ਪੰਜਾਬ ਦੇ ਨੌਜਵਾਨੋ ਜ਼ਰਾ ਨਜ਼ਰ ਮਾਰਿਓ ਬਾਬਾ ਨਾਨਕ,ਬਾਬਾ ਫਰੀਦ, ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਵਾਰਸ ਸ਼ਾਹ ਵਰਗੇ ਮਹਾਂਪੁਰਸ਼ ਭਲਾ ਕਿਹੜੇ ਇਲਾਕੇ ਦੇ ਨੇ,ਕਿੱਥੋਂ ਦੇ ਨੇ? ਕਿਹਨਾਂ ਦੇ ਹਨ ? ਇਹਨਾਂ ਦੇ ਸ਼ਬਦ, ਇਹਨਾਂ ਦੇ ਅਖਾਣ, ਇਹਨਾਂ ਦੇ ਮਾਹਵਰੇ,ਇਹਨਾਂ ਦੀ ਬਾਣੀ,ਇਹਨਾਂ ਦੇ ਸਲੋਕ,ਇਹਨਾਂ ਦੀਆਂ ਰਚਨਾਵਾਂ ਕਿਹੜੀ ਬੋਲੀ ਵਿੱਚ ਹਨ ?
47 ਵਿੱਚ ਆਮ ਪੰਜਾਬੀਆਂ ਦੀਆਂ ਸਮਾਜਿਕ ਧਾਰਮਿਕ,ਸੱਭਿਆਚਾਰਕ ਭਾਵਨਾਵਾਂ ਨੂੰ ਦਰੜ ਕੇ ਮਨੂੰਵਾਦੀ ਲੀਡਰਾਂ ਨੇ ਅੰਗਰੇਜ਼ਾਂ ਨਾਲ਼ ਸਾਂਝ ਭਿਆਲੀ ਕਰਕੇ,ਧਾਰਮਿਕ ਦੰਗੇ ਭੜਕਾ ਕੇ ਭਾਰਤ ਦੇ ਪੰਜ ਦਰਿਆਵਾਂ ਵਾਲ਼ੇ ਪੰਜਾਬੀ ਹਿੱਸੇ ਨੂੰ ਬੁਰੀ ਤਰ੍ਹਾਂ ਵਿਚਾਲਿਓਂ ਵੱਢ ਸੁੱਟਿਆ। ਲੱਖਾਂ ਪੰਜਾਬਣਾਂ ਅਤੇ ਪੰਜਾਬੀਆਂ ਦੇ ਸੁਪਨੇ ਤਬਾਹ ਕਰ ਦਿੱਤੇ ਗਏ। ਸਾਂਝੇ ਪੰਜ ਦਰਿਆ ਵੰਡ ਦਿੱਤੇ ਗਏ। ਲੱਖਾਂ ਪੰਜਾਬੀਆਂ ਨੂੰ ਘਰੋਂ ਬੇਘਰ ਕਰ ਦਿੱਤਾ ਗਿਆ। ਲੱਖਾਂ ਪੰਜਾਬੀ ਔਰਤਾਂ ਦੀ ਇੱਜਤ ਨੀਲਾਮ ਹੋਈ, ਅਣਗਿਣਤ ਲੋਕ ਧਰਮ ਦਾ ਰੌਲਾ ਪਵਾ ਕੇ ਮਰਵਾ ਦਿੱਤੇ ਗਏ। ਪੰਜਾਬ ਦੀ ਮਾੜੀ ਕਿਸਮਤ ਕਿ ਓਸ ਵੇਲ਼ੇ ਦੇ ਦਲਾਲ ਪੰਜਾਬੀ ਸਿੱਖ ਲੀਡਰ ਪੰਡਤ ਨਹਿਰੂ ਵਰਗਿਆਂ ਤੋਂ ਪੁੱਛ ਕੇ ਫੈਸਲੇ ਲੈਣ ਲੱਗੇ ਪਰ ਪੰਜਾਬ ਦੀ ਇਤਿਹਾਸਕ ਚੜ੍ਹਤ ਨੂੰ ਬਚਾਉਣ ਵੱਲ ਨਾ ਹੋਏ। ਜਿਸ ਦਾ ਹਰਜਾਨਾ ਸਾਰੇ ਪੰਜਾਬੀਆਂ ਨੂੰ ਭਰਨਾ ਪੈ ਰਿਹਾ ਹੈ। ਆਪਣੇ ਵਡੇਰਿਆਂ ਨਾਲ਼ 47 ਦੀ ਗੱਲ ਕਰ ਕੇ ਵੇਖਣਾ ਕਿਵੇਂ ਉਹ ਧਾਹਾਂ ਮਾਰ ਉੱਠਦੇ ਨੇ । ਉਹ ਵਿਛੋੜਿਆਂ ਦੇ ਮਾਰੇ ਸਾਡੇ ਬਾਬੇ ਭਾਰਤ ਪਾਕ ਦੀ ਅਜਾਦੀ ਦੇ ਦਿਨ ਨੂੰ ਹੱਲਿਆਂ ਵੇਲ਼ਾ ਕਹਿੰਦੇ ਨੇ। ਅਜਾਦੀ ਦੀ ਦੁਰਵਰਤੋਂ ਤਾਂ ਮਨੂੰਵਾਦੀ ਫਿਰਕੇ ਦੇ ਜਾਤੀਵਾਦੀ ਲੀਡਰ ਲੋਕ ਕਰ ਰਹੇ ਨੇ। ਨਵੇਂ ਪੰਜਾਬ ਦਾ ਭੂਗੋਲਿਕ ਏਰੀਆ ਵੇਖ ਕੇ ਸੂਝਵਾਨ ਲੋਕ ਆਪਣੀ ਕਿਸਮਤ ਨੂੰ ਝੂਰਦੇ ਹਨ ਕਿ ਦੇਸ ਲਈ ਵੱਡੀਆਂ ਕੁਰਬਾਨੀਆਂ ਅਤੇ ਉਸਾਰੀਆਂ ਕਰਨ ਬਦਲੇ ਪੰਜਾਬੀਆਂ ਨੂੰ ਚਿੜੀ ਦੇ ਪਹੁੰਚੇ ਜਿੱਡਾ ਨਿੱਕਾ ਜਿਹਾ ਪੰਜਾਬ ਦੇ ਦਿੱਤਾ ਗਿਆ।
ਉੱਥੋਂ ਦਾ ਬਾਰ ਇਲਾਕਾ, ਝੰਗ, ਸਿਆਲ,ਨਨਕਾਣਾ ਸਾਹਿਬ, ਹੜੱਪਾ ਸ਼ਹਿਰ, ਲਾਹੌਰ ਸ਼ਹਿਰ ਛੱਡ ਕੇ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਵਿਚਕਾਰ ਲਾਸ਼ਾਂ ਉੱਤੇ ਬਾਰਡਰ ਉਸਰਦਾ ਦੇਖਦੇ ਆਏ ਬਜੁਰਗਾਂ ਨੂੰ ਹਾਲ ਪੁੱਛਿਓ ਬਈ ਕਿਵੇਂ ਉਹ ਆਪਣੀ ਜੰਮਣ ਭੋਂਇ ਨੂੰ ਧਾਹਾਂ ਮਾਰ ਕੇ ਰੋਂਦੇ ਕੁਰਲਾਉਂਦੇ ਹੋਏ ਛੱਡ ਆਏ। ਹੁਣ ਜਦੋਂ ਕਦੇ ਆਪਣੇ ਚੜ੍ਹਦੇ ਪੰਜਾਬ ਦੇ ਬਜੁਰਗਾਂ ਦੀ ਓਧਰ ਲਹਿੰਦੇ ਪੰਜਾਬ ਦੇ ਹਾਣੀਆਂ ਨਾਲ ਫੋਨ ‘ਤੇ ਗੱਲਬਾਤ ਹੁੰਦੀ ਆ ਤਾਂ ਉਹਨਾਂ ਦੇ ਦਿਲ ਦਾ ਦਰਦ ਅੱਖਾਂ ਦੇ ਕੋਇਆਂ ਵਿੱਚੋਂ ਡੁੱਲਦਾ ਦੇਖਦੇ ਹਾਂ। ਹੁਣ ਨਵੀਂ ਪਨੀਰੀ ਨੂੰ ਕੀ ਪਤਾ ਅਸਲ ਪੰਜਾਬੀਆਂ ਦੇ ਦਰਦਾਂ ਦੀ ਕੀ ਦਵਾ ਹੈ। ਫੋਨਾਂ ਦੀਆਂ ਰੀਲਾਂ ‘ਚ ਮਸਤ, ਫੁਕਰੇ ਸਿੰਗਰਾਂ ਦੀਆਂ ਜੱਭਲ਼ੀਆਂ ਸੁਣ ਕੇ ਸਾਹਿਤ,ਇਤਿਹਾਸ ਤੋਂ ਕੋਰੇ ਨੌਜਵਾਨ ਅਸਲ ਸੱਚਾਈ ਤੋਂ ਕੋਹਾਂ ਦੂਰ ਜਾ ਰਹੇ ਨੇ।
47 ਤੋਂ ਪਹਿਲਾਂ ਪੰਜਾਬ ਦੇ ਵੱਡੇ ਭੂਗੋਲਿਕ ਖਿੱਤੇ ਦਾ ਨਾਮ ਦੇਸ ਪੰਜਾਬ ਸੀ । ਬੋਲੀ ਸੀ,” ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ ਓਵੇਂ ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਈਓ।।”
ਅੰਮ੍ਰਿਤਾ ਪ੍ਰੀਤਮ ਨੇ ਕਿਹਾ,” ਅੱਜ ਆਖਾਂ ਵਾਰਸ ਸ਼ਾਹ ਨੂੰ ਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ਼।”
ਪ੍ਰੋ: ਮੋਹਨ ਸਿੰਘ ਨੇ ਕਿਹਾ,” ਐ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ।”
ਕਿਤੇ ਲਹਿੰਦੇ ਪੰਜਾਬ ਦੇ “ਆਮੀਨ ਮਲਕ” ਦੀਆਂ ਕਹਾਣੀਆਂ ਪੜ੍ਹ ਲੈਣਾ ਜਾਂ ਚੜ੍ਹਦੇ ਪੰਜਾਬ ਦੇ “ਸਾਂਵਲ ਧਾਮੀ” ਨੂੰ ਪੜ੍ਹ ਲੈਣਾ।
ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ ਵਿੱਚ ਡੋਗਰਿਆਂ ਦੀ ਗੱਦਾਰੀ ਕਾਰਨ ਸਿੱਖਾਂ ਦੀ ਹੋਈ ਹਾਰ ਤੋਂ ਬਾਅਦ ਜੋ ਦਰਦ ਭਰੇ ਕੀਰਨੇ ਪਾਏ ਅਗਰ ਸ਼ਾਹ ਮੁਹੰਮਦ 47 ਦੀ ਅਣਚਾਹੀ, ਵਿਛੋੜਿਆਂ ਮਾਰੀ ਵਤਨ ਦੀ ਵੰਡ ਨੂੰ ਵੇਖਦਾ ਤਾਂ ਵੀ ਦੁਬਾਰਾ ਇਸ ਤਰ੍ਹਾਂ ਹੀ ਦਰਦ ਲਿਖਦਾ,” ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਜੀ।”
ਲੇਖਕ- ਰਣਜੀਤ ਸਿੰਘ ਹਠੂਰ
9915513137