ਲਿਖਾਂ ਕਵਿਤਾ ਤੇ ਗੱਡ ਦੇਵਾਂ ਕਿੱਲ ਜੀ।
ਡਰਾਂ-ਸੰਗਾ ਦੀ ਨਾ ਰੱਖਾਂ ਕੋਈ ਢਿੱਲ ਜੀ।
ਧੂਮ ਪੈ ਜਵੇ ਸਮੁੰਦਰਾਂ ਤੋ ਪਾਰ ਵੀ,
ਤੇ ਛੋਟੇ ਪੈਣ ਸੂਬੇ ਜਾਂ ਜਿਲੇ਼…..।
ਚਿੱਤ ਮੇਰਾ ਵੀ ਕਰੇ ਕਿ ਪਾਸ਼ ਬਣਜਾਂ,
ਦਲੇਰੀ ਪਰ ਮੁੱਲ ਨਾ ਮਿਲੇ।
ਜਿਹੜੇ ਧਰਮਾਂ ਦੇ ਨਾਂ ਤੇ ਪਾਉਣ ਵੰਡੀਆਂ।
ਦਿਲ ਕਰੇ ਕਰਾਂ ਰੱਜ ਕੇ ਮੈਂ ਭੰਡੀਆਂ।
ਸੱਭੇ ਢਾਹ ਦਵਾਂ ਸਮਾਧਾਂ ਨਾਲੇ ਮਟੀਆਂ,
ਤੇ ਭੰਨ ਸੁੱਟਾਂ ਸਾਧਾਂ ਦੇ ਟਿੱਲੇ …….।
ਚਿੱਤ ਮੇਰਾ ਵੀ ਕਰੇ ਕਿ ਪਾਸ਼ ਬਣਜਾਂ,
ਦਲੇਰੀ ਪਰ ਮੁੱਲ ਨਾ ਮਿਲੇ।
ਕੂਕ ਲੋਕਾਂ ਨੂੰ ਜਗਾਵਾਂ ਹੱਕ ਲੈਣ ਨੂੰ।
ਤਿਆਰ ਕਰਾਂ ਗੱਲ ਮੂੰਹ ਦੇ ਉੱਤੇ ਕਹਿਣ ਨੂੰ।
ਰਾਜਨੀਤੀ ਦੇ ਫਰੋਲ ਦੇਵਾਂ ਪੋਤੜੇ,
ਕਿ ਕੰਬ ਜਾਣ ਦਿੱਲੀ ਦੇ ਕਿਲੇ….।
ਚਿੱਤ ਮੇਰਾ ਵੀ ਕਰੇ ਕਿ ਪਾਸ਼ ਬਣਜਾਂ,
ਦਲੇਰੀ ਪਰ ਮੁੱਲ ਨਾ ਮਿਲੇ।
ਲੋਹਾ ਜਿਗਰਾ ਤੇ ਅੱਖ ਰਖਾਂ ਬਾਜ਼ ਦੀ।
ਸੁੱਤੀ ਅਣਖ ਜਗਾ ਦਵਾਂ ਸਮਾਜ ਦੀ।
ਲਲਕਾਰ ਦੇਵਾਂ ਏ.ਕੇ. ਸੰਤਾਲੀਆਂ,
ਤੇ ਅੜੀ ਤੋਂ ਜ਼ਮੀਰ ਨਾ ਹਿਲੇ……।
ਚਿੱਤ ਮੇਰਾ ਵੀ ਕਰੇ ਕਿ ਪਾਸ਼ ਬਣਜਾਂ,
ਦਲੇਰੀ ਪਰ ਮੁੱਲ ਨਾ ਮਿਲੇ।
‘ਚੰਬਾ ਚਿੜੀਆਂ ਦਾ’ ਦੱਸਾਂ ਕੀ ਏ ਸੱਚ ਜੀ,
ਬਿਨਾ ਜੋੜਨੇ ਤੋਂ ਹੋਰ ਕੀ ਨੇ ਹੱਥ ਜੀ।
ਘਾਹ ਦੇ ਵਾਂਗਰਾਂ ਉਗਾਵਾਂ ਇਨਕਲਾਬ ਨੂੰ,
ਕਿ ਕਲੀ ਕਲੀ ਬਣ ਕੇ ਖਿਲੇ……।
ਚਿੱਤ ਮੇਰਾ ਵੀ ਕਰੇ ਕਿ ਪਾਸ਼ ਬਣਜਾਂ,
ਦਲੇਰੀ ਪਰ ਮੁੱਲ ਨਾ ਮਿਲੇ।
ਰੋਮੀ ਬਣ ਸਕਦਾ ਨਾ ਅਵਤਾਰ ਜੀ।
ਬੇੜੀ ਪੈਰਾਂ ਵਿੱਚ ਬੱਚਿਆਂ ਦੇ ਪਿਆਰ ਦੀ।
ਰਹਿੰਦਾ ਤੌਖਲਾ ਘੜਾਮੇਂ ਪਿੰਡ ਹੋਣ੍ਹ ਨਾ,
ਲੋਕਾਂ ਦੇ ਵਿੱਚ ਗੁੱਸੇ ਜਾਂ ਗਿਲੇ…..।
ਚਿੱਤ ਮੇਰਾ ਵੀ ਕਰੇ ਕਿ ਪਾਸ਼ ਬਣਜਾਂ,
ਦਲੇਰੀ ਪਰ ਮੁੱਲ ਨਾ ਮਿਲੇ।

ਰੋਮੀ ਘੜਾਮੇਂ ਵਾਲਾ।
98552-81105
(ਵਟਸਪ ਨੰ.)