
ਲੁਧਿਆਣਾ 10 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੀ.ਏ.ਯੂ. ਦੇ ਫਸਲ ਵਿਗਿਆਨ ਵਿਭਾਗ ਨੇ ਉੱਘੇ ਖੇਤੀ ਵਿਗਿਆਨੀ ਡਾ. ਹਰਦਿਆਲ ਸਿੰਘ ਗਿੱਲ ਦੀ ਯਾਦ ਵਿਚ ਵਿਸ਼ੇਸ਼ ਭਾਸ਼ਣ ਕਰਵਾਇਆ| ਇਸ ਮੌਕੇ ਮੀਂਹ ਤੇ ਅਧਾਰਿਤ ਖੇਤੀਬਾੜੀ ਦੀ ਉਤਪਾਦਕਤਾ ਵਧਾਉਣ ਲਈ ਸਥਿਰ ਖੇਤੀ ਤਕਨੀਕਾਂ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਡਾ. ਐੱਸ ਵੀ ਆਰ ਸ਼ੈਟੀ ਨੇ ਦਿੱਤਾ| ਜ਼ਿਕਰਯੋਗ ਹੈ ਕਿ ਡਾ. ਸ਼ੈਟੀ ਨੇ ਫੋਰਡ ਫਾਊਂਡੇਸ਼ਨ ਫੈਲੋਸ਼ਿਪ ਤਹਿਤ ਅਮਰੀਕਾ ਦੀ ਓਰੇਗਨ ਸਟੇਟ ਯੂਨੀਵਰਸਿਟੀ ਅਤੇ ਪੀ.ਏ.ਯੂ. ਤੋਂ 1973 ਵਿਚ ਨਦੀਨ ਵਿਗਿਆਨ ਵਿਚ ਪੀ ਐੱਚ ਡੀ ਹਾਸਲ ਕੀਤੀ ਸੀ| ਉਹਨਾਂ ਨੇ ਆਪਣਾ ਸਮੁੱਚਾ ਜੀਵਨ ਏਸ਼ੀਆ ਦੇ ਛੋਟੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਤਕਨਾਲੋਜੀਆਂ ਨਾਲ ਜੋੜਨ ਅਤੇ ਉਹਨਾਂ ਦਾ ਮੁਨਾਫ਼ਾ ਵਧਾਉਣ ਲਈ ਸਮਰਪਿਤ ਕੀਤਾ| ਇਹ ਜਾਣਕਾਰੀ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਸਮਾਗਮ ਵਿਚ ਮੌਜੂਦ ਮਾਹਿਰਾਂ ਅਤੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ|
ਡਾ. ਸ਼ੈਟੀ ਨੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਅੱਜ ਵੀ ਭਾਰਤ ਵਿਚ ਵਡੇਰੀ ਖੇਤੀ ਦੇ ਮੀਂਹ ਤੇ ਅਧਾਰਿਤ ਹੋਣ ਬਾਰੇ ਉਤੇਜਕ ਤੱਥ ਪੇਸ਼ ਕੀਤੇ| ਉਹਨਾਂ ਨੇ ਕਿਹਾ ਕਿ ਖੇਤੀ ਵਿਗਿਆਨ ਦੀਆਂ ਸਥਿਰ ਵਿਧੀਆਂ ਅਪਣਾ ਕੇ ਭਾਰਤ ਵਿਚ ਫਸਲੀ ਚੱਕਰ ਸੁਧਾਰਿਆ ਅਤੇ ਵੱਧ ਉਤਪਾਦਨ ਲਿਆ ਜਾ ਸਕਦਾ ਹੈ| ਇਸ ਦੌਰਾਨ ਉਹਨਾਂ ਨੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ, ਪਾਣੀ ਦੀ ਸੰਭਾਲ ਕਰਨ, ਰਸਾਇਣਾਂ ਉੱਤੇ ਨਿਰਭਰਤਾ ਘਟਾਉਣ ਅਤੇ ਕਿਸਾਨਾਂ ਦੀ ਆਰਥਿਕ ਸੁਰੱਖਿਆ ਸੰਬੰਧੀ ਗੱਲਬਾਤ ਕੀਤੀ| ਉਹਨਾਂ ਕਿਹਾ ਕਿ ਭਾਰਤ ਵਿਚ ਖੇਤੀ ਨੂੰ ਲੰਮੇ ਸਮੇਂ ਤੱਕ ਲਾਹੇਵੰਦ ਬਣਾਏ ਰੱਖਣ ਲਈ ਵਾਤਾਵਰਨ ਸੰਭਾਲ ਤਕਨੀਕਾਂ ਅਪਨਾਉਣੀਆਂ ਲਾਜ਼ਮੀ ਹਨ| ਇਸ ਦਿਸ਼ਾ ਵਿਚ ਆਧਨਿਕ ਖੇਤੀ ਵਿਗਿਆਨ ਅਪਣਾ ਕੇ ਸਥਿਰ ਨਦੀਨ ਪ੍ਰਬੰਧਨ ਦੇ ਰਸਤੇ ਤੁਰਿਆ ਜਾ ਸਕਦਾ ਹੈ|
ਇਸ ਭਾਸ਼ਣ ਦੌਰਾਨ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਪਿੰਦਰ ਸਿੰਘ ਕੁਲਾਰ, ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਲਾਲ ਸਿੰਘ ਬਰਾੜ, ਡਾ. ਜੇ ਐੱਸ ਸੰਧੂ, ਡਾ.ਯੂ ਐੱਸ ਵਾਲੀਆ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਵੀ ਮੌਜੂਦ ਸਨ| ਡਾ. ਜਸਪਿੰਦਰ ਸਿੰਘ ਕੁਲਾਰ ਨੇ ਆਪਣੀ ਟਿੱਪਣੀ ਵਿਚ ਨਦੀਨ ਵਿਗਿਆਨੀ ਦੇ ਤੌਰ ਤੇ ਡਾ. ਹਰਦਿਆਲ ਸਿੰਘ ਗਿੱਲ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ| ਡਾ. ਲਾਲ ਸਿੰਘ ਬਰਾੜ ਨੇ ਇਸ ਮੌਕੇ ਫਸਲਾਂ ਦਾ ਝਾੜ ਵਧਾਉਣ ਲਈ ਕਿਸਾਨਾਂ ਦੇ ਲਾਭ ਵਾਸਤੇ ਢੁੱਕਵੀਆਂ ਖਾਦਾਂ ਅਤੇ ਆਧੁਨਿਕ ਮਸ਼ੀਨਰੀ ਦੇ ਨਾਲ-ਨਾਲ ਨਦੀਨਾਂ ਦੀ ਰੋਕਥਾਮ ਦੇ ਵਿਗਿਆਨਕ ਤਰੀਕੇ ਅਪਨਾਉਣ ਉੱਪਰ ਜ਼ੋਰ ਦਿੱਤਾ| ਡਾ. ਚਰਨਜੀਤ ਸਿੰਘ ਔਲਖ ਨੇ ਵੀ ਸਮਾਰੋਹ ਨੂੰ ਸੰਬੋਧਨ ਕੀਤਾ|
ਇਸ ਸੈਸ਼ਨ ਦਾ ਆਯੋਜਨ ਡਾ. ਹਰਦਿਆਲ ਸਿੰਘ ਗਿੱਲ ਵਿਸ਼ੇਸ਼ਤਾ ਪ੍ਰੋਫੈਸਰ ਚੇਅਰ ਉੱਪਰ ਵਿਰਾਜਮਾਨ ਡਾ. ਸਿਮਰਜੀਤ ਕੌਰ ਨੇ ਕੀਤਾ| ਸਮਾਰੋਹ ਦੇ ਅੰਤ ਤੇ ਸ਼ਾਨਦਾਰ ਭਾਸ਼ਣ ਲਈ ਡਾ. ਸ਼ੈਟੀ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ|
