ਦਾਅਵਾ ਐਵੇਂ ਥੋੜੀ ਕਰਦੈ, ‘ਪਾਤਸਾ਼ਹੀ ਸਰਦਾਰੀ’।
ਏਸ ਤਖ਼ਤ ‘ਤੇ ਬਹਿਣ ਦੀ ਖਾਤਰ, ਬੜੀ ਹੈ ਕੀਮਤ ਤਾਰੀ।
ਉਹਨਾਂ ਨੇ ਕਿਹਾ ਇੱਕ ਦਿਨ ਮੈਨੂੰ, “ਜ਼ੋਰ ਵੇਖਣਾ ਤੇਰਾ”
ਮੇਰੀ ਜੰਗ-ਖਾਧੀ ਕਿਰਪਾਨ ਨੇ, ਹੱਸ ਕੇ ਸੈਨਤ ਮਾਰੀ।
“ਆਜਾ ਬਹਿ ਕੇ ਦਿਲ ਦੀਆਂ ਕਰੀਏ”, ਸੱਜਣਾ ਨੇਂ ਕਿਹਾ ਮੈਨੂੰ,
ਮੁੱਠ ਖੋਲ੍ਹ ਮੈਂ ਮੇਜ਼ ‘ਤੇ ਰੱਖ’ਤੀ, ਫੁੱਲਾਂ ਦੀ ਅੰਗਿਆਰੀ।
ਇੰਝ ਲਗਦੈ ਜਿਵੇਂ ਬੈਂਕ ਦੀਆਂ ਬਸ ਕਿਸ਼ਤਾਂ ਲਾਹੁਣ ਲਈ ਆਇਆਂ,
ਪਤਾ ਨਹੀਂ ਕਿੰਨੇ ਸੁਪਨੇ ਖਾ ਗਈ ਕਬੀਲਦਾਰੀ ਹਤਿਆਰੀ।
ਉਹਨੇਂ ਬਸ ਇੱਕ ਵਾਰ ਕਿਹਾ ਸੀ,”ਫੁੱਲ ਪਸੰਦ ਨੇਂ ਮੈਨੂੰ”,
ਮੇਰੇ ਬੂਹੇ ਅਜੇ ਵੀ ਲੱਗੀ ਫੁੱਲਾਂ ਦੀ ਕਿਆਰੀ।
ਝੂਠ-ਝਾਠ ਨਾਲ ਗੰਢਤੁੱਪ ਕਰਕੇ, ਲੰਘਦਾ ਸਮਾਂ ਲੰਘਾ ਲੈ,
‘ਅੰਬਰਸਰੀਆ’ ਸੱਚ ਦੇ ਰਾਹ ‘ਤੇ, ਹੁੰਦੀ ਬੜੀ ਖ਼ੁਆਰੀ।

ਰਮਿੰਦਰ ਸਿੰਘ ‘ਅੰਬਰਸਰੀ’
ਪਿੰਡ ਛਾਪਾ ਰਾਮ ਸਿੰਘ
ਡਾਕਖਾਨਾ ਫਤਹਿਪੁਰ ਰਾਜਪੂਤਾਂ
ਅੰਮ੍ਰਿਤਸਰ
੭੭੪੦੦੨੬੦੬੮