ਲੁਧਿਆਣਾ 10 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਬੀਤੇ ਦਿਨੀਂ ਉੱਘੇ ਭੋਜਨ ਮਾਹਿਰ ਅਤੇ ਪੀ.ਏ.ਯੂ. ਦੇ ਅੰਡਜੰਕਟ ਪ੍ਰੋਫੈਸਰ ਡਾ. ਜੀਵਨ ਸਿੰਘ ਸਿੱਧੂ ਦਾ ਵਿਸ਼ੇਸ਼ ਉਤਸ਼ਾਹੀ ਭਾਸ਼ਣ ਕਰਵਾਇਆ| ਇਸ ਭਾਸ਼ਣ ਦਾ ਵਿਸ਼ਾ ਉਹਨਾਂ ਵੱਲੋਂ ਅੱਧੀ ਸਦੀ ਦੇ ਦੌਰਾਨ ਭੋਜਨ ਵਿਗਿਆਨ, ਪੋਸ਼ਣ ਅਤੇ ਤਕਨਾਲੋਜੀ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਬਣਾਇਆ ਗਿਆ ਸੀ|
ਕੁਵੈਤ ਯੂਨੀਵਰਸਿਟੀ ਵਿਖੇ ਮਾਸਟਰਜ਼ ਪ੍ਰੋਗਰਾਮ ਦੇ ਨਿਰਦੇਸ਼ਕ ਡਾ. ਜੀਵਨ ਸਿੰਘ ਸਿੱਧੂ ਨੇ ਇਸ ਮੌਕੇ ਪੰਜ ਦਹਾਕਿਆਂ ਦੌਰਾਨ ਆਪਣੇ ਖੇਤਰ ਵਿਚ ਕੀਤੇ ਕੰਮਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ| ਉਹਨਾਂ ਨੇ ਆਪਣੇ ਖੋਜ ਅਤੇ ਅਕਾਦਮਿਕ ਕਾਰਜ ਦੇ ਨਾਲ-ਨਾਲ ਭੋਜਨ ਵਿਗਿਆਨ ਵਿਚ ਪਾਏ ਯੋਗਦਾਨ ਨੂੰ ਵਿਸ਼ੇਸ਼ ਤੌਰ ਤੇ ਉਭਾਰਿਆ| ਨਾਲ ਹੀ ਡਾ. ਸਿੱਧੂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਲਗਨ ਅਤੇ ਸਮਰਪਣ ਨਾਲ ਆਪਣੇ ਕਾਰਜ ਪ੍ਰਤੀ ਡੱਟੇ ਰਹਿਣ|
ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਇਸ ਸ਼ਾਨਦਾਰ ਭਾਸ਼ਣ ਲਈ ਮਹਿਮਾਨ ਬੁਲਾਰੇ ਦਾ ਧੰਨਵਾਦ ਕੀਤਾ| ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਇਸ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਲਗਾਤਾਰ ਜਾਰੀ ਰੱਖਣ ਲਈ ਵਿਭਾਗ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ| ਇਸ ਮੌਕੇ ਕਾਲਜ ਦੇ ਅਧਿਆਪਕਾਂ, ਖੋਜੀਆਂ ਅਤੇ ਵਿਦਿਆਰਥੀਆਂ ਨੇ ਭਰਪੂਰ ਮਿਕਦਾਰ ਵਿਚ ਇਸ ਭਾਸ਼ਣ ਦਾ ਹਿੱਸਾ ਬਣ ਕੇ ਮਾਣ ਹਾਸਲ ਕੀਤਾ|

