ਅੱਜ ਨੌਵੀਂ ਜਮਾਤ ਦਾ ਸਾਇੰਸ ਦਾ ਪੀਰੀਅਡ ਲੱਗਿਆ ਹੋਇਆ ਹੈ। ਸਾਇੰਸ ਅਧਿਆਪਕ ਸ੍ਰੀ ਸੁਰਿੰਦਰ ਗੋਇਲ ਇੱਕ ਇੱਕ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਸਮਝਾ ਰਹੇ ਹਨ ਕਿ ਪਾਣੀ ਦੀਆਂ ਤਿੰਨ ਅਵਸਥਾਵਾਂ ਹੁੰਦੀਆਂ ਹਨ – ਤਰਲ, ਗੈਸ ਅਤੇ ਠੋਸ। ਫਿਰ ਉਨ੍ਹਾਂ ਨੇ ਉਦਾਹਰਣਾਂ ਦੇ ਕੇ ਦੱਸਿਆ ਕਿ “ਪਾਣੀ ਦਾ ਤਰਲ ਰੂਪ ਤਾਂ ਉਹ ਹੈ, ਜੋ ਸਾਡੇ ਰੋਜ਼ਾਨਾ ਜੀਵਨ ਵਿੱਚ ਵਧੇਰੇ ਕਰਕੇ ਕੰਮ ਆਉਂਦਾ ਹੈ ਜਿਵੇਂ ਪੀਣ ਦੇ, ਕੱਪੜੇ ਧੋਣ ਦੇ ਵਗੈਰਾ; ਬਾਕੀ ਦੇ ਰੂਪਾਂ ਵਿੱਚ ਗੈਸ ਉਹ ਹੈ, ਜੋ ਬੱਦਲਾਂ ਦੇ ਰੂਪ ਵਿੱਚ ਮਿਲਦੀ ਹੈ, ਜਿਸ ਤੋਂ ਮੀਂਹ ਪੈਂਦਾ ਹੈ; ਠੋਸ ਰੂਪ ਹੈ- ਬਰਫ਼, ਜੋ ਅਸੀਂ ਫਰਿਜ ਵਿੱਚ ਆਈਸਕਰੀਮ ਦੇ ਰੂਪ ਵਿੱਚ ਜਮਾਉਂਦੇ ਹਾ।” ਸਾਰਾ ਕੁਝ ਸਮਝਾਉਣ ਪਿੱਛੋਂ ਅਧਿਆਪਕ ਨੇ ਅਗਲੇ ਦਿਨ ਇਹਨੂੰ ਯਾਦ ਕਰਕੇ ਆਉਣ ਨੂੰ ਕਿਹਾ।
ਅਗਲੇ ਦਿਨ ਲੱਗਭੱਗ ਹਰ ਵਿਦਿਆਰਥੀ ਨੇ ਪਹਿਲੇ ਦਿਨ ਸਮਝਾਏ ਅਧਿਆਪਕ ਦੇ ਉੱਤਰ ਨੂੰ ਹੀ ਇਨਬਿਨ ਦੱਸਿਆ। ਜਦੋਂ ਅਧਿਆਪਕ ਨੇ ਪਿਛਲੇ ਬੈਂਚ ਤੇ ਬੈਠੇ ਗੁਰਜੀਤ ਨੂੰ ਇਹੋ ਪ੍ਰਸ਼ਨ ਪੁੱਛਿਆ ਤਾਂ ਉਹ ਕੁਝ ਝਿਜਕਿਆ, ਫਿਰ ਇੱਕਦਮ ਬੋਲਿਆ, “ਹੜ੍ਹ।” ਜਮਾਤ ਵਿੱਚ ਸੰਨਾਟਾ ਜਿਹਾ ਛਾ ਗਿਆ। ਸ੍ਰੀ ਗੋਇਲ ਨੇ ਜਦੋਂ ਇਸ ਬਾਰੇ ਵਿਸਥਾਰ ਵਿੱਚ ਦੱਸਣ ਨੂੰ ਕਿਹਾ ਤਾਂ ਗੁਰਜੀਤ ਨੇ ਸਪਸ਼ਟ ਕੀਤਾ, “ਅਸਲ ਵਿੱਚ ਪਾਣੀ ਦੀ ਇੱਕੋ ਅਵਸਥਾ ਹੜ੍ਹ ਹੀ ਹੈ, ਬਾਕੀ ਤਾਂ ਐਵੇਂ ਹੀ ਹਨ।”
“ਉਹ ਕਿਵੇਂ?”
ਅਧਿਆਪਕ ਦੇ ਪੁੱਛਣ ਤੇ ਗੁਰਜੀਤ ਉਦਾਸ ਹੋ ਕੇ ਬੋਲਿਆ, “ਸਰ, ਪਾਣੀ ਨੇ ਸਾਡੇ ਘਰ ਘਾਟ ਬਰਬਾਦ ਕਰ ਦਿੱਤੇ, ਫਸਲਾਂ ਖਤਮ ਹੋ ਗਈਆਂ…।” ਇਸ ਤੋਂ ਬਾਦ ਉਹਦਾ ਗਲ਼ਾ ਭਰ ਆਇਆ, ਉਹਦਾ ਰੋਣ ਨਿਕਲ ਗਿਆ। ਅਧਿਆਪਕ ਨੇ ਉਹਦੇ ਕੋਲ ਜਾ ਕੇ ਉਹਨੂੰ ਹੌਸਲਾ ਦਿੱਤਾ ਤੇ ਬੋਲੇ, “ਹਾਂ ਬਈ, ਤੂੰ ਠੀਕ ਕਹਿੰਦਾ ਹੈਂ, ਪਾਣੀ ਦੀ ਇੱਕ ਅਵਸਥਾ ਹੜ੍ਹ ਵੀ ਹੈ…।”
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)