ ਖ਼ਵਾਹਿਸ਼ ਦੀ ਬਿਲਕੁਲ ਕੀਮਤ ਹੀ ਨਹੀਂ ਸਮਝ ਰਹੇ।ਅਗਰ ਕੋਈ ਚੀਜ਼ ਸੰਘਰਸ਼ ਕਰਕੇ ਮਿਲੇ ਤਾਂ ਹੀ ਉਸ ਦੀ ਕਦਰ ਪੈਂਦੀ ਹੈ ਪਰ ਅਸੀ ਤਾਂ ਬੱਚੇ ਨੂੰ ਫਰਮਾਇਸ਼ ਕਰਨ ਤੋਂ ਤੁਰੰਤ ਬਾਅਦ ਬੱਚੇ ਦੀ ਫਰਮਾਇਸ਼ ਪੂਰੀ ਕਰ ਦਿੰਦੇ ਹਾਂ ਤਾਂ ਬੱਚੇ ਨੂੰ ਉਸ ਦੀ ਕੀਮਤ ਦਾ ਅਹਿਸਾਸ ਹੀ ਨਹੀਂ ਹੁੰਦਾ । ਅੱਜ਼ ਕੱਲ ਦੇ ਮਾਪਿਆਂ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਆਪਣੇ ਬੱਚਿਆਂ ਤੇ ਰੋਹਬ ਰੱਖ ਸਕਣ ਬਲਕਿ ਬੱਚੇ ਆਪਣੇ ਮਾਪਿਆਂ ਤੇ ਅੱਜਕਲ੍ਹ ਪੂਰਾ ਰੋਹਬ ਰੱਖਦੇ ਹਨ।ਅੱਜ ਕੱਲ੍ਹ ਦੇ ਬੱਚੇ ਤਾਂ ਇਹ ਸਮਝਦੇ ਹਨ ਕਿ ਸਾਡੇ ਮਾਪਿਆਂ ਨੂੰ ਤਾਂ ਅਕਲ ਹੀ ਨਹੀਂ ਅਸੀਂ ਹੀ ਦੁਨੀਆਂ ਦੇ ਸਭ ਤੋਂ ਸੂਝਵਾਨ ਵਿਦਵਾਨ ਹਾਂ। ਜਦੋਂ ਮਾਪਿਆਂ ਨੇ ਆਪਣੇ ਛੋਟੇ ਧੀਆਂ ਪੁੱਤਰਾਂ ਨੂੰ ਸਾਂਭ ਸੰਭਾਲ ਕੇ ਪੜਾ ਲਿਖਾ ਕੇ ਵੱਡੇ ਕੀਤਾ ਹੁੰਦਾ ਹੈ ਤਾਂ ਉਸ ਸਮੇਂ ਕਈ ਧੀਆਂ -ਪੁੱਤ ਆਪਣੇ ਮਾਪਿਆਂ ਨੂੰ ਕਹਿੰਦੇ ਹਨ ਤੁਸੀਂ ਸਾਡੇ ਲਈ ਅੱਜ਼ ਤੱਕ ਕੀਤਾ ਹੀ ਕੀ ਹੈ? ਉਸ ਸਮੇਂ ਮਾਪਿਆਂ ਦੇ ਦਿਲ ਤੇ ਜ਼ੋ ਬੀਤਦੀ ਹੋਵੇਗੀ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ਼ ਕੱਲ ਦੇ ਧੀਆਂ ਪੁੱਤਰਾਂ ਨੂੰ ਚਾਹੀਦਾ ਹੈ ਕਿ ਆਪਣੇ ਮਾਪਿਆਂ ਦਾ ਸਤਿਕਾਰ ਜ਼ਰੂਰ ਕੀਤਾ ਜਾਵੇ।ਇਹ ਮਾਪੇ ਤੁਹਾਨੂੰ ਸਦਾ ਨਹੀਂ ਲੱਭਣੇ। ਜਦੋਂ ਮਾਪੇ ਤੁਰ ਗਏ ਫਿਰ ਤੁਸੀਂ ਮਾਪਿਆਂ ਨੂੰ ਯਾਦ ਕਰੋਗੇ ਪਰ ਮਾਪੇ ਮਿਲਣੇ ਨਹੀਂ।
ਸੰਦੀਪ ਕੰਬੋਜ
ਪ੍ਰਧਾਨ ਐਂਟੀ ਕੁਰੱਪਸ਼ਨ ਬਿਊਰੋ ਇੰਡੀਆ, ਗੁਰੂਹਰਸਹਾਏ।
ਸੰਪਰਕ ਨੰਬਰ – 98594-00002
