ਬਹੁਤੀਆਂ ਹਕੂਮਤਾਂ ਦਾ ਜਬਰ ਸਹਿੰਦਿਆਂ ਉਮਰ ਗੁਜ਼ਾਰਨ ਵਾਲਾ ਸ਼ਾਇਰ ਅਹਿਮਦ ਸਲੀਮ ਵੀ ਆਖ਼ਰੀ ਫ਼ਤਹਿ ਬੁਲਾ ਗਿਆ।
ਕਦੇ ਵਕਤ ਸੀ ਕਿ ਅਹਿਮਦ ਸਲੀਮ ਦੀ ਚਿੱਠੀ ਫੜੇ ਜਾਣਾ ਵੀ ਗੁਨਾਹ ਸੀ। ਉਸ ਦੇ ਲਿਖੇ ਗੀਤ “ਉੱਚੀਆਂ ਲੰਮੀਆਂ ਟਾਹਲੀਆਂ” ਰਾਹੀਂ ਮੈਂ ਉਸਦੇ
ਸ਼ਬਦ ਸੰਸਾਰ ਨਾਲ ਜੁੜਿਆ। ਇਸ ਪੰਜਾਬੀ ਲੋਕਗੀਤ ਨੂੰ ਉਸ ਬਦਲ ਕੇ ਅਮਨ ਗੀਤ ਵਾਂਗ ਲਿਖਿਆ ਸੀ।
ਫਿਰ ਪਤਾ ਲੱਗਾ ਕਿ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਉਸ ਦੀ ਦਿਲਚਸਪੀ ਸਿਖ਼ਰਾਂ ਤੇ ਹੈ। ਉਹ ਬਰਾਸਤਾ ਇੰਗਲੈਂਡ ਇਧਰਲੇ ਪੰਜਾਬ ਵਿੱਚ ਨਵਾਂ ਸ਼ਹਿਰ ਵੱਸਦੀ ਲੇਖਿਕਾ ਬੀਬਾ ਕੁਲਵੰਤ ਰਾਹੀਂ ਇਹ ਮੁਲਾਕਾਤ ਟੇਪ ਰਾਹੀਂ ਰੀਕਾਰਡ ਕਰ ਸਕਿਆ। ਇਸ ਮਗਰੋਂ ਬੀਬਾ ਕੁਲਵੰਤ ਨੂੰ ਜ਼ਰੂਰ ਏਧਰਲੇ ਸਰਕਾਰੀ ਤੰਤਰ ਦੀਆਂ ਨਜ਼ਰਾਂ ਚ ਸ਼ੱਕੀ ਕਰ ਗਿਆ।
ਬੀਬਾ ਕੁਲਵੰਤ ਨੇ 1975 ਚ ਲਿਖੀ ਆਪਣੀ ਕਹਾਣੀਆ ਦੀ ਕਿਤਾਬ ਓਧਰੋਂ ਅਹਿਮਦ ਸਲੀਮ ਤੇ ਰੇਸ਼ਮਾਂ ਨੂੰ ਤੇ ਏਧਰੋਂ ਸੁਰਿੰਦਰ ਕੌਰ ਤੇ ਸ ਸ ਮੀਸ਼ਾ ਨੂੰ ਸਮਰਪਿਤ ਕੀਤੀ। ਬੀਬਾ ਕੋਲ ਅੱਜ ਵੀ ਅਹਿਮਦ ਸਲੀਮ ਦੀਆਂ ਲਿਖੀਆਂ ਕਈ ਚਿੱਠੀਆਂ ਸ਼ਾਹਮੁਖੀ ਚ ਲਿਖੀਆਂ ਸੰਭਾਲੀਆਂ ਪਈਆਂ ਨੇ।
ਅਹਿਮਦ ਸਲੀਮ ਦਾ ਜਨਮ 26 ਜਨਵਰੀ 1945 ਵਿੱਚ ਗੁਜਰਾਤ ਜ਼ਿਲ੍ਹੇ ਦੇ ਪਿੰਡ ਮਿਆਣਾ ਗੋਂਦਲ ਵਿੱਚ ਹੋਇਆ।
ਪ੍ਰਮੁੱਖ ਪਾਕਿਸਤਾਨੀ ਪੰਜਾਬੀ ਲੇਖਕ, ਪੰਜਾਬੀ ਪੱਖੀ ਕਾਰਕੁਨ ਅਤੇ 2001 ਵਿੱਚ ਸਥਾਪਿਤ ਕੀਤੇ ਇੱਕ ਪ੍ਰਾਈਵੇਟ ਆਰਕਾਈਵ”ਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ “ਦਾ ਸਹਿ ਸੰਸਥਾਪਕ ਸੀ।
ਅਹਿਮਦ ਸਲੀਮ ਸੱਤ ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸੀ।
ਉਸ ਦੀ ਮੁਢਲੀ ਸਿੱਖਿਆ ਆਪਣੇ ਪਿੰਡ ਮਿਆਣਾ ਗੋਂਦਲ ਵਿੱਚ ਹੀ ਹੋਈ ਅਤੇ ਅੱਗੇ ਮੈਟ੍ਰਿਕ ਕਰਨ ਲਈ ਉਹ ਪਿਸ਼ਾਵਰ ਚਲਿਆ ਗਿਆ।
ਅਹਿਮਦ ਸਲੀਮ ਦੀਆਂ ਕਾਵਿ ਪੁਸਤਕਾਂ ਵਿੱਚ ਕੂੰਜਾਂ ਮੋਈਆਂ,
ਘੜੀ ਦੀ ਟਿਕ ਟਿਕ,ਨੂਰ ਮੁਨਾਰੇ (1996) ਤਨ ਤੰਬੂਰ (1974),
ਮੇਰੀਆਂ ਨਜ਼ਮਾਂ ਮੋੜ ਦੇ (2005)
ਇੱਕ ਉਧੜੀ ਕਿਤਾਬ ਦੇ ਬੇਤਰਤੀਬੇ ਵਰਕੇ (2006)
ਲੋਕ ਵਾਰਾਂ (ਪੰਜਾਬੀ ਵਿੱਚ ਤਿੰਨ ਲੋਕ ਐਪਿਕ, ਇਸਲਾਮਾਬਾਦ, 1973) .
ਲੋਕ ਵਾਰਾਂ (ਭਾਰਤੀ ਐਡੀਸ਼ਨ), ਨਵੀਂ ਦਿੱਲੀ, 1973 ਹਨ।
ਲੋਕ ਵਾਰਾਂ ਤੇ ਤਨ ਤੰਬੂਰ ਏਧਰ ਨਵਯੁਗ ਪਬਲਿਸ਼ਰਜ਼ ਵੱਲੋਂ ਭਾਪਾ ਪ੍ਰੀਤਮ ਸਿੰਘ ਜੀ ਨੇ ਬੜੀ ਰੀਝ ਨਾਲ ਛਾਪੇ ਸਨ।
ਉਸ ਦਾ ਇੱਕੋ ਇੱਕ ਨਾਵਲ
ਤਿਤਲੀਆਂ ਤੇ ਟੈਂਕ ਸ਼ਾਇਦ ਭਾ ਜੀ ਗੁਰਸ਼ਰਨ ਸਿੰਘ ਜੀ ਨੇ ਛਾਪਿਆ ਸੀ ਪਰ ਪੰਕਾ ਪਤਾ ਨਹੀ।
ਉਸ ਦੀਆਂ ਵਾਰਤਕ ਰਚਨਾਵਾਂ ਵਿੱਚ
ਝੋਕ ਰਾਂਝਣ ਦੀ (1983 ਦਾ ਪੰਜਾਬ ਦਾ ਸਫਰਨਾਮਾ – ਲਾਹੌਰ, 1990)
ਤੱਤੇ ਲਹੂ ਦਾ ਚਾਨਣ (ਪੰਜਾਬੀ ਵਿੱਚ ਸਾਹਿਤਕ ਨਿਬੰਧ – ਲਾਹੌਰ, 1999 ਪ੍ਰਮੁੱਖ ਹਨ।
ਚਾਰ ਕੁ ਸਾਲ ਪਹਿਲਾਂ ਲਾਹੌਰ ਵਿਖੇ ਹੋਈ ਵਿਸ਼ਵ ਅਮਨ ਕਾਨਫਰੰਸ ਵਿੱਚ ਅਹਿਮਦ ਸਲੀਮ ਜੀ ਨਾਲ ਮੁਲਾਕਾਤ ਹੋਈ ਤਾਂ ਬਹੁਤ ਚੰਗਾ ਲੱਗਾ। ਉਨ੍ਹਾਂ ਦੀ ਸਿਹਤ ਭਾਵੇਂ ਬਹੁਤ ਕਮਜ਼ੋਰ ਸੀ ਪਰ ਆਵਾਜ਼ ਦਾ ਗੜ੍ਹਕਾ ਕਾਇਮ ਸੀ। ਮੈਂ ਤੇ ਡਾਃ ਰਤਨ ਸਿੰਘ ਢਿੱਲੋਂ ਨੇ ਉਸ ਨਾਲ ਉਚੇਚੀ ਤਸਵੀਰ ਖਿਚਵਾਈ।
ਉਸ ਦੀ ਪਿਛਲੀ ਪੰਜਾਬ ਫੇਰੀ ਵੇਲੇ ਲੁਧਿਆਣੇ ਆਉਣ ਦੇ ਬਾਵਜੂਦ ਵੀ ਉਸ ਨੂੰ ਮਿਲ ਨਾ ਸਕਿਆ। ਮੈਂ ਸ਼ਹਿਰੋਂ ਬਾਹਰ ਸਾਂ ਉਸ ਦਿਨ ਸ਼ਾਇਦ।
ਅਹਿਮਦ ਸਲੀਮ ਪਾਕਿਸਤਾਨੀ ਪੰਜਾਬ ਚ ਪੰਜਾਬੀ ਮਾਂ ਬੋਲੀ ਦਾ ਪਹਿਰੇਦਾਕ ਸੀ।
ਉਸ ਨੇ ਫ਼ੈਜ਼ ਅਹਿਮਦ ਫੈਜ਼ ਸਾਹਿਬ ਦੀ ਸ਼ਾਇਰੀ ਸੰਭਾਲਣ ਤੇ ਸ਼ਹੀਦ ਭਗਤ ਸਿੰਘ ਦੀ ਜੀਵਨੀ ਲਿਖ ਕੇ ਇਤਿਹਾਸਕ ਕਾਰਜ ਕੀਤਾ।
ਅਹਿਮਦ ਸਲੀਮ ਦੀ ਮੁਕੰਮਲ ਸ਼ਾਇਰੀ ਦਾ ਸੰਗ੍ਰਹਿ ਵੀ ਓਧਰ ਛਪਿਆ ਹੈ, ਹੁਣ ਏਧਰ ਕੌਣ ਛਾਪੇਗਾ? ਵਕਤ ਦੱਸੇਗਾ।
ਇਲਿਆਸ ਘੁੰਮਣ ਮੁਤਾਬਕ ਪੰਜਾਬੀ ਕਵੀ, ਨਾਵਲਿਸਟ,ਕਹਾਣੀਕਾਰ ਅਹਿਮਦ ਸਲੀਮ 10 ਦਸੰਬਰ 2023 ਦੀ ਰਾਤ ਇਸਲਾਮਾਬਾਦ ਵਿੱਚ ਪੂਰੇ ਹੋਏ।
ਨਮਾਜ ਜਨਾਜਾ ਅਤੇ ਹੋਰ ਆਖਰੀ ਰਸਮਾਂ 11 ਦਸੰਬਰ ਨੂੰ ਅੱਜ ਲਾਹੌਰ ਵਿਖੇ ਹੋਣਗੀਆਂ।
ਅਲਵਿਦਾ!
ਵੱਡੇ ਵੀਰ ਅਹਿਮਦ ਸਲੀਮ!

ਗੁਰਭਜਨ ਗਿੱਲ