ਵਰਗੀ ਦੇ ਵਿਚ ਹੱਥ ਪਾਇਆ ਈ ਪਾਗਲ ਏਂ।
ਇਹ ਕੀ ਤੂੰ ਚੰਨ ਚੜਾਇਆ ਈ ਪਾਗਲ ਏੰ।
ਪਹਿਲਾਂ ਏਸ ਸਮਾਗਮ ਵਿਚ ਪ੍ਰਧਾਨ ਬੜੇ,
ਕਿਸ-ਕਿਸ ਨੂੰ ਹੋਰ ਬੁਲਾਇਆ ਈ ਪਾਗਲ ਏਂ।
ਪਹਿਲਾਂ ਤੇਰੇ ਉਪਰ ਕਰਜ਼ਾ ਥੋੜ੍ਹਾ ਏ,
ਘਰ ਨੂੰ ਖ਼ੂਬ ਸਜਾਇਆ ਈ ਪਾਗਲ ਏਂ।
ਮਹਿਫ਼ਿਲ ਦੇ ਦਸਤੂਰ ਜ਼ਰੂਰੀ ਹੁੰਦੇ ਨੇ,
ਐਵੇਂ ਕਿਓੁਂ ਜਾਮ ਉਠਾਇਆ ਈ ਪਾਗਲ ਏਂ।
ਕੱਲ ਨੂੰ ਤੇਰੇ ’ਤੇ ਇਲਜ਼ਾਮ ਲਗਾਵੇਗਾ,
ਮੂਰਖ ਨੂੰ ਸਮਝਾਇਆ ਈ ਪਾਗਲ ਏਂ।
ਡੰਗ ਮਾਰਨ ਤੋਂ ਬਾਝ ਕਦੀ ਵੀ ਆਉਂਦੇ ਨਈਂ,
ਸੱਪਾਂ ਨੂੰ ਫੇਰ ਬਚਾਇਆ ਈ ਪਾਗਲ ਏਂ।
ਯਾਰਾਂ ਨੂੰ ਮਾੜੇ ਬੋਲ ਭਾਲਾ ਕਿਉਂ ਬੋਲੇ,
ਦੁੱਧ ਵਿਚ ਜ਼ਹਿਰ ਮਿਲਾਇਆ ਈ ਪਾਗਲ ਏਂ।
ਸੱਕੇ ਭੈਣ ਭਰਾਵਾਂ ਦੇ ਨਾਲ ਕੀ ਕੀਤਾ,
ਉਂਗਲਾਂ ਦੇ ਉਪਰ ਨਚਾਇਆ ਈ ਪਾਗਲ ਏਂ।
ਵਿਛੜੇ ਸੱਜਣ ਵਾਪਸ ਕਿਧਰੇ ਆਉਂਦੇ ਨਈਂ,
ਅਪਣਾ ਮਨ ਫੇਰ ਸਤਾਇਆ ਈ ਪਾਗਲ ਏਂ।
ਪਹਿਲਾਂ ਸਾਰਾ ਘਰ ਤੂੰ ਚੋਰੀ ਕੀਤਾ ਹੈ,
ਘਰ ’ਚੋਂ ਕੀ ਹੋਰ ਚੁਰਾਇਆ ਈ ਪਾਗਲ ਏਂ।
ਥਾਂ-ਥਾਂ ਤੇਰੇ ਦੁਸ਼ਮਣ ਪੈਦਾ ਹੋ ਜਾਣੇਂ,
ਬਾਲਮ ਨੂੰ ਯਾਰ ਬਣਾਇਆ ਈ ਪਾਗਲ ਏਂ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ – 98156-25409